ਪੰਜਾਬ 'ਚ ਹਾਈਵੇਅ ਜਾਮ! ਇਸ ਪਾਸੇ ਜਾਣ ਤੋਂ ਪਹਿਲਾਂ ਪੜ੍ਹ ਲਓ ਪੂਰੀ ਖ਼ਬਰ
Sunday, Aug 23, 2026 - 04:09 PM (IST)
ਦੋਦਾ/ਸ੍ਰੀ ਮੁਕਤਸਰ ਸਾਹਿਬ (ਲਖਵੀਰ ਸ਼ਰਮਾ, ਪਵਨ ਤਨੇਜਾ): ਪਿੰਡ ਦੋਦਾ ਵਿਖੇ ਬੱਸ ਅੱਡੇ ਨੇੜੇ ਪੈੱਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਦੀ ਬੱਸ ਦੇ ਕੰਡਕਟਰ ਨਾਲ ਹੋਈ ਕੁੱਟਮਾਰ ਤੋਂ ਬਾਅਦ ਮਾਹੌਲ ਕਾਫ਼ੀ ਤਣਾਅਪੂਰਨ ਹੋ ਗਿਆ। ਘਟਨਾ ਦੇ ਰੋਸ ਵਜੋਂ ਪੀਆਰਟੀਸੀ ਮੁਲਾਜ਼ਮਾਂ ਨੇ ਸੜਕ ਵਿਚਾਲੇ ਬੱਸਾਂ ਲਗਾ ਕੇ ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਮੁੱਖ ਮਾਰਗ ’ਤੇ ਮੁਕੰਮਲ ਧਰਨਾ ਲਾ ਦਿੱਤਾ, ਜਿਸ ਕਾਰਨ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ।

ਜਾਣਕਾਰੀ ਦਿੰਦਿਆਂ ਬੱਸ ਡਰਾਈਵਰ ਹਰਪ੍ਰੀਤ ਸਿੰਘ, ਕੰਡਕਟਰ ਹਰਤਾਰ ਸ਼ਰਮਾ ਅਤੇ ਪ੍ਰੇਮ ਚੰਦ ਨੇ ਦੱਸਿਆ ਕਿ ਉਹ ਜਲਾਲਾਬਾਦ ਤੋਂ ਪੀਆਰਟੀਸੀ ਦੀ ਬੱਸ (ਨੰਬਰ ਪੀ ਬੀ 03 ਏ ਜੇ 5542) ਰਾਹੀਂ ਵਾਇਆ ਸ੍ਰੀ ਮੁਕਤਸਰ ਸਾਹਿਬ ਹੁੰਦੇ ਹੋਏ ਮਾਨਸਾ ਵੱਲ ਜਾ ਰਹੇ ਸਨ। ਜਦੋਂ ਬੱਸ ਦੋਦਾ ਪਹੁੰਚੀ ਤਾਂ ਅਨਅਧਿਕਾਰਤ ਜਗ੍ਹਾ ’ਤੇ ਬੱਸ ਰੋਕਣ ਨੂੰ ਲੈ ਕੇ ਇਕ ਸਵਾਰੀ ਅਤੇ ਕੁਝ ਹੋਰ ਨੌਜਵਾਨਾਂ ਨੇ ਬੱਸ ਨੂੰ ਘੇਰ ਲਿਆ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਬੱਸ ਕੰਡਕਟਰ ਨਾਲ ਕਥਿਤ ਤੌਰ 'ਤੇ ਗਾਲੀ-ਗਲੋਚ ਅਤੇ ਕੁੱਟਮਾਰ ਕੀਤੀ ਗਈ।
ਰੋਸ ਪ੍ਰਗਟਾ ਰਹੇ ਟਰਾਂਸਪੋਰਟ ਮੁਲਾਜ਼ਮਾਂ ਨੇ ਬੱਸ ਨੂੰ ਸੜਕ ਦੇ ਵਿਚਕਾਰ ਖੜ੍ਹਾ ਕਰਕੇ ਚੱਕਾ ਜਾਮ ਕਰ ਦਿੱਤਾ। ਉਨ੍ਹਾਂ ਦਾ ਦੋਸ਼ ਹੈ ਕਿ ਕੁਝ ਵਿਅਕਤੀਆਂ ਨੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਇਆ ਅਤੇ ਮੁਲਾਜ਼ਮ ਦੀ ਕੁੱਟਮਾਰ ਕੀਤੀ। ਮੁਲਾਜ਼ਮਾਂ ਨੇ ਸਾਫ਼ ਕੀਤਾ ਕਿ ਜਦੋਂ ਤੱਕ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ, ਉਦੋਂ ਤੱਕ ਇਹ ਧਰਨਾ ਅਤੇ ਮਾਰਗ ਜਾਮ ਜਾਰੀ ਰਹੇਗਾ।
ਆਮ ਜਨਤਾ ਹੋਈ ਪ੍ਰੇਸ਼ਾਨ
ਮੁੱਖ ਮਾਰਗ ਜਾਮ ਹੋਣ ਕਾਰਨ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ। ਬੱਸਾਂ ਵਿੱਚ ਸਫ਼ਰ ਕਰ ਰਹੀਆਂ ਸਵਾਰੀਆਂ, ਜਿਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ, ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਕੋਟਭਾਈ ਦੇ ਐਸ.ਐਚ.ਓ. ਦਵਿੰਦਰ ਕੁਮਾਰ ਅਤੇ ਦੋਦਾ ਚੌਂਕੀ ਦੀ ਪੁਲਸ ਟੀਮ ਮੌਕੇ ’ਤੇ ਪਹੁੰਚੀ। ਪੁਲਸ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਘਟਨਾ ਦੇ ਤੱਥਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
