ਕੇਂਦਰੀ ਜੇਲ੍ਹ ਫ਼ਰੀਦਕੋਟ ’ਚ ਬੰਦੀਆਂ ਕੋਲੋਂ ਚਿੱਟਾ ਬਰਾਮਦ
Saturday, Nov 07, 2026 - 05:39 PM (IST)
ਫ਼ਰੀਦਕੋਟ (ਰਾਜਨ)- ਕੇਂਦਰੀ ਜੇਲ੍ਹ ਫ਼ਰੀਦਕੋਟ ’ਚ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਜੇਲ੍ਹ ਪ੍ਰਸ਼ਾਸਨ ਵੱਲੋਂ ਕੀਤੀ ਗਈ ਅਚਨਚੇਤ ਤਲਾਸ਼ੀ ਦੌਰਾਨ ਦੋ ਬੰਦੀਆਂ ਕੋਲੋਂ 3 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਿਟੀ ਕੋਤਵਾਲੀ ਫ਼ਰੀਦਕੋਟ ਦੀ ਪੁਲਸ ਵੱਲੋਂ ਦੋਵਾਂ ਬੰਦੀਆਂ ਖ਼ਿਲਾਫ਼ ਜੇਲ੍ਹ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਪੁਲਸ ਨੂੰ ਭੇਜੇ ਸ਼ਿਕਾਇਤ ਪੱਤਰ ’ਚ ਭਿਵਮਤੇਜ ਸਿੰਗਲਾ, ਸਹਾਇਕ ਸੁਪਰਡੈਂਟ ਕੇਂਦਰੀ ਜੇਲ ਫ਼ਰੀਦਕੋਟ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਅਚਨਚੇਤ ਚੈਕਿੰਗ ਦੌਰਾਨ ਬਲਾਕਾਂ ਨੇੜੇ ਬਣੀ ਚੌਕੀ ਕੋਲ ਦੋ ਬੰਦੀਆਂ ਦੀ ਤਲਾਸ਼ੀ ਲਈ ਗਈ। ਇਸ ਦੌਰਾਨ ਇਕ ਬੰਦੀ ਵੱਲੋਂ ਪਹਿਨੀ ਹੋਈ ਲੋਅਰ ’ਚੋਂ ਇਕ ਪਾਲੀਥੀਨ ਬਰਾਮਦ ਹੋਈ। ਜਦੋਂ ਇਸ ਦਾ ਵਜ਼ਨ ਕੀਤਾ ਗਿਆ ਤਾਂ ਮੋਮੀ ਲਿਫ਼ਾਫ਼ੇ ਸਮੇਤ ਇਸ ’ਚੋਂ 3 ਗ੍ਰਾਮ ਨਸ਼ੀਲਾ ਪਦਾਰਥ ਮਿਲਿਆ। ਇਸ ਮਾਮਲੇ ’ਚ ਪੁਲਸ ਵੱਲੋਂ ਬੰਦੀ ਗਗਨਦੀਪ ਸਿੰਘ ਵਾਸੀ ਪੱਤੀ ਸੇਲਬਰਾ, ਭਗਤਾ ਭਾਈ ਕਾ, ਜ਼ਿਲਾ ਬਠਿੰਡਾ ਅਤੇ ਬੰਦੀ ਪਰਮਜੀਤ ਸਿੰਘ ਵਾਸੀ ਸੀਰਾ ਜਗਰਾਓਂ ਜ਼ਿਲਾ ਲੁਧਿਆਣਾ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
