ਪੰਜਾਬ ’ਚ ਨਾ ਤਾਂ ਕਦੇ ਖਾਲਿਸਤਾਨ ਬਣਿਆ ਹੈ ਤੇ ਨਾ ਹੀ ਕਦੇ ਬਣੇਗਾ : ਮਨਿੰਦਰਜੀਤ ਬਿੱਟਾ
Wednesday, Mar 02, 2022 - 09:02 AM (IST)
ਜਲੰਧਰ (ਅਨਿਲ ਪਾਹਵਾ) – ਆਲ ਇੰਡੀਆ ਐਂਟੀ ਟੈਰੇਰਿਸਟ ਫਰੰਟ ਦੇ ਮੁਖੀ ਮਨਿੰਦਰਜੀਤ ਸਿੰਘ ਬਿੱਟਾ ਨੇ ਕਿਹਾ ਕਿ ਪੰਜਾਬ ’ਚ ਨਾ ਤਾਂ ਕਦੇ ਖਾਲਿਸਤਾਨ ਬਣਿਆ ਹੈ ਤੇ ਨਾ ਹੀ ਕਦੇ ਬਣੇਗਾ। ਜੋ ਲੋਕ ਪੰਜਾਬ ਨੂੰ ਖਾਲਿਸਤਾਨ ਬਣਾਉਣ ਦਾ ਸੁਫ਼ਨਾ ਦੇਖ ਰਹੇ ਹਨ, ਉਨ੍ਹਾਂ ਨੂੰ ਕੁਝ ਹਾਸਲ ਨਹੀਂ ਹੋਵੇਗਾ। ਬਿੱਟਾ ਨੇ ਇਕ ਪ੍ਰੋਗਰਾਮ ਦੌਰਾਨ ‘ਗੀਤਾ ਨੂੰ ਭੁਲਾਉਣਾ ਹੈ, ਖਾਲਿਸਤਾਨ ਬਣਾਉਣਾ ਹੈ’ ਦੇ ਨਾਅਰਿਆਂ ’ਤੇ ਤਿੱਖੀ ਟਿੱਪਣੀ ਕੀਤੀ। ਬਿੱਟਾ ਨੇ ਕਿਹਾ ਕਿ ਪੰਜਾਬ ਦਾ ਹਿੰਦੂ ਕਦੇ ਵੀ ਖੁਦ ਨੂੰ ਸਿੱਖ ਧਰਮ ਤੋਂ ਵੱਖ ਨਹੀਂ ਸਮਝਦਾ। ਸਿੱਖ ਧਰਮ ’ਚ ਕਦੇ ਵੀ ਜੇਕਰ ਬੇਅਦਬੀ ਹੋਈ ਹੈ ਤਾਂ ਹਿੰਦੂਆਂ ਨੂੰ ਵੀ ਓਨਾ ਹੀ ਦਰਦ ਹੋਇਆ ਹੈ, ਜਿੰਨਾ ਸਿੱਖਾਂ ਨੂੰ। ਫਿਰ ਇਸ ਤਰ੍ਹਾਂ ਦੇ ਨਾਅਰੇ ਲਗਾ ਕੇ ਕੁਝ ਲੋਕ ਸਿਰਫ ਸੂਬੇ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ ਪਰ ਹੁਣ ਅਜਿਹਾ ਨਹੀਂ ਹੋਵੇਗਾ।
ਪੜ੍ਹੋ ਇਹ ਵੀ ਖ਼ਬਰ - ਯੂਕ੍ਰੇਨ ’ਚ ਫਸੇ ਕਾਦੀਆਂ ਦੇ ਚਾਹਤ ਤੇ ਗੁਰਪ੍ਰਤਾਪ ਸਿੰਘ, ਦੱਸੀਆਂ ਦਿਲ ਨੂੰ ਝੰਜੋੜ ਦੇਣ ਵਾਲੀਆਂ ਇਹ ਗੱਲਾਂ
ਯੂਕ੍ਰੇਨ ’ਚ ਵੀ ਤਿਰੰਗਾ
ਰੂਸ ਵਲੋਂ ਯੂਕ੍ਰੇਨ ’ਤੇ ਕੀਤੇ ਗਏ ਹਮਲੇ ਦੌਰਾਨ ਉੱਥੇ ਕਈ ਭਾਰਤੀ ਵਿਦਿਆਰਥੀ ਫਸੇ ਹੋਏ ਹਨ। ਇਸ ਮਸਲੇ ’ਤੇ ਬੋਲਦੇ ਹੋਏ ਬਿੱਟਾ ਨੇ ਕਿਹਾ ਕਿ ਇਹ ਬੜੇ ਫਖਰ ਦੀ ਗੱਲ ਹੈ ਕਿ ਯੂਕ੍ਰੇਨ ’ਚ ਵੀ ਜਿਨ੍ਹਾਂ ਬੱਸਾਂ ’ਤੇ ਤਿਰੰਗੇ ਲੱਗੇ ਹਨ, ਉਨ੍ਹਾਂ ’ਤੇ ਨਾ ਤਾਂ ਗੋਲੀਬਾਰੀ ਹੋ ਰਹੀ ਹੈ ਅਤੇ ਨਾ ਹੀ ਬੰਬ ਡੇਗੇ ਜਾ ਰਹੇ ਹਨ। ਦੂਜੇ ਪਾਸੇ ਇਕ ਵੀਡੀਓ ਜੋ ਵਾਇਰਲ ਹੋ ਰਹੀ ਹੈ, ਉਸ ’ਚ ਪਾਕਿਸਤਾਨ ਦੀ ਇਕ ਕੁੜੀ ਸਾਫ ਕਹਿ ਰਹੀ ਹੈ ਕਿ ਭਾਰਤੀ ਵਿਦਿਆਰਥੀਆਂ ਨੂੰ ਅੱਗੇ ਜਾਣ ਦਿੱਤਾ ਜਾ ਰਿਹਾ ਹੈ ਪਰ ਉਸ ਨੂੰ ਨਹੀਂ ਦਿੱਤਾ ਜਾ ਰਿਹਾ। ਯੂਕ੍ਰੇਨ ’ਚ ਫਸੇ ਵਿਦਿਆਰਥੀਆਂ ਨੂੰ ਲਿਆਉਣ ਲਈ ਭਾਰਤ ਦਾ ਪੂਰਾ ਅਮਲਾ ਜੁਟ ਗਿਆ ਹੈ। ਇਸ ਮਾਮਲੇ ’ਚ ਕਿਸੇ ਤਰ੍ਹਾਂ ਦੀ ਸਿਆਸਤ ਨਹੀਂ ਹੋਣੀ ਚਾਹੀਦੀ।
ਪੜ੍ਹੋ ਇਹ ਵੀ ਖ਼ਬਰ - ਯੂਕ੍ਰੇਨ ’ਚ ਫਸੇ ਪੰਜਾਬੀ ਬੱਚੇ ਜਾਣੋ ਕਿਨ੍ਹਾਂ ਮੁਸ਼ਕਲਾਂ ਦਾ ਕਰ ਰਹੇ ਨੇ ਸਾਹਮਣਾ, ਨਹੀਂ ਮਿਲ ਰਿਹਾ ਖਾਣ ਨੂੰ ਕੁਝ
ਵਿਦੇਸ਼ਾਂ ’ਚ ਭਾਰਤ ਦੀ ਮੁਖਾਲਫਤ
ਕੁਝ ਸੰਗਠਨਾਂ ਵਲੋਂ ਵਿਦੇਸ਼ਾਂ ’ਚ ਬੈਠ ਕੇ ਭਾਰਤ ਖ਼ਿਲਾਫ਼ ਟਿੱਪਣੀਆਂ ਕੀਤੇ ਜਾਣ ’ਤੇ ਬਿੱਟਾ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਇਕ ਉਹ ਲੋਕ ਹਨ ਜੋ ਯੂਕ੍ਰੇਨ ’ਚ ਭੁੱਖੇ-ਪਿਆਸੇ ਲੋਕਾਂ ਲਈ ਲੰਗਰ ਦਾ ਪ੍ਰਬੰਧ ਕਰ ਰਹੇ ਹਨ ਤੇ ਉਥੇ ਕੁਝ ਅਜਿਹੇ ਲੋਕ ਵੀ ਹਨ, ਜੋ ਕਦੇ ਭਾਰਤ ਦੀ ਤਾਰੀਫ਼ ਨਹੀਂ ਕਰ ਸਕਦੇ। ਅਜਿਹੇ ਲੋਕਾਂ ਨਾਲ ਦੇਸ਼ ਨੂੰ ਕੋਈ ਫਰਕ ਨਹੀਂ ਪੈਂਦਾ, ਸਗੋਂ ਦੇਸ਼ ਹੋਰ ਮਜ਼ਬੂਤ ਹੁੰਦਾ ਹੈ। ਭਾਰਤ ਦੇ ਲੋਕਾਂ ਨੂੰ ਵਿਦੇਸ਼ਾਂ ’ਚ ਬੈਠੇ ਅਜਿਹੇ ਲੋਕਾਂ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ। ਉਨ੍ਹਾਂ ਨੇ ਕਿਹਾ ਕਿ ਸਿੱਖ ਧਰਮ ਦੀ ਸਥਾਪਨਾ ਮਨੁੱਖਤਾ ਦੀ ਰੱਖਿਆ ਲਈ ਕੀਤੀ ਗਈ ਸੀ ਅਤੇ ਸਿੱਖ ਗੁਰੂਆਂ ਨੇ ਪੂਰੇ ਭਾਰਤ ਦੀ ਰੱਖਿਆ ਲਈ ਸ਼ਹਾਦਤਾਂ ਦਿੱਤੀਆਂ ਹਨ।
ਮਾਹੌਲ ਖਰਾਬ ਕਰਨ ਦੀ ਸਾਜ਼ਿਸ਼
ਪੰਜਾਬ ਦੇ ਮਾਹੌਲ ’ਤੇ ਬੋਲਦੇ ਹੋਏ ਬਿੱਟਾ ਨੇ ਕਿਹਾ ਕਿ ਪੰਜਾਬ ਦੇ ਲੋਕ ਅਮਨ-ਸ਼ਾਂਤੀ ਪਸੰਦ ਲੋਕ ਹਨ ਪਰ ਕੁਝ ਲੋਕ ਇਥੋਂ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ। ਗੀਤਾ ’ਤੇ ਟਿੱਪਣੀ ਅਤੇ ਖਾਲਿਸਤਾਨ ਬਣਾਉਣ ਦੇ ਨਾਅਰੇ ਅਜਿਹੇ ਲੋਕਾਂ ਦੀਆਂ ਚਾਲਾਂ ਹਨ, ਜੋ ਮਾਹੌਲ ਖਰਾਬ ਕਰਨਾ ਚਾਹੁੰਦੇ ਹੈ। ਉਨ੍ਹਾਂ ਕਿਹਾ ਕਿ 36000 ਬੇਗੁਨਾਹ ਲੋਕ ਪੰਜਾਬ ’ਚ ਮਾਰੇ ਗਏ ਪਰ ਉਨ੍ਹਾਂ ਦੀ ਕੋਈ ਗੱਲ ਨਹੀਂ ਕਰਦਾ। ਪੰਜਾਬ ’ਚ ਸਿਰਫ ਵੋਟ ਦੀ ਸਿਆਸਤ ਹੋ ਰਹੀ ਹੈ ਪਰ ਆਮ ਜਨਤਾ ਬਾਰੇ ਕੋਈ ਨਹੀਂ ਸੋਚਦਾ। ਇਸ ਵੋਟ ਦੀ ਸਿਆਸਤ ਨੇ ਹੀ ਸੂਬੇ ਦੀ ਹਾਲਤ ਪਤਲੀ ਕਰ ਦਿੱਤੀ ਹੈ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਕਤਲ ਦੀ ਵੱਡੀ ਵਾਰਦਾਤ: ਪੁਰਾਣੀ ਰੰਜਿਸ਼ ਨੂੰ ਲੈ ਕੇ ਨੌਜਵਾਨ ’ਤੇ ਚਲਾਈਆਂ ਤਾਬੜਤੋੜ ਗੋਲੀਆਂ
ਪੀ. ਐੱਮ. ਦੀ ਸੁਰੱਖਿਆ ਮਾਮਲਾ
ਫਿਰੋਜ਼ਪੁਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੌਰਾਨ ਉਨ੍ਹਾਂ ਦੀ ਸੁਰੱਖਿਆ ’ਚ ਲਾਪ੍ਰਵਾਹੀ ਦੇ ਮੁੱਦੇ ’ਤੇ ਬਿੱਟਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਸਭ ਤੋਂ ਉਪਰ ਹੈ। ਪ੍ਰਧਾਨ ਮੰਤਰੀ ਕੋਈ ਵੀ ਹੋਵੇ, ਇਹ ਇਕ ਪ੍ਰੋਟੋਕਾਲ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਸਵ. ਰਾਜੀਵ ਗਾਂਧੀ ਸ਼ਹੀਦ ਹੋਏ ਤਾਂ ਉਸ ਤੋਂ ਬਾਅਦ ਦੰਗਿਆਂ ਦਾ ਦਰਦ ਅੱਜ ਤਕ ਕੋਈ ਨਹੀਂ ਭੁੱਲਿਆ ਹੈ। ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੋਈ ਹਾਦਸਾ ਹੋ ਜਾਂਦਾ ਹੈ ਅਤੇ ਉਸ ਤੋਂ ਬਾਅਦ ਦੰਗੇ ਹੁੰਦੇ ਤਾਂ ਸ਼ਾਇਦ ਸਥਿਤੀ ਬਹੁਤ ਖਰਾਬ ਹੁੰਦੀ।
ਸ੍ਰੀ ਹਰਿਮੰਦਰ ਸਾਹਿਬ ’ਚ ਬੇਅਦਬੀ ਦਾ ਮਾਮਲਾ
ਸ੍ਰੀ ਹਰਿਮੰਦਰ ਸਾਹਿਬ ’ਚ ਬੇਅਦਬੀ ਦੇ ਮਾਮਲੇ ’ਤੇ ਬਿੱਟਾ ਨੇ ਕਿਹਾ ਕਿ ਇਹ ਇਕ ਅਜਿਹੀ ਘਟਨਾ ਸੀ, ਜਿਸ ਨੂੰ ਸਾਰਿਆਂ ਨੇ ਸਾਹਮਣੇ ਦੇਖਿਆ। ਸਿਰਫਿਰੇ ਕਾਫਿਰ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਪਰ ਦੁੱਖ ਦੀ ਗੱਲ ਹੈ ਕਿ 10 ਦਿਨ ਦੇ ਅੰਦਰ ਹੀ ਅਸੀਂ ਸਾਰੇ ਇਸ ਨੂੰ ਭੁੱਲ ਗਏ। ਸਿੱਖੀ ਅਤੇ ਖਾਲਿਸਤਾਨ ਦੀਆਂ ਗੱਲਾਂ ਕਰਨ ਵਾਲੇ ਵੀ ਆਪਣੇ ਗੁਰੂ ਦੀ ਬੇਅਦਬੀ ’ਤੇ ਖਾਮੋਸ਼ ਰਹੇ। ਜੇਕਰ ਸਹੀ ’ਚ ਇਸ ਘਟਨਾਕ੍ਰਮ ਤੋਂ ਬਾਅਦ ਦਿਲਾਂ ’ਚ ਦਰਦ ਸੀ ਤਾਂ ਸਿੱਖ ਸਮਾਜ ਨੂੰ ਸੂਬੇ ’ਚ ਚੋਣਾਂ ਦਾ ਬਾਈਕਾਟ ਕਰਨਾ ਚਾਹੀਦਾ ਸੀ ਅਤੇ ਵਿਰੋਧ ਜਤਾਉਂਦੇ ਕਿ ਜਦੋਂ ਤਕ ਬੇਅਦਬੀ ਲਈ ਸਾਜਿਸ਼ ਰਚਣ ਵਾਲੇ ਅਸਲੀ ਜ਼ਿੰਮੇਵਾਰ ਲੋਕ ਫੜੇ ਨਹੀਂ ਜਾਂਦੇ, ਉਦੋਂ ਤਕ ਸਿੱਖ ਸਮਾਜ ਵੋਟ ਨਹੀਂ ਕਰੇਗਾ। ਕਮੇਟੀਆਂ ਦੇ ਗਠਨ ਨਾਲ ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ, ਨਾ ਤਾਂ ਇਸ ਮੁੱਦੇ ਨੂੰ ਕਿਸੇ ਨੇ ਚੁੱਕਿਆ ਅਤੇ ਨਾ ਹੀ ਸਿਆਸੀ ਪਾਰਟੀਆਂ ਨੇ ਇਸ ਮਾਮਲੇ ’ਤੇ ਗੱਲ ਕੀਤੀ।
ਪੜ੍ਹੋ ਇਹ ਵੀ ਖ਼ਬਰ - ਦਾਜ ਦੇ ਲਾਲਚੀ ਪਤੀ ਨੇ ਪਤਨੀ ਦੇ ਗੁਪਤ ਅੰਗ ’ਤੇ ਸੁੱਟਿਆ ਤੇਜ਼ਾਬ, 1 ਮਹੀਨਾ ਪਹਿਲਾ ਹੋਇਆ ਸੀ ਵਿਆਹ
ਜਾਖੜ ਦੇ ਦਰਦ ’ਤੇ ਸਵਾਲ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਹਿੰਦੂ ਸੀ. ਐੱਮ. ਦੀ ਗੱਲ ’ਤੇ ਬਿੱਟਾ ਨੇ ਕਿਹਾ ਕਿ ਜਾਖੜ ਦਾ ਹਿੰਦੂ-ਸਿੱਖ ਕਾਰਡ ਖੇਡਣਾ ਹੀ ਗਲਤ ਹੈ। ਉਨ੍ਹਾਂ ਕਿਹਾ ਕਿ ਉਹ ਜਾਖੜ ਦੀ ਇਸ ਟਿੱਪਣੀ ਨਾਲ ਸਹਿਮਤ ਨਹੀਂ ਹੈ। ਉਨ੍ਹਾਂ ਕਹਾ ਕਿ ਕੋਈ ਫਰਕ ਨਹੀਂ ਪੈਂਦਾ ਕਿ ਸੀ. ਐੱਮ. ਹਿੰਦੂ ਬਣੇ ਜਾਂ ਸਿੱਖ। ਬਸ ਸੂਬੇ ’ਚ ਵਿਕਾਸ ਹੋਣਾ ਚਾਹੀਦਾ ਹੈ ਅਤੇ ਸ਼ਾਂਤੀ ਦਾ ਮਾਹੌਲ ਬਣਿਆ ਰਹਿਣਾ ਚਾਹੀਦਾ ਹੈ।
ਕਿਸਾਨ ਅੰਦੋਲਨਕਾਰੀਆਂ ’ਤੇ ਸਵਾਲ
ਮਨਿੰਦਰਜੀਤ ਸਿੰਘ ਬਿੱਟਾ ਨੇ ਕਿਸਾਨ ਅੰਦੋਲਨ ਨੂੰ ਤਾਂ ਜਾਇਜ਼ ਕਿਹਾ ਅਤੇ ਕਿਹਾ ਕਿ ਅੰਦੋਲਨ ਹੁੰਦੇ ਰਹਿੰਦੇ ਹਨ ਪਰ ਅੰਦੋਲਨ ਦੀ ਆੜ ’ਚ ਕੁਝ ਅੰਦੋਲਨਕਾਰੀਆਂ ਵਲੋਂ ਤਿਰੰਗੇ ਦਾ ਅਪਮਾਨ ਕੀਤੇ ਜਾਣ ’ਤੇ ਉਨ੍ਹਾਂ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਜੇਕਰ ਤਿਰੰਗੇ ਦਾ ਅਪਮਾਨ ਹੋਇਆ ਤਾਂ ਉਸ ਦੇ ਲਈ ਅੰਦੋਲਨ ਦਾ ਆਯੋਜਨ ਕਰਨ ਵਾਲੇ ਹੀ ਜ਼ਿੰਮੇਵਾਰ ਹਨ। ਦੇਸ਼ ਖਿਲਾਫ ਵੀ ਜੋ ਨਾਅਰੇ ਅੰਦੋਲਨ ’ਚ ਸੁਣਨ ਨੂੰ ਮਿਲੇ, ਉਸ ਲਈ ਵੀ ਇਹੀ ਲੋਕ ਜ਼ਿੰਮੇਵਾਰ ਹਨ। ਰਾਜੇਵਾਲ ਅਤੇ ਚੜੂਨੀ ’ਤੇ ਵਰ੍ਹਦੇ ਹੋਏ ਬਿੱਟਾ ਨੇ ਕਿਹਾ ਕਿ ਅੰਦੋਲਨਕਾਰੀ ਕਦੋਂ ਤੋਂ ਸਿਆਸਤਦਾਨ ਬਣ ਗਏ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ’ਚ ਸ਼ਹੀਦ ਹੋਏ ਕਿਸਾਨਾਂ ਦੇ ਨਾਲ-ਨਾਲ ਆਮ ਕਿਸਾਨ ਵਰਗ ਨਾਲ ਵੀ ਰਾਜੇਵਾਲ ਅਤੇ ਚੜੂਨੀ ਨੇ ਧੋਖਾ ਕੀਤਾ ਹੈ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਸ਼ਰਮਨਾਕ ਘਟਨਾ: ਦਫ਼ਨਾਉਣ ਦੀ ਥਾਂ ਪਿਤਾ ਨੇ ਕੂੜੇ ’ਚ ਸੁੱਟਿਆ ਨਵਜਾਤ ਮ੍ਰਿਤਕ ਬੱਚਾ, ਇੰਝ ਲੱਗਾ ਪਤਾ
ਪੰਨੂ ’ਤੇ ਖੜ੍ਹੇ ਕੀਤੇ ਸਵਾਲ :
ਮਨਿੰਦਰਜੀਤ ਸਿੰਘ ਬਿੱਟਾ ਨੇ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ’ਤੇ ਤਿੱਖੇ ਸਵਾਲ ਖੜ੍ਹੇ ਕੀਤੇ। ਨਾ ਤਾਂ ਉਸ ਨੇ ਪਗੜੀ ਬੰਨ੍ਹੀ ਹੈ ਅਤੇ ਨਾ ਹੀ ਸਿੱਖ ਭਾਈਚਾਰੇ ਦੀ ਪਛਾਣ ਦੇ ਤੌਰ ’ਤੇ ਦਾੜ੍ਹੀ ਰੱਖੀ ਹੈ, ਜਦੋਂਕਿ ਗੱਲਾਂ ਉਹ ਸਿੱਖ ਧਰਮ ਦੀਆਂ ਕਰਦਾ ਹੈ। ਬਿੱਟਾ ਨੇ ਕਿਹਾ ਕਿ ਪੰਨੂ ਚੀਨ ਵਰਗੇ ਦੇਸ਼ ਦੀਆਂ ਤਾਰੀਫਾਂ ਕਰ ਰਿਹਾ ਹੈ ਅਤੇ ਭਾਰਤ ਦਾ ਵਿਰੋਧ ਕਰ ਰਿਹਾ ਹੈ। ਇਹ ਸਿਰਫ ਉਸ ਦੀ ਛੋਟੀ ਸੋਚ ਦਾ ਨਤੀਜਾ ਹੈ। ਨਨਕਾਣਾ ਸਾਹਿਬ ਦੇ ਅਪਮਾਨ ਦਾ ਮਾਮਲਾ ਹੋਵੇ, ਮਹਾਰਾਣਾ ਰਣਜੀਤ ਸਿੰਘ ਦੀ ਮੂਰਤੀ ਦਾ ਅਪਮਾਨ ਹੋਵੇ, ਸ਼੍ਰੀਨਗਰ ’ਚ ਪ੍ਰਿੰਸੀਪਲ ਦੀ ਸ਼ਹਾਦਤ ਹੋਵੇ ਜਾਂ ਕੰਧਾਰ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਹੋਵੇ, ਇਨ੍ਹਾਂ ਮੁੱਦਿਆਂ ’ਤੇ ਤਾਂ ਪੰਨੂ ਕਦੇ ਬੋਲਦਾ ਨਹੀਂ ਅਤੇ ਗੱਲਾਂ ਉਹ ਖਾਲਿਸਤਾਨ ਬਣਾਉਣ ਦੀਆਂ ਕਰਦਾ ਹੈ। ਪਰਮਜੀਤ ਸਿੰਘ ਪੰਜਵੜ ’ਤੇ ਨਿਸ਼ਾਨਾ ਸਾਧਦੇ ਹੋਏ ਬਿੱਟਾ ਨੇ ਕਿਹਾ ਕਿ ਉਹ ਪਾਕਿਸਤਾਨ ਦੇ ਟੁਕੜਿਆਂ ’ਤੇ ਪਲ ਰਿਹਾ ਹੈ ਅਤੇ ਦੂਜੇ ਦੇਸ਼ਾਂ ’ਚ ਜਿੱਥੇ ਸਿੱਖ ਧਰਮ ਦੀ ਬੇਅਦਬੀ ਹੁੁੰਦੀ ਹੈ, ਉਨ੍ਹਾਂ ਮੁੱਦਿਆਂ ’ਤੇ ਖਾਮੋਸ਼ ਰਹਿੰਦਾ ਹੈ।
ਪੜ੍ਹੋ ਇਹ ਵੀ ਖ਼ਬਰ - ਪ੍ਰੇਮਿਕਾ ਦੀ ਵਿਆਹ ਕਰਵਾਉਣ ਦੀ ਜ਼ਿੱਦ ਤੋਂ ਦੁੱਖੀ ਮੁੰਡੇ ਨੇ ਮੌਤ ਨੂੰ ਲਾਇਆ ਗਲ, ਰੋ-ਰੋ ਹਾਲੋ-ਬੇਹਾਲ ਹੋਈ ਮਾਂ