ਹੁਣੇ-ਹੁਣੇ ਪੰਜਾਬ ''ਚ ਵੱਜੇ ''ਖ਼ਤਰੇ ਦੇ ਘੁੱਗੂ''! ਹੋ ਗਿਆ BLACKOUT
Friday, Nov 27, 2026 - 07:59 PM (IST)
ਚੰਡੀਗੜ੍ਹ (ਵੈੱਬ ਡੈਸਕ): ਪੰਜਾਬ ’ਚ ਹੁਣੇ ਹੁਣੇ ਏਅਰ ਸਾਇਰਨ ਵੱਜਣ ਮਗਰੋਂ ਬਲੈਕਆਊਟ ਹੋ ਗਿਆ ਹੈ। ਦਰਅਸਲ, ਸਿਵਲ ਡਿਫੈਂਸ ਦੀਆਂ ਤਿਆਰੀਆਂ ਅਤੇ ਹੰਗਾਮੀ ਸਥਿਤੀਆਂ ਨਾਲ ਨਜਿੱਠਣ ਦੀ ਸਮਰੱਥਾ ਪਰਖਣ ਲਈ ਸੂਬੇ ਦੇ ਸਾਰੇ ਜ਼ਿਲ੍ਹਿਆਂ ’ਚ ਏਅਰ ਰੇਡ ਅਤੇ ਬਲੈਕਆਊਟ ਦੀ ਮੌਕ ਡਰਿੱਲ ਕਰਵਾਈ ਜਾ ਰਹੀ ਹੈ। ਇਹ ਅਭਿਆਸ ਕੇਂਦਰੀ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ਅਨੁਸਾਰ ਕੀਤਾ ਜਾ ਰਿਹਾ ਹੈ। ਰਾਤ 8 ਵਜੇ ਮੌਕ ਡਰਿੱਲ ਦੀ ਸ਼ੁਰੂਆਤ ਖ਼ਤਰੇ ਨੂੰ ਦਰਸਾਉਣ ਵਾਲੀ ਦੋ ਮਿੰਟ ਤੱਕ ਉੱਚੀ-ਨੀਵੀਂ ਆਵਾਜ਼ ਵਾਲੇ ਸਾਇਰਨ ਨਾਲ ਕੀਤੀ ਗਈ ਹੈ।
ਜਾਣਕਾਰੀ ਮੁਤਾਬਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਨਿਰਧਾਰਤ ਇਲਾਕਿਆਂ ਵਿੱਚ 15 ਮਿੰਟ ਲਈ ਸੰਕੇਤਕ ਬਲੈਕਆਊਟ ਰਹੇਗਾ। ਚੰਡੀਗੜ੍ਹ ਵਿੱਚ ਇਹ ਅਭਿਆਸ ਸ਼ਾਮ 7 ਵਜੇ ਕੀਤਾ ਗਿਆ। ਇਸ ਦੌਰਾਨ ਅੱਗ ਬੁਝਾਉਣ, ਖੋਜ ਤੇ ਬਚਾਅ, ਫਸਟ ਏਡ, ਜ਼ਖ਼ਮੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਤੇ ਟ੍ਰੈਫਿਕ ਅਤੇ ਭੀੜ ਕੰਟਰੋਲ ਕਰਨ ਦਾ ਅਭਿਆਸ ਵੀ ਕੀਤਾ ਜਾਵੇਗਾ। ਇਸ ਦੌਰਾਨ ਹਸਪਤਾਲਾਂ ਅਤੇ ਹੋਰ ਜ਼ਰੂਰੀ ਸੇਵਾਵਾਂ ਦੀ ਬਿਜਲੀ ਸਪਲਾਈ ਆਮ ਵਾਂਗ ਚਾਲੂ ਰਹੇਗੀ ਪਰ ਲੋਕਾਂ ਦੇ ਘਰਾਂ ਦੀ ਸਪਲਾਈ ਬੰਦ ਰਹੇਗੀ।
ਇਸ ਦੌਰਾਨ ਡਿਪਟੀ ਕਮਿਸ਼ਨਰਾਂ ਵੱਲੋਂ ਨਿਰਧਾਰਤ ਇਲਾਕਿਆਂ ’ਚ ਬਲੈਕਆਊਟ ਕੀਤਾ ਜਾਵੇਗਾ। ਇਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਗੈਰ-ਜ਼ਰੂਰੀ ਲਾਈਟਾਂ ਬੰਦ ਰੱਖਣ ਦੀ ਹਦਾਇਤ ਕੀਤੀ ਗਈ ਹੈ, ਜਦੋਂ ਕਿ ਜ਼ਰੂਰੀ ਸੇਵਾਵਾਂ ਜਾਰੀ ਰਹਿਣਗੀਆਂ। ਅਭਿਆਸ ਦੀ ਸਮਾਪਤੀ ਦੋ ਮਿੰਟ ਤੱਕ ਲਗਾਤਾਰ ਸਾਇਰਨ ਵਜਾ ਕੇ ਦਿੱਤੇ ਜਾਣ ਵਾਲੇ ‘ਆਲ ਕਲੀਅਰ’ ਸੰਕੇਤ ਨਾਲ ਹੋਵੇਗੀ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਹ ਰੂਟੀਨ ਮੌਕ ਡਰਿੱਲ ਹੈ, ਇਸ ਲਈ ਸਾਇਰਨ ਸੁਣ ਕੇ ਘਬਰਾਉਣ ਦੀ ਲੋੜ ਨਹੀਂ ਹੈ।
