ਹਵਾ, ਪਾਣੀ ਤੇ ਮਿੱਟੀ ਨਾਲ ਜੁੜੇ ਪੰਜਾਬ ਦੇ ਮੁੱਦਿਆਂ ਨੂੰ ਸੰਸਦ 'ਚ ਪ੍ਰਮੁੱਖਤਾ ਨਾਲ ਚੁੱਕਾਂਗਾ : ਸੰਤ ਸੀਚੇਵਾਲ
Saturday, Jul 09, 2022 - 12:34 AM (IST)
ਨਵੀਂ ਦਿੱਲੀ : ਪੰਜਾਬ ਦੇ ਨਵੇਂ ਚੁਣੇ ਗਏ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਆਪਣੇ ਅਹੁਦੇ ਦਾ ਭੇਤ ਗੁਪਤ ਰੱਖਣ ਦੀ ਸਹੁੰ ਮਾਂ-ਬੋਲੀ ਪੰਜਾਬੀ 'ਚ ਚੁੱਕੀ। ਰਾਜ ਸਭਾ ਦੇ ਚੇਅਰਮੈਨ ਤੇ ਦੇਸ਼ ਦੇ ਉਪ ਰਾਸ਼ਟਰਪਤੀ ਐੱਮ. ਵੈਕਈਆ ਨਾਇਡੂ ਨੇ ਸੰਤ ਸੀਚੇਵਾਲ ਨੂੰ ਆਪਣੇ ਚੈਂਬਰ ਵਿੱਚ ਸਹੁੰ ਚੁਕਾਈ। ਸੰਤ ਸੀਚੇਵਾਲ ਨੂੰ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਬਣਾਇਆ ਸੀ ਤੇ ਉਹ ਨਿਰਵਿਰੋਧ ਚੁਣੇ ਗਏ ਸਨ। ਸਹੁੰ ਚੁੱਕਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਾਤਾਵਰਣ ਪ੍ਰੇਮੀ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਉਹ ਰਾਜ ਸਭਾ 'ਚ ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦੇ ਭਲੇ ਦੇ ਫਲਸਫੇ ਨੂੰ ਲੈ ਕੇ ਚੱਲਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਮੁੱਦੇ ਹਨ, ਜਿਹੜੇ ਉਹ ਰਾਜ ਸਭਾ ਦੇ ਹਾਊਸ ਵਿੱਚ ਚੁੱਕਦੇ ਰਹਿਣਗੇ। ਸੰਤ ਸੀਚੇਵਾਲ ਨੇ ਦੱਸਿਆ ਕਿ ਵਾਤਾਵਰਣ ਦਾ ਮੁੱਦਾ ਉਨ੍ਹਾਂ ਦੀ ਪ੍ਰਮੁੱਖਤਾ ਵਿੱਚ ਰਹੇਗਾ ਕਿਉਂਕਿ ਇਸ ਨਾਲ ਹਵਾ, ਪਾਣੀ ਤੇ ਮਿੱਟੀ ਦੇ ਮੁੱਦੇ ਜੁੜੇ ਹੋਏ ਹਨ। ਵਾਤਾਵਰਣ ਦਾ ਮੁੱਦਾ ਭਾਵੇਂ ਗੋਲਬਲੀ ਹੈ ਪਰ ਇਸ ਦੀ ਸ਼ੁਰੂਆਤ ਬਾਬੇ ਨਾਨਕ ਨੇ ਸੁਲਤਾਨਪੁਰ ਦੀ ਧਰਤੀ ਤੋਂ ਪੰਜ ਸਦੀਆਂ ਪਹਿਲਾਂ ਕਰ ਦਿੱਤੀ ਸੀ।
ਖ਼ਬਰ ਇਹ ਵੀ : ਨਹਿਰ 'ਚ ਕਾਰ ਡਿੱਗਣ ਨਾਲ 9 ਪੰਜਾਬੀਆਂ ਦੀ ਮੌਤ, ਉਥੇ ਜਾਪਾਨ ਦੇ ਸਾਬਕਾ PM ਨੂੰ ਮਾਰੀ ਗੋਲੀ, ਪੜ੍ਹੋ TOP 10
ਉਨ੍ਹਾਂ ਕਿਹਾ ਕਿ ਬਹੁਤ ਸਾਰੇ ਹੋਰ ਮੁੱਦੇ ਵੀ ਹਨ, ਜਿਹੜੇ ਵਾਤਾਵਰਣ ਨਾਲ ਜੁੜੇ ਹੋਏ ਹਨ। ਖੇਤੀ ਪ੍ਰਧਾਨ ਸੂਬਾ ਪੰਜਾਬ ਇਸ ਸਮੇਂ ਕਰਜ਼ੇ ਹੇਠ ਡੁੱਬਿਆ ਪਿਆ ਹੈ। ਨੌਜਵਾਨ ਵਿਦੇਸ਼ਾਂ ਨੂੰ ਉਡਾਰੀਆਂ ਮਾਰ ਰਹੇ ਹਨ। ਇੰਡਸਟਰੀ ਉਜੜ ਰਹੀ ਹੈ। ਪੰਜਾਬ 'ਚ ਕੈਂਸਰ ਤੇਜ਼ੀ ਨਾਲ ਫੈਲ ਰਿਹਾ ਹੈ। ਸਿਹਤ, ਸਿੱਖਿਆ ਤੇ ਬੇਰੁਜ਼ਗਾਰੀ ਦੇ ਵੱਡੇ ਮਸਲੇ ਹਨ, ਜਿਨ੍ਹਾਂ ਦਾ ਜ਼ਿਕਰ ਉਹ ਸਮੇਂ-ਸਮੇਂ 'ਤੇ ਕਰਦੇ ਰਹਿਣਗੇ। ਸੰਤ ਸੀਚੇਵਾਲ ਨੇ ਦੱਸਿਆ ਕਿ ਉਨ੍ਹਾਂ ਦਾ ਕਾਰਜਕਾਲ ਤਾਂ 5 ਜੁਲਾਈ ਤੋਂ ਸ਼ੁਰੂ ਹੋ ਗਿਆ ਸੀ। ਉਨ੍ਹਾਂ ਨੇ ਆਪਣੇ ਕਾਰਜਕਾਲ ਦੇ ਪਹਿਲੇ ਦਿਨ ਦੀ ਸ਼ੁਰੂਆਤ ਗੁਰਦੁਆਰਾ ਟਾਹਲੀ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ 2500 ਬੂਟੇ ਸੰਗਤਾਂ ਨੂੰ ਵੰਡ ਕੇ ਕੀਤੀ। ਪੰਜਾਬ ਵਿੱਚ ਜੰਗਲ ਦਾ ਰਕਬਾ ਨਾਮਾਤਰ ਹੀ ਰਹਿ ਗਿਆ ਹੈ। ਉਹ ਜੰਗਲਾਂ ਹੇਠ ਰਕਬਾ ਵਧਾਉਣ ਲਈ ਮਨਰੇਗਾ ਸਕੀਮ ਤਹਿਤ ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ ਬਲਾਕ ਪੱਧਰ ‘ਤੇ ਫਲਦਾਰ ਬੂਟਿਆਂ ਦੀਆਂ ਨਰਸਰੀਆਂ ਤਿਆਰ ਕਰਨ ਲਈ ਯਤਨਸ਼ੀਲ ਰਹਿਣਗੇ। ਪੰਜਾਬ ਵਿਚਲੇ ਮੱਤੇਵਾੜਾ ਦੇ ਜੰਗਲ ਨੂੰ ਖਤਮ ਨਹੀਂ ਹੋਣ ਦੇਵਾਂਗੇ। ਜੰਗਲ ਹੇਠ ਰਕਬਾ ਵਧਾਉਣ ਨਾਲ ਬਹੁਤ ਸਾਰੀਆਂ ਸਮੱਸਿਆਵਾਂ ‘ਤੇ ਕਾਬੂ ਪਾਇਆ ਜਾ ਸਕੇਗਾ।
ਇਹ ਵੀ ਪੜ੍ਹੋ : ਆਸ਼ੂ ਬਾਂਗੜ 'ਤੇ ਮਾਮਲਾ ਦਰਜ ਹੋਣ ਤੋਂ ਬਾਅਦ ਅੱਧੀ ਰਾਤ ਮੋਗਾ ਦੇ ਥਾਣਾ ਸਿਟੀ-1 ਪਹੁੰਚੇ ਰਾਜਾ ਵੜਿੰਗ
ਉਨ੍ਹਾਂ ਕਿਹਾ ਕਿ ਉਹ ਆਪਣੇ 6 ਸਾਲ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਨਿੱਘਰ ਚੁੱਕੇ ਵਾਤਾਵਰਣ ਦੇ ਮੁੱਦੇ ਨੂੰ ਪ੍ਰਮੁੱਖਤਾ ਨਾਲ ਉਭਾਰਨਗੇ ਕਿਉਂਕਿ ਵਾਤਾਵਰਣ ਦੇ ਨਾਲ ਹੀ ਤਕਰੀਬਨ ਸਾਰੇ ਮੁੱਦੇ ਜੁੜੇ ਹੋਏ ਹਨ। ਸੰਤ ਸੀਚੇਵਾਲ ਨੇ ਦੱਸਿਆ ਕਿ ਪੰਜਾਬ ਦੀ ਧਰਤੀ ਹੇਠਲਾ ਪਾਣੀ ਹੁਣ ਸਿਰਫ 17 ਸਾਲਾਂ ਲਈ ਹੀ ਬਚਿਆ ਹੈ। ਧਰਤੀ ਦੇ ਤੀਜੇ ਪੱਤਣ ਤੋਂ ਪਾਣੀ ਕੱਢਣਾ ਸ਼ੁਰੂ ਕੀਤਾ ਹੋਇਆ ਹੈ ਤੇ ਇਹ ਆਖਰੀ ਪੱਤਣ ਹੈ। ਪੰਜਾਬ ਦੀ ਹਵਾ ਖਰਾਬ ਹੋ ਗਈ ਹੈ। ਪੰਜਾਬ ਦੀ ਧਰਤੀ ‘ਤੇ ਖਾਦਾਂ ਤੇ ਕੀਟਨਾਸ਼ਕਾਂ ਦੀ ਹੱਦ ਤੋਂ ਵੱਧ ਵਰਤੋਂ ਕਰਨ ਨਾਲ ਇਹ ਜ਼ਹਿਰੀਲੀ ਹੋ ਗਈ ਹੈ। ਪੰਜਾਬ ਦੇ ਡਾਕਟਰ ਮਰੀਜ਼ਾਂ ਨੂੰ ਸਭ ਤੋਂ ਪਹਿਲਾਂ ਕਣਕ ਨਾ ਖਾਣ ਦੀ ਸਲਾਹ ਦੇ ਰਹੇ ਹਨ ਤੇ ਨਾਲ ਹੀ ਕਹਿ ਦਿੰਦੇ ਹਨ ਕਿ ਦੁੱਧ ਨਹੀਂ ਪੀਣਾ, ਹਾਲਾਤ ਇਹ ਬਣ ਚੁੱਕੇ ਹਨ। ਇਸ ਮੌਕੇ ਉਨ੍ਹਾਂ ਨਾਲ ਸੁਰਜੀਤ ਸਿੰਘ ਸ਼ੰਟੀ, ਅਮਰੀਕ ਸਿੰਘ, ਗੁਰਭੇਜ ਸਿੰਘ, ਦਇਆ ਸਿੰਘ, ਅੰਮ੍ਰਿਤਪਾਲ ਸਿੰਘ ਤੇ ਹੋਰ ਸੇਵਾਦਾਰ ਹਾਜ਼ਰ ਸਨ।
ਇਹ ਵੀ ਪੜ੍ਹੋ : ਆਸ਼ੂ ਬਾਂਗੜ ਵਿਰੁੱਧ ਮਾਮਲਾ ਦਰਜ ਕਰਨ 'ਤੇ ਭੜਕੇ ਕਾਂਗਰਸੀ, ਥਾਣਾ ਸਿਟੀ ਮੋਗਾ ਮੂਹਰੇ ਲਾਇਆ ਧਰਨਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ