ਹਰਿਆਣਾ ਤੇ ਹਿਮਾਚਲ 'ਚ ਸੁਧਰੇ ਹਾਲਾਤ, ਪੰਜਾਬ 'ਚ ਸਿਹਤ ਮੰਤਰੀ ਦੀ ਭੂਮਿਕਾ ਸਵਾਲਾਂ ਦੇ ਘੇਰੇ 'ਚ
Saturday, May 02, 2020 - 09:56 AM (IST)
ਚੰਡੀਗੜ੍ਹ/ਜਲੰਧਰ : ਪੰਜਾਬ 'ਚ ਪਿਛਲੇ 3 ਦਿਨ ਤੋਂ ਵਧ ਰਹੇ ਕੋਰੋਨਾ ਦੇ ਮਾਮਲਿਆਂ ਕਾਰਣ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਭੂਮਿਕਾ ਵੀ ਸਵਾਲਾਂ ਦੇ ਘੇਰੇ 'ਚ ਆ ਗਈ ਹੈ। ਸਿੱਧੂ ਦੀ ਆਲੋਚਨਾ ਇਸ ਲਈ ਵੀ ਹੋ ਰਹੀ ਹੈ ਕਿਉਂਕਿ ਉਹ ਆਪਣੇ ਜ਼ਿਲੇ ਮੋਹਾਲੀ 'ਚ ਹੀ ਇਸ 'ਤੇ ਕਾਬੂ ਨਹੀਂ ਕਰ ਪਾ ਰਹੇ ਹਨ ਅਤੇ ਮੋਹਾਲੀ 'ਚ ਮਰੀਜ਼ਾਂ ਦਾ ਆਂਕੜਾ 92 ਤਕ ਪਹੁੰਚ ਗਿਆ ਹੈ, ਜਦਕਿ ਪੰਜਾਬ ਦੇ ਗੁਆਂਢੀ ਰਾਜਾਂ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਨੇ ਸਖ਼ਤ ਕਦਮਾਂ ਦੇ ਨਾਲ ਇਸ ਬੀਮਾਰੀ 'ਤੇ ਫਿਲਹਾਲ ਕੰਟਰੋਲ ਕਰ ਲਿਆ ਹੈ। ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਤਾਂ ਇਸ ਮਾਮਲੇ 'ਚ ਖੁਦ ਕਾਫੀ ਸਰਗਰਮ ਭੂਮਿਕਾ ਨਿਭਾ ਰਹੇ ਹਨ ਅਤੇ ਹਰ ਜ਼ਿਲੇ ਤੋਂ ਆਉਣ ਵਾਲੀ ਰਿਪੋਰਟ ਨੂੰ ਖੁਦ ਮਾਨੀਟਰ ਕਰ ਰਹੇ ਹਨ, ਜਦਕਿ ਪੰਜਾਬ ਦੇ ਸਿਹਤ ਮੰਤਰੀ ਇਸ ਮਾਮਲੇ 'ਚ ਨਿਰਪੱਖ ਨਜ਼ਰ ਆ ਰਹੇ ਹਨ, ਲਿਹਾਜਾ ਉਹ ਵਿਰੋਧੀਆਂ ਦੇ ਨਿਸ਼ਾਨੇ 'ਤੇ ਹਨ।
ਹਰਿਆਣਾ ਲਾਕ ਹੋਣ ਕਾਰਨ ਸੁਧਰੇ ਹਾਲਾਤ
ਗੁਆਂਢੀ ਰਾਜ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕੋਰੋਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਖੁਦ ਮੋਰਚਾ ਸੰਭਾਲਿਆ ਅਤੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਨਾਲ ਮਿਲ ਕੇ ਰਾਜ ਦੀਆਂ ਸੀਮਾਵਾਂ ਸੀਲ ਕੀਤੀਆਂ। ਇਸ ਦਾ ਫਾਇਦਾ ਇਹ ਹੋਇਆ ਕਿ ਹਰਿਆਣਾ 'ਚ ਨਵੇਂ ਮਰੀਜ਼ ਮਿਲਣ ਦੀ ਦਰ ਲਗਾਤਾਰ ਘਟਣ ਲੱਗੀ। ਇਸ ਵਿਚਾਲੇ ਹਰਿਆਣਾ 'ਚ ਰਿਕਵਰ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਅਤੇ 200 ਤੋਂ ਜ਼ਿਆਦਾ ਮਰੀਜ਼ ਹੁਣ ਤਕ ਰਿਕਵਰ ਹੋ ਚੁਕੇ ਹਨ। ਹਰਿਆਣਾ 'ਚ ਸਥਿਤੀ 'ਚ ਸੁਧਾਰ ਦੇ ਬਾਵਜੂਦ ਸਿਹਤ ਮੰਤਰੀ ਕੋਈ ਜੋਖ਼ਮ ਨਹੀਂ ਲੈ ਰਹੇ ਅਤੇ ਉਨ੍ਹਾਂ ਨੇ ਦਿੱਲੀ ਦੇ ਕਰਮਚਾਰੀਆਂ ਦੀ ਵੀ ਹਰਿਆਣਾ 'ਚ ਐਂਟਰੀ ਰੋਕ ਦਿੱਤੀ ਹੈ ਤਾਂ ਜੋ ਸੰਕਰਮਣ ਜ਼ਿਆਦਾ ਨਾ ਫੈਲੇ।
ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ਦੀਆਂ ਸੀਮਾਵਾਂ ਸੀਲ
ਪੰਜਾਬ ਦੇ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ਦੀ ਗੱਲ ਕਰੀਏ ਤਾਂ ਇਸ ਪ੍ਰਦੇਸ਼ ਨੇ ਕੋਰੋਨਾ ਦੀ ਦਸਤਕ ਦੇ ਨਾਲ ਹੀ ਰਾਜ ਦੀਆਂ ਸੀਮਾਵਾਂ ਸੀਲ ਕਰ ਦਿੱਤੀਆਂ ਸਨ ਅਤੇ ਕਿਸੇ ਵੀ ਬਾਹਰੀ ਵਿਅਕਤੀ ਨੂੰ ਹਿਮਾਚਲ ਪ੍ਰਦੇਸ਼ 'ਚ ਪ੍ਰਵੇਸ਼ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਦਾ ਨਤੀਜਾ ਨਿਕਲਿਆ ਕਿ ਹਿਮਾਚਲ ਪ੍ਰਦੇਸ਼ 'ਚ ਸੰਕਰਮਣ ਦੀ ਰਫਤਾਰ ਥਮ ਗਈ ਅਤੇ ਇਥੇ ਕੁੱਲ 40 ਮਰੀਜ਼ਾਂ 'ਚੋਂ 28 ਮਰੀਜ਼ ਠੀਕ ਹੋ ਚੁਕੇ ਹਨ, ਜਦਕਿ ਇਕ ਮਰੀਜ਼ ਦੀ ਮੌਤ ਹੋਈ ਅਤੇ ਸਿਹਤ ਵਿਭਾਗ ਦੀ ਵੈਬਸਾਈਟ 'ਤੇ ਉਪਲਬੱਧ ਆਂਕੜਿਆਂ ਦੇ ਅਨੁਸਾਰ 11 ਮਾਮਲੇ ਅਜੇ ਵੀ ਐਕਟਿਵ ਹਨ। ਹਿਮਾਚਲ ਪ੍ਰਦੇਸ਼ ਅਜੇ ਵੀ ਇਸ ਮਾਮਲੇ 'ਚ ਫੂੰਕ-ਫੂੰਕ ਕੇ ਕਦਮ ਰੱਖ ਰਿਹਾ ਹੈ ਅਤੇ ਹਰ ਸ਼ੱਕੀ ਮਰੀਜ਼ ਦੀ ਜਾਂਚ ਕੀਤੀ ਜਾ ਰਹੀ ਹੈ।