ਪੰਜਾਬ: ਪੈਲੇਸ ਨੇੜੇ ਲੱਗੀ ਭਿਆਨਕ ਅੱਗ! ਦੂਰ-ਦੂਰ ਤੱਕ ਉੱਠੀਆਂ ਅੱਗ ਦੀਆਂ ਲਪਟਾਂ, ਪਈਆਂ ਭਾਜੜਾਂ
Friday, Nov 27, 2026 - 03:33 PM (IST)
ਫਾਜ਼ਿਲਕਾ (ਕ੍ਰਿਸ਼ਨ)- ਫਾਜ਼ਿਲਕਾ 'ਚ ਸੈਲੀਬ੍ਰੇਸ਼ਨ ਪੈਲੇਸ ਦੇ ਬਿਲਕੁਲ ਸਾਹਮਣੇ ਸੜਕ ਕਿਨਾਰੇ ਪਈਆਂ ਝਾੜੀਆਂ ਅਤੇ ਕੂੜੇ-ਕਰਕਟ ਦੇ ਢੇਰਾਂ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਵੇਖਦੇ ਹੀ ਵੇਖਦੇ ਪੂਰੇ ਇਲਾਕੇ 'ਚ ਧੂੰਏਂ ਦਾ ਗੁਬਾਰ ਫੈਲ ਗਿਆ, ਜਿਸ ਕਾਰਨ ਨੇੜੇ ਦੇ ਲੋਕਾਂ ਅਤੇ ਰਾਹਗੀਰਾਂ 'ਚ ਹੜਕੰਪ ਮਚ ਗਿਆ। ਸੂਚਨਾ ਮਿਲਦੇ ਹੀ ਫਾਜ਼ਿਲਕਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ। ਮੌਕੇ 'ਤੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਇਹ ਸਾਰੀ ਘਟਨਾ ਸਾਹਮਣੇ ਸਥਿਤ ਸੈਲੀਬ੍ਰੇਸ਼ਨ ਪੈਲੇਸ 'ਚ ਚੱਲ ਰਹੇ ਸਮਾਗਮ ਦੌਰਾਨ ਕੀਤੀ ਗਈ ਆਤਿਸ਼ਬਾਜ਼ੀ ਕਾਰਨ ਵਾਪਰੀ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਫ਼ਿਲਮੀ ਸਟਾਈਲ 'ਚ ਵੱਡਾ ਐਨਕਾਊਂਟਰ! ਚੱਲੀਆਂ ਤਾੜ-ਤਾੜ ਗੋਲ਼ੀਆਂ, ਰਾਹ ਜਾਂਦੇ ਬੰਦੇ ਨੂੰ ਲੱਗੀ ਗੋਲ਼ੀ
ਇਕ ਸਥਾਨਕ ਵਿਅਕਤੀ ਨੇ ਦੱਸਿਆ ਕਿ ਸਮਾਗਮ 'ਚ ਸ਼ਾਮਲ ਲੋਕ ਪਿੱਛੋਂ ਹੀ ਲਗਾਤਾਰ ਪਟਾਕੇ ਚਲਾਉਂਦੇ ਹੋਏ ਆ ਰਹੇ ਸਨ। ਭਾਵੇਂ ਸਥਾਨਕ ਲੋਕਾਂ ਵੱਲੋਂ ਉਨ੍ਹਾਂ ਨੂੰ ਪਹਿਲਾਂ ਵੀ ਪਟਾਕੇ ਚਲਾਉਣ ਤੋਂ ਰੋਕਿਆ ਗਿਆ ਸੀ ਪਰ ਉਹ ਨਹੀਂ ਰੁਕੇ, ਜਿਸ ਕਾਰਨ ਚੰਗਿਆੜੀ ਡਿੱਗਣ ਨਾਲ ਇਹ ਭਿਆਨਕ ਅੱਗ ਭੜਕ ਉੱਠੀ। ਚਸ਼ਮਦੀਦ ਨੇ ਇਸ ਹਾਦਸੇ ਲਈ ਸਿੱਧੇ ਤੌਰ 'ਤੇ ਸੈਲੀਬ੍ਰੇਸ਼ਨ ਪੈਲੇਸ ਪ੍ਰਬੰਧਕਾਂ ਨੂੰ ਜ਼ਿੰਮੇਵਾਰ ਠਹਿਰਾਇਆ।

ਸਥਾਨਕ ਲੋਕਾਂ ਮੁਤਾਬਕ ਅੱਗ ਲੱਗੇ ਨੂੰ ਕਰੀਬ ਪੌਣੇ ਤੋਂ ਇਕ ਘੰਟਾ ਬੀਤ ਜਾਣ ਦੇ ਬਾਵਜੂਦ ਲਪਟਾਂ 'ਤੇ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਿਆ ਸੀ। ਅੱਗ ਸੜਕ ਕਿਨਾਰੇ ਲੱਗੇ ਬਿਜਲੀ ਦੇ ਖੰਭਿਆਂ ਦੇ ਬਿਲਕੁਲ ਨੇੜੇ ਹੋਣ ਕਾਰਨ ਵੱਡੇ ਹਾਦਸੇ ਦਾ ਖ਼ਤਰਾ ਬਣਿਆ ਰਿਹਾ। ਘਟਨਾ ਸਥਾਨ 'ਤੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ, ਜਦਕਿ ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਿਸ (ਫਾਜ਼ਿਲਕਾ) ਦੇ ਮੁਲਾਜ਼ਮਾਂ ਵੱਲੋਂ ਪਾਣੀ ਦੀਆਂ ਬੌਛਾਰਾਂ ਮਾਰ ਕੇ ਅੱਗ ਬੁਝਾਉਣ ਲਈ ਲਗਾਤਾਰ ਜੱਦੋ-ਜਹਿਦ ਕੀਤੀ ਗਈ।
ਇਹ ਵੀ ਪੜ੍ਹੋ: ਕਹਿਰ ਓ ਰੱਬਾ! ਚਾਰ ਧੀਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ, ਭਿਆਨਕ ਹਾਦਸੇ 'ਚ ਗਈ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
