ਬੋਤਲਬੰਦ ਪਾਣੀ ਵੀ ਹੋ ਸਕਦਾ ਹੈ ਕੈਮੀਕਲਾਂ ਨਾਲ ਦੂਸ਼ਿਤ, ਲੰਬੇ ਸਮੇਂ ਤੱਕ ਸੇਵਨ ਸਿਹਤ ਲਈ ਖ਼ਤਰਨਾਕ

Saturday, Nov 28, 2026 - 01:35 AM (IST)

ਬੋਤਲਬੰਦ ਪਾਣੀ ਵੀ ਹੋ ਸਕਦਾ ਹੈ ਕੈਮੀਕਲਾਂ ਨਾਲ ਦੂਸ਼ਿਤ, ਲੰਬੇ ਸਮੇਂ ਤੱਕ ਸੇਵਨ ਸਿਹਤ ਲਈ ਖ਼ਤਰਨਾਕ

ਚੰਡੀਗੜ੍ਹ (ਪਾਲ) : ਬੋਤਲਬੰਦ ਪਾਣੀ ਨੂੰ ਲੋਕ ਅਕਸਰ ਸਾਫ਼ ਤੇ ਸੁਰੱਖਿਅਤ ਮੰਨ ਕੇ ਪੀਂਦੇ ਹਨ ਪਰ ਬੋਤਲ ’ਚ ਬੰਦ ਪਾਣੀ ਦਾ ਸਾਫ਼ ਦਿਖਣਾ ਇਸ ਦੇ ਪੂਰੀ ਤਰ੍ਹਾਂ ਸੁਰੱਖਿਅਤ ਹੋਣ ਦੀ ਗਾਰੰਟੀ ਨਹੀਂ ਹੈ। ਇਸ ’ਚ ਬ੍ਰੋਮੇਟ ਤੇ ਪੌਲੀਸਾਈਕਲਿਕ ਐਰੋਮੈਟਿਕ ਹਾਈਡ੍ਰੋਕਾਰਬਨ (ਪੀ.ਏ.ਐੱਚ.) ਵਰਗੇ ਹਾਨੀਕਾਰਕ ਰਸਾਇਣ ਮੌਜੂਦ ਹੋ ਸਕਦੇ ਹਨ। ਇਨ੍ਹਾਂ ਦੀ ਖ਼ਾਸ ਗੱਲ ਇਹ ਹੈ ਕਿ ਨਾ ਤਾਂ ਪਾਣੀ ਦਾ ਰੰਗ ਬਦਲਦਾ ਹੈ ਤੇ ਨਾ ਹੀ ਸਵਾਦ ਜਾਂ ਗੰਧ ਤੋਂ ਇਨ੍ਹਾਂ ਦੀ ਮੌਜੂਦਗੀ ਦਾ ਪਤਾ ਲੱਗਦਾ ਹੈ। ਇਨ੍ਹਾਂ ਰਸਾਇਣਾਂ ਦੀ ਨਿਰਧਾਰਤ ਹੱਦ ਤੋਂ ਵੱਧ ਮਾਤਰਾ ਦਾ ਲੰਬੇ ਸਮੇਂ ਤੱਕ ਸੇਵਨ ਸਿਹਤ ਲਈ ਖ਼ਤਰਾ ਵਧਾ ਸਕਦਾ ਹੈ। ਪੀ.ਜੀ.ਆਈ. ਸਕੂਲ ਆਫ਼ ਪਬਲਿਕ ਹੈਲਥ ਦੇ ਡਾ. ਸੋਨੂ ਗੋਇਲ ਮੁਤਾਬਕ ਇਨ੍ਹਾਂ ਰਸਾਇਣਾਂ ਦੀ ਘੱਟ ਮਾਤਰਾ ਦਾ ਕਦੇ-ਕਦਾਈਂ ਸੇਵਨ ਤੁਰੰਤ ਨੁਕਸਾਨ ਦਾ ਕਾਰਨ ਨਹੀਂ ਬਣਦਾ ਪਰ ਲੰਬੇ ਸਮੇਂ ਤੱਕ ਇਨ੍ਹਾਂ ਦੇ ਸੰਪਰਕ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਪਾਣੀ ਨੂੰ ਕੀਟਾਣੂ ਰਹਿਤ ਕਰਨ ਲਈ ਵਰਤੀ ਜਾਣ ਵਾਲੀ ਓਜ਼ੋਨ ਗੈਸ ਦੀ ਪਾਣੀ ’ਚ ਪਹਿਲਾਂ ਤੋਂ ਮੌਜੂਦ ਬ੍ਰੋਮਾਈਡ ਨਾਲ ਪ੍ਰਤੀਕਿਰਿਆ ਹੋਣ ਕਾਰਨ ਬ੍ਰੋਮੇਟ ਬਣ ਸਕਦਾ ਹੈ। ਇਸ ਦੀ ਮਾਤਰਾ ਪਾਣੀ ’ਚ ਬ੍ਰੋਮਾਈਡ ਦੀ ਮੌਜੂਦਗੀ, ਓਜ਼ੋਨ ਦੀ ਮਾਤਰਾ, ਪੀ.ਐੱਚ. ਤੇ ਹੋਰ ਰਸਾਇਣਕ ਸਥਿਤੀਆਂ ’ਤੇ ਨਿਰਭਰ ਕਰਦੀ ਹੈ। ਖੁਰਾਕ ਸੁਰੱਖਿਆ ਮਾਪਦੰਡਾਂ ਮੁਤਾਬਕ ਪੀਣ ਵਾਲੇ ਪਾਣੀ ’ਚ ਬ੍ਰੋਮੇਟ ਦੀ ਵੱਧ ਤੋਂ ਵੱਧ ਹੱਦ 10 ਮਾਈਕ੍ਰੋਗ੍ਰਾਮ ਪ੍ਰਤੀ ਲੀਟਰ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਦੀ ਰਿਪੋਰਟ ਮੁਤਾਬਕ ਓਜ਼ੋਨ ਨਾਲ ਟ੍ਰੀਟ ਕੀਤੇ ਪਾਣੀ ’ਚ ਵੱਖ-ਵੱਖ ਹਾਲਾਤਾਂ ਦੌਰਾਨ ਬ੍ਰੋਮੇਟ ਦੀ ਮਾਤਰਾ 2 ਮਾਈਕ੍ਰੋਗ੍ਰਾਮ ਤੋਂ ਘੱਟ ਤੋਂ ਲੈ ਕੇ 293 ਮਾਈਕ੍ਰੋਗ੍ਰਾਮ ਪ੍ਰਤੀ ਲੀਟਰ ਤੱਕ ਦਰਜ ਕੀਤੀ ਗਈ ਹੈ। ਇਕ ਵਾਰ ਬਣਨ ਤੋਂ ਬਾਅਦ ਇਸ ਨੂੰ ਪਾਣੀ ’ਚੋਂ ਹਟਾਉਣਾ ਮੁਸ਼ਕਲ ਹੁੰਦਾ ਹੈ, ਇਸ ਲਈ ਸਫ਼ਾਈ ਦੀ ਪ੍ਰਕਿਰਿਆ ਦੌਰਾਨ ਹੀ ਇਸ ਨੂੰ ਕੰਟਰੋਲ ਕਰਨਾ ਜ਼ਰੂਰੀ ਹੈ।

ਪੁਰਾਣੀਆਂ ਪਾਈਪਲਾਈਨਾਂ ਵੀ ਬਣ ਸਕਦੀਆਂ ਹਨ ਪੀ.ਏ.ਐੱਚ. ਦਾ ਸਰੋਤ
ਪੀ.ਏ.ਐੱਚ. ਕਈ ਰਸਾਇਣਾਂ ਦਾ ਸਮੂਹ ਹੈ, ਜੋ ਕੋਲਾ, ਤੇਲ, ਪੈਟਰੋਲ ਤੇ ਲੱਕੜ ਵਰਗੇ ਈਂਧਨਾਂ ਦੇ ਅਧੂਰੇ ਸੜਨ ਨਾਲ ਪੈਦਾ ਹੁੰਦੇ ਹਨ। ਉਦਯੋਗਿਕ ਪ੍ਰਦੂਸ਼ਣ ਤੇ ਵਾਤਾਵਰਨ ’ਚ ਮੌਜੂਦ ਦੂਸ਼ਿਤ ਤੱਤਾਂ ਰਾਹੀਂ ਇਹ ਪਾਣੀ ਤੱਕ ਪਹੁੰਚ ਸਕਦੇ ਹਨ। ਪੁਰਾਣੀਆਂ ਪਾਈਪਲਾਈਨਾਂ ’ਚ ਵਰਤੀਆਂ ਜਾਣ ਵਾਲੀਆਂ ਕੋਲਤਾਰ ਆਧਾਰਤ ਪਰਤਾਂ ਵੀ ਇਨ੍ਹਾਂ ਦਾ ਸਰੋਤ ਬਣ ਸਕਦੀਆਂ ਹਨ। ਇਸ ਸਮੂਹ ਦੇ ਕੁਝ ਰਸਾਇਣ ਸਿਹਤ ਲਈ ਵਧੇਰੇ ਖ਼ਤਰਨਾਕ ਹਨ। ਇਨ੍ਹਾਂ ’ਚ ਬੈਂਜ਼ੋ-ਏ-ਪਾਇਰੀਨ ਨੂੰ ਕੌਮਾਂਤਰੀ ਕੈਂਸਰ ਖੋਜ ਏਜੰਸੀ (ਆਈ.ਏ.ਆਰ.ਸੀ.) ਨੇ ਮਨੁੱਖਾਂ ’ਚ ਕੈਂਸਰ ਪੈਦਾ ਕਰਨ ਵਾਲੇ ਪਦਾਰਥਾਂ ’ਚ ਸ਼ਾਮਲ ਕੀਤਾ ਹੈ। ਹਾਲਾਂਕਿ ਪਾਣੀ ਦੇ ਕਿਸੇ ਨਮੂਨੇ ’ਚ ਪੀ.ਏ.ਐੱਚ. ਮਿਲਣ ਦਾ ਮਤਲਬ ਇਹ ਨਹੀਂ ਕਿ ਉਸ ਨੂੰ ਪੀਣ ਵਾਲੇ ਹਰ ਵਿਅਕਤੀ ਨੂੰ ਕੈਂਸਰ ਹੋਵੇਗਾ। ਖ਼ਤਰਾ ਰਸਾਇਣ ਦੀ ਮਾਤਰਾ ਤੇ ਸੰਪਰਕ ਦੀ ਮਿਆਦ ’ਤੇ ਨਿਰਭਰ ਕਰਦਾ ਹੈ।

ਬ੍ਰੋਮੇਟ ਨੂੰ ਵੀ ਸੰਭਾਵੀ ਕੈਂਸਰਕਾਰਕ ਮੰਨਿਆ
ਆਈ.ਏ.ਆਰ.ਸੀ. ਨੇ ਬ੍ਰੋਮੇਟ ਨੂੰ ਗਰੁੱਪ 2ਬੀ ’ਚ ਰੱਖਿਆ ਹੈ, ਜਿਸ ਦਾ ਮਤਲਬ ਹੈ ਕਿ ਇਸ ਨੂੰ ਸੰਭਾਵੀ ਤੌਰ ’ਤੇ ਮਨੁੱਖਾਂ ’ਚ ਕੈਂਸਰ ਪੈਦਾ ਕਰਨ ਵਾਲਾ ਮੰਨਿਆ ਜਾਂਦਾ ਹੈ। ਇਸ ਵਰਗੀਕਰਨ ਦਾ ਆਧਾਰ ਮੁੱਖ ਤੌਰ ’ਤੇ ਜਾਨਵਰਾਂ ’ਤੇ ਕੀਤੇ ਅਧਿਐਨ ਹਨ। ਇਨ੍ਹਾਂ ’ਚ ਵੱਧ ਮਾਤਰਾ ਤੇ ਲੰਬੇ ਸਮੇਂ ਤੱਕ ਸੰਪਰਕ ਕਾਰਨ ਸੈੱਲਾਂ ਦੇ ਡੀ.ਐੱਨ.ਏ. ਨੂੰ ਨੁਕਸਾਨ ਤੇ ਕੈਂਸਰ ਨਾਲ ਜੁੜੇ ਪ੍ਰਭਾਵ ਸਾਹਮਣੇ ਆਏ ਹਨ। ਮਨੁੱਖਾਂ ’ਚ ਇਸ ਦੇ ਪ੍ਰਭਾਵਾਂ ਬਾਰੇ ਸਬੂਤ ਅਜੇ ਸੀਮਤ ਹਨ। ਡਾ. ਗੋਇਲ ਮੁਤਾਬਕ ਬੱਚਿਆਂ, ਗਰਭਵਤੀਆਂ ਤੇ ਪਹਿਲਾਂ ਤੋਂ ਗੁਰਦਿਆਂ ਦੀ ਬਿਮਾਰੀ ਨਾਲ ਜੂਝ ਰਹੇ ਲੋਕਾਂ ਨੂੰ ਪਾਣੀ ਦੀ ਗੁਣਵੱਤਾ ਪ੍ਰਤੀ ਖ਼ਾਸ ਸਾਵਧਾਨੀ ਵਰਤਣੀ ਚਾਹੀਦੀ ਹੈ।

ਬੋਤਲਬੰਦ ਪਾਣੀ ਖ਼ਰੀਦਣ ਵੇਲੇ ਇਹ ਸਾਵਧਾਨੀਆਂ ਜ਼ਰੂਰੀ

  • ਪੈਕਡ ਪਾਣੀ ਖ਼ਰੀਦਣ ਸਮੇਂ ਐੱਫ.ਐੱਸ.ਐੱਸ.ਏ.ਆਈ. ਲਾਈਸੈਂਸ, ਨਿਰਮਾਤਾ ਦੀ ਜਾਣਕਾਰੀ, ਪੈਕਿੰਗ ਦੀ ਤਰੀਕ ਤੇ ਬੈਚ ਨੰਬਰ ਜ਼ਰੂਰ ਦੇਖਣਾ ਚਾਹੀਦਾ ਹੈ।
  • ਬੋਤਲਾਂ ਨੂੰ ਸਿੱਧੀ ਧੁੱਪ ਤੇ ਵੱਧ ਗਰਮੀ ’ਚ ਰੱਖਣ ਤੋਂ ਬਚਣਾ ਚਾਹੀਦਾ ਹੈ। ਘਰ ਜਾਂ ਬਾਹਰ ਪਾਣੀ ਸਟੋਰ ਕਰਨ ਲਈ ਕੱਚ ਜਾਂ ਸਟੀਲ ਦੀਆਂ ਬੋਤਲਾਂ ਨੂੰ ਤਰਜੀਹ ਦੇਣੀ ਬਿਹਤਰ ਹੈ।
  • ਨਲ ਦੇ ਪਾਣੀ ਦੀ ਸੁਰੱਖਿਆ ਨੂੰ ਲੈ ਕੇ ਸ਼ੱਕ ਹੋਣ ’ਤੇ ਸਥਾਨਕ ਜਲ ਸਪਲਾਈ ਵਿਭਾਗ ਤੋਂ ਜਾਣਕਾਰੀ ਲੈਣੀ ਤੇ ਲੋੜ ਮੁਤਾਬਕ ਪਾਣੀ ਦੀ ਜਾਂਚ ਕਰਵਾਉਣੀ ਚਾਹੀਦੀ ਹੈ।
  • ਪਾਣੀ ਦੀ ਸੁਰੱਖਿਆ ਸਿਰਫ਼ ਉਸ ਦੇ ਸਾਫ਼ ਦਿਖਣ ਨਾਲ ਨਹੀਂ, ਸਗੋਂ ਉਸ ਦੀ ਨਿਯਮਤ ਜਾਂਚ ਤੇ ਗੁਣਵੱਤਾ ਨਾਲ ਤੈਅ ਹੁੰਦੀ ਹੈ।

author

Inder Prajapati

Content Editor

Related News