ਡੇਂਗੂ ਦੀ ਲਪੇਟ ''ਚ ਪੰਜਾਬ; ਅਕਤੂਬਰ ਦੇ ਅੱਧ ਤੱਕ ਸਿਖ਼ਰ ''ਤੇ ਹੋਣਗੇ ਮਾਮਲੇ

Tuesday, Aug 30, 2022 - 05:03 PM (IST)

ਡੇਂਗੂ ਦੀ ਲਪੇਟ ''ਚ ਪੰਜਾਬ; ਅਕਤੂਬਰ ਦੇ ਅੱਧ ਤੱਕ ਸਿਖ਼ਰ ''ਤੇ ਹੋਣਗੇ ਮਾਮਲੇ

ਚੰਡੀਗੜ੍ਹ (ਬਿਊਰੋ) : ਸੂਬੇ 'ਚ ਇਸ ਸਾਲ ਹੁਣ ਤੱਕ ਡੇਂਗੂ ਦੇ 800 ਮਾਮਲੇ ਸਾਹਮਣੇ ਆ ਚੁੱਕੇ ਹਨ। ਇਹ ਗਿਣਤੀ ਪਿਛਲੇ ਸਾਲ ਅਗਸਤ ਦੇ ਅੰਤ ਤੱਕ ਸਾਹਮਣੇ ਆਏ ਮਾਮਲਿਆਂ ਨਾਲੋਂ ਲਗਭਗ ਦੁੱਗਣੀ ਹੈ। ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਸੂਬੇ 'ਚ ਡੇਂਗੂ ਦੇ 15,807 ਸ਼ੱਕੀ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ, ਜਿਨ੍ਹਾਂ 'ਚੋਂ 801 ਪਾਜ਼ੇਟਿਵ ਪਾਏ ਗਏ ਹਨ। ਪਿਛਲੇ ਸਾਲ, ਅਗਸਤ ਦੇ ਅੰਤ ਤੱਕ ਸੂਬੇ 'ਚ ਲਗਭਗ 400 ਮਾਮਲੇ ਸਾਹਮਣੇ ਆਏ ਸਨ। ਹੁਣ ਤੱਕ ਦੋ ਵਿਅਕਤੀ ਵੈਕਟਰ ਦੁਆਰਾ ਪੈਦਾ ਹੋਣ ਵਾਲੀ ਇਸ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਹਨ। ਜ਼ਿਲ੍ਹਾਵਾਰ ਕੇਸਾਂ ਦੀ ਵੰਡ 'ਚ ਫ਼ਤਹਿਗੜ੍ਹ ਸਾਹਿਬ 125 ਕੇਸਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੈ, ਇਸ ਤੋਂ ਬਾਅਦ ਫਿਰੋਜ਼ਪੁਰ (123), ਐਸਏਐਸ ਨਗਰ (88) ਅਤੇ ਐਸਬੀਐਸ ਨਗਰ (87) ਹਨ। 

ਇਹ ਵੀ ਪੜ੍ਹੋ : 400 ਤੋਂ ਵੱਧ ਟਿਊਬਵੈੱਲਾਂ ਦੀ ਮੇਨਟੀਨੈਂਸ ਦਾ ਟੈਂਡਰ ਲਟਕਣ ਤੋਂ ਠੇਕੇਦਾਰ ਨਾਰਾਜ਼, ਕੰਮ ਛੱਡਿਆ

ਮਾਹਿਰਾਂ ਦਾ ਕਹਿਣਾ ਹੈ ਕਿ ਸਤੰਬਰ 'ਚ ਕੇਸਾਂ ਵਿੱਚ ਅਚਾਨਕ ਵਾਧਾ ਹੋ ਸਕਦਾ ਹੈ ਅਤੇ ਅਕਤੂਬਰ ਦੇ ਅੱਧ ਤੱਕ ਇਹ ਸਿਖਰ ’ਤੇ ਪਹੁੰਚਣ ਦੀ ਸੰਭਾਵਨਾ ਹੈ। ਡਾ: ਰਣਜੀਤ ਸਿੰਘ ਘੋਤੜਾ, ਡਾਇਰੈਕਟਰ, ਸਿਹਤ ਸੇਵਾਵਾਂ, ਪੰਜਾਬ ਨੇ ਕਿਹਾ ਕਿ ਇਸ ਸਾਲ ਕੇਸਾਂ ਦੀ ਗਿਣਤੀ ਨਿਸ਼ਚਿਤ ਤੌਰ 'ਤੇ ਪਿਛਲੇ ਸਾਲ ਨਾਲੋਂ ਵੱਧ ਹੈ। ਉਨ੍ਹਾਂ ਨੇ ਕਿਹਾ ਸਾਡੇ ਕੋਲ ਆਮ ਤੌਰ 'ਤੇ ਅਗਸਤ 'ਚ ਡੇਂਗੂ ਦੇ ਕੇਸ ਆਉਣੇ ਸ਼ੁਰੂ ਹੋ ਜਾਂਦੇ ਹਨ, ਪਰ ਇਸ ਸਾਲ ਮਾਰਚ ਵਿੱਚ ਵੀ ਕੇਸ ਆਉਣੇ ਸ਼ੁਰੂ ਹੋ ਗਏ ਸਨ।

ਹਾਲਾਂਕਿ ਸਰਕਾਰ ਨੇ ਡੇਂਗੂ 'ਤੇ 11 ਵਿਭਾਗਾਂ ਦੀ ਸਟੇਟ ਟਾਸਕ ਫੋਰਸ ਦੀ ਆਖਰੀ ਮੀਟਿੰਗ ਮਈ 'ਚ ਬੁਲਾਈ ਸੀ। ਉਸ ਤੋਂ ਬਾਅਦ ਹੁਣ ਤੱਕ ਇਕ ਵੀ ਮੀਟਿੰਗ ਨਹੀਂ ਬੁਲਾਈ ਗਈ ਹੈ। ਡਾ. ਘੋਤਰਾ ਨੇ ਕਿਹਾ ਕਿ ਉਨ੍ਹਾਂ ਨੇ ਮੀਟਿੰਗ ਬੁਲਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਜਲਦੀ ਹੀ ਮੀਟਿੰਗ ਬੁਲਾਈ ਜਾਵੇਗੀ। ਪਿਛਲੇ ਦੋ ਸਾਲਾਂ 'ਚ ਕੋਵਿਡ ਦੇ ਪ੍ਰਕੋਪ ਕਾਰਨ ਸੂਬੇ ਦੇ ਸਿਹਤ ਬੁਨਿਆਦੀ ਢਾਂਚੇ ਦਾ ਵੱਡੇ ਪੱਧਰ 'ਤੇ ਵਿਸਤਾਰ ਹੋਇਆ ਹੈ। ਡੇਂਗੂ ਦਾ ਟੈਸਟ ਸਾਰੇ ਸਰਕਾਰੀ ਹਸਪਤਾਲਾਂ 'ਚ ਮੁਫ਼ਤ ਕੀਤਾ ਜਾਂਦਾ ਹੈ ਅਤੇ ਟੈਸਟ ਲਈ ਲੋੜੀਂਦੀਆਂ ਕਿੱਟਾਂ ਅਜਿਹੇ ਸਾਰੇ ਹਸਪਤਾਲਾਂ 'ਚ ਉਪਲਬਧ ਕਰਵਾਈਆਂ ਗਈਆਂ ਹਨ। ਪਿਛਲੇ ਸਾਲ ਤੋਂ ਡੇਂਗੂ ਦੇ ਟੈਸਟ ਕੀਤੇ ਜਾਣ ਦੀ ਗਿਣਤੀ ਪਿਛਲੇ ਦਹਾਕੇ ਦੀ ਔਸਤ ਨਾਲੋਂ ਤਿੰਨ ਗੁਣਾ ਹੈ।

ਲੱਛਣ
ਇਸ ਬਿਮਾਰੀ ਦੇ ਲੱਛਣਾਂ 'ਚ 102 ਡਿਗਰੀ ਫਾਰਨਹਾਈਟ ਤੋਂ ਉੱਪਰ ਉੱਚ ਦਰਜੇ ਦਾ ਬੁਖਾਰ, ਸਿਰ ਦਰਦ, ਅੱਖਾਂ 'ਚ ਦਰਦ, ਸਰੀਰ 'ਚ ਆਮ ਦਰਦ, ਉਲਟੀਆਂ, ਚਮੜੀ ਦੇ ਰੋਗ ਸ਼ਾਮਲ ਹਨ, ਜਿਨ੍ਹਾਂ ਦੀ ਮਾਹਿਰ ਡਾਕਟਰਾਂ ਵੱਲੋਂ 7 ਤੋਂ 10 ਦਿਨਾਂ ਤੱਕ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ।

ਕਿਹੜੀਆਂ ਸਾਵਧਾਨੀਆਂ ਵਰਤਣ ਦੀ ਲੋੜ
- ਓਵਰਹੈੱਡ ਪਾਣੀ ਦੀਆਂ ਟੈਂਕੀਆਂ ਨੂੰ ਹਮੇਸ਼ਾ ਢੱਕ ਕੇ ਰੱਖੋ
- ਕੂਲਰਾਂ 'ਚੋਂ ਪਾਣੀ ਕੱਢ ਦਿਓ ਅਤੇ ਹਫ਼ਤੇ 'ਚ ਇੱਕ ਵਾਰ ਸਾਫ਼ ਕਰੋ
- ਬੁਖਾਰ ਦੀ ਸਥਿਤੀ 'ਚ ਜਲਦੀ ਤੋਂ ਜਲਦੀ ਆਪਣੇ ਖ਼ੂਨ ਦੀ ਜਾਂਚ ਕਰਵਾਓ
- ਪੂਰੀ ਬਾਹਾਂ ਵਾਲੇ ਕੱਪੜੇ ਪਾਓ ਤੇ ਸੰਕਰਮਿਤ ਹੋਣ 'ਤੇ ਪੂਰਾ ਇਲਾਜ ਕਰੋ
- ਆਪਣੇ ਘਰ ਤੇ ਆਲੇ-ਦੁਆਲੇ ਪਾਣੀ ਨੂੰ ਖੜ੍ਹਾ ਨਾ ਹੋਣ ਦਿਓ
- ਖਾਲੀ ਪਏ ਡੱਬੇ, ਟਾਇਰ, ਘੜੇ ਅਤੇ ਬਰਤਨ ਛੱਤ 'ਤੇ ਨਾ ਸੁੱਟੋ

ਇਹ ਵੀ ਪੜ੍ਹੋ : ਬਟਾਲਾ ਦਾ ਦਿਵਿਆਂਗ ਨੌਜਵਾਨ ਲੋਕਾਂ ਲਈ ਬਣਿਆ ਪ੍ਰੇਰਨਾਸਰੋਤ, ਸਫ਼ਾਈ ਮੁਹਿੰਮ ਲਈ ਕਰ ਰਿਹੈ ਜਾਗਰੂਕ


author

Anuradha

Content Editor

Related News