ਪੰਜਾਬ: ''ਪਾਪਾ ICE CREAM ਲਿਆ ਰਹੇ ਨੇ...'' ਪਲਾਂ ''ਚ ਉੱਜੜ ਗਿਆ ਹੱਸਦਾ-ਖੇਡਦਾ ਪਰਿਵਾਰ

Sunday, May 10, 2026 - 04:47 PM (IST)

ਪੰਜਾਬ: ''ਪਾਪਾ ICE CREAM ਲਿਆ ਰਹੇ ਨੇ...'' ਪਲਾਂ ''ਚ ਉੱਜੜ ਗਿਆ ਹੱਸਦਾ-ਖੇਡਦਾ ਪਰਿਵਾਰ

ਖਮਾਣੋਂ (ਅਰੋੜਾ): ‘ਬੱਚਿਆਂ ਨੂੰ ਜਗਾ ਕੇ ਰੱਖੀਂ, ਮੈਂ ਉਨ੍ਹਾਂ ਲਈ ਆਈਸਕ੍ਰੀਮ ਲੈ ਕੇ ਆ ਰਿਹਾ ਹਾਂ’, ਇਹ ਸ਼ਬਦ ਕਹਿ ਕੇ ਘਰ ਵੱਲ ਰਵਾਨਾ ਹੋਇਆ ਇਕ ਪਿਤਾ ਆਪਣੇ ਮਾਸੂਮ ਬੱਚਿਆਂ ਲਈ ਖੁਸ਼ੀਆਂ ਤਾਂ ਨਾ ਲਿਆ ਸਕਿਆ, ਪਰ ਕੁਝ ਹੀ ਸਮੇਂ ਬਾਅਦ ਉਸ ਦੇ ਘਰ ਮੌਤ ਦੀ ਮਨਹੂਸ ਖ਼ਬਰ ਪਹੁੰਚ ਗਈ। ਇਹ ਦਿਲ ਨੂੰ ਝੰਝੋੜ ਦੇਣ ਵਾਲਾ ਹਾਦਸਾ ਲੁਧਿਆਣਾ-ਚੰਡੀਗੜ੍ਹ ਮੁੱਖ ਮਾਰਗ ’ਤੇ ਪਿੰਡ ਰਾਣਵਾਂ ਨੇੜੇ ਰਾਤ ਕਰੀਬ 11 ਵਜੇ ਵਾਪਰਿਆ, ਜਿੱਥੇ ਪਨਸਪ ਦੇ ਮੁਲਾਜ਼ਮ ਵਰਿੰਦਰ ਸਿੰਘ ਉਰਫ਼ ਰਵੀ ਦੀ ਸੜਕ ਹਾਦਸੇ ’ਚ ਮੌਤ ਹੋ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਵਰਿੰਦਰ ਸਿੰਘ ਉਰਫ਼ ਰਵੀ, ਵਾਸੀ ਵਾਰਡ ਨੰਬਰ 3 ਖਮਾਣੋਂ, ਡਿਊਟੀ ਖ਼ਤਮ ਕਰਨ ਤੋਂ ਬਾਅਦ ਚੰਡੀਗੜ੍ਹ ਤੋਂ ਆਪਣੇ ਘਰ ਵਾਪਸ ਜਾ ਰਿਹਾ ਸੀ, ਜਿਵੇਂ ਹੀ ਉਹ ਪਿੰਡ ਰਾਣਵਾਂ ਨੇੜੇ ਪਹੁੰਚੇ ਤਾਂ ਉਨ੍ਹਾਂ ਦਾ ਮੋਟਰਸਾਈਕਲ ਕਿਸੇ ਅਣਪਛਾਤੇ ਵਾਹਨ ਦੀ ਲਪੇਟ ’ਚ ਆ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਕੇ ਸੜਕ ’ਤੇ ਡਿੱਗ ਗਿਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਖਮਾਣੋਂ ਪੁਲਸ ਤੇ ਸੜਕ ਸੁਰੱਖਿਆ ਫੋਰਸ (ਐੱਸ.ਐੱਸ.ਐੱਫ.) ਦੀ ਟੀਮ ਮੌਕੇ ’ਤੇ ਪਹੁੰਚੀ ਤੇ ਜ਼ਖ਼ਮੀ ਹਾਲਤ ’ਚ ਉਨ੍ਹਾਂ ਨੂੰ ਤੁਰੰਤ ਖਮਾਣੋਂ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਬਚਾਇਆ ਨਾ ਜਾ ਸਕਿਆ ਤੇ ਇਲਾਜ ਦੌਰਾਨ ਮ੍ਰਿਤਕ ਐਲਾਨ ਦਿੱਤਾ ਗਿਆ। ਥਾਣਾ ਮੁਖੀ ਖਮਾਣੋਂ ਸੁਰੇਸ਼ ਕੁਮਾਰ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ। ਪੁਲਸ ਵੱਲੋਂ ਅਣਪਛਾਤੇ ਵਾਹਨ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।

ਦੋ ਬੱਚਿਆਂ ਦਾ ਪਿਤਾ ਸੀ ਵਰਿੰਦਰ ਸਿੰਘ

ਮ੍ਰਿਤਕ ਪਨਸਪ ’ਚ ਸਰਕਾਰੀ ਮੁਲਾਜ਼ਮ ਸੀ ਵਰਿੰਦਰ ਸਿੰਘ ਤੇ ਆਪਣੇ ਪਿੱਛੇ ਪਤਨੀ ਤੇ ਦੋ ਮਾਸੂਮ ਪੁੱਤਰ ਛੱਡ ਗਿਆ। ਪਰਿਵਾਰਕ ਮੈਂਬਰਾਂ ਨੇ ਭਰੇ ਮਨ ਨਾਲ ਦੱਸਿਆ ਕਿ ਘਰ ਆਉਂਦੇ ਸਮੇਂ ਰਵੀ ਨੇ ਆਪਣੀ ਪਤਨੀ ਨੂੰ ਫੋਨ ਕਰਕੇ ਕਿਹਾ ਸੀ, ‘ਬੱਚਿਆਂ ਨੂੰ ਜਗਾ ਕੇ ਰੱਖੀਂ, ਮੈਂ ਉਨ੍ਹਾਂ ਲਈ ਆਈਸਕ੍ਰੀਮ ਲੈ ਕੇ ਆ ਰਿਹਾ ਹਾਂ’, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਬੱਚੇ ਘਰ ’ਚ ਪਿਤਾ ਦੀ ਉਡੀਕ ਕਰਦੇ ਰਹੇ, ਪਰ ਆਈਸਕ੍ਰੀਮ ਦੀ ਥਾਂ ਉਨ੍ਹਾਂ ਦੇ ਪਿਤਾ ਦੀ ਮੌਤ ਦੀ ਖ਼ਬਰ ਆ ਗਈ। ਇਸ ਦੁਖਦਾਈ ਘਟਨਾ ਨਾਲ ਖਮਾਣੋਂ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਹਰ ਅੱਖ ਨਮ ਹੈ।

 


author

Anmol Tagra

Content Editor

Related News