ਮੈਡੀਕਲ ਜਗਤ ਨਾਲ ਜੁੜੀਆਂ ਸੰਸਥਾਵਾਂ ਰੂਰਲ ਹੈਲਥ ਸੈਂਟਰਸ ਨੂੰ ਅਡਾਪਟ ਕਰਨ: ਡਾ. ਬਲਬੀਰ ਸਿੰਘ
Monday, Sep 18, 2023 - 10:54 AM (IST)

ਜਲੰਧਰ (ਖੁਰਾਣਾ)-‘ਵਰਲਡ ਪੇਸ਼ੈਂਟ ਸੇਫਟੀ ਡੇਅ’ ਮੌਕੇ ਐਸੋਸੀਏਸ਼ਨ ਆਫ਼ ਹੈਲਥ ਕੇਅਰ ਪ੍ਰੋਵਾਈਡਰਸ ਆਫ਼ ਇੰਡੀਆ ਦੇ ਨਾਰਥ ਜ਼ੋਨ ਵੱਲੋਂ ਸਥਾਨਕ ਹੋਟਲ ’ਚ ਸੀ. ਐੱਮ. ਈ. ਦਾ ਆਯੋਜਨ ਆਈ. ਐੱਮ. ਏ. ਜਲੰਧਰ ਅਤੇ ਨਰਸਿੰਗ ਹੋਮਸ ਐਸੋਸੀਏਸ਼ਨ ਦੇ ਸਹਿਯੋਗ ਨਾਲ ਕੀਤਾ ਗਿਆ, ਜਿਸ ਦੌਰਾਨ ਮੁੱਖ ਮਹਿਮਾਨ ਵਜੋਂ ਸ਼੍ਰੀ ਵਿਜੇ ਕੁਮਾਰ ਚੋਪੜਾ ਅਤੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਹਾਜ਼ਰ ਹੋਏ। ਪ੍ਰੋਗਰਾਮ ਏ. ਐੱਚ. ਪੀ. ਆਈ. ਦੇ ਪ੍ਰਧਾਨ ਡਾ. ਸੁਧੀਰ ਵਰਮਾ, ਸੈਕਟਰੀ ਡਾ. ਯਸ਼ ਸ਼ਰਮਾ, ਆਈ. ਐੱਮ. ਏ. ਦੇ ਪ੍ਰਧਾਨ ਡਾ. ਜੇ. ਪੀ. ਸਿੰਘ ਅਤੇ ਨਰਸਿੰਗ ਹੋਮਸ ਐਸੋਸੀਏਸ਼ਨ ਦੇ ਪ੍ਰਧਾਨ ਡਾ. ਯੋਗੇਸ਼ਵਰ ਸੂਦ ਦੀ ਦੇਖ-ਰੇਖ ’ਚ ਸੰਪੰਨ ਹੋਇਆ, ਜਿਸ ਦੌਰਾਨ ਪੰਜਾਬ, ਹਿਮਾਚਲ, ਚੰਡੀਗੜ੍ਹ ਅਤੇ ਜੰਮੂ-ਕਸ਼ਮੀਰ ਤੋਂ ਸੈਂਕੜੇ ਦੀ ਗਿਣਤੀ ’ਚ ਡੈਲੀਗੇਟ ਹਾਜ਼ਰ ਰਹੇ। ਸਾਰੇ ਮਹਿਮਾਨਾਂ ਅਤੇ ਡੈਲੀਗੇਟਾਂ ਦਾ ਸਵਾਗਤ ਡਾ. ਸੁਧੀਰ ਵਰਮਾ ਅਤੇ ਡਾ. ਯਸ਼ ਸ਼ਰਮਾ ਨੇ ਕੀਤਾ।
ਡਾ. ਸੁਧੀਰ ਨੇ ਜਿੱਥੇ ਹਿੰਦ ਸਮਾਚਾਰ ਪੱਤਰ ਸਮੂਹ ਦੇ ਪਰਿਵਾਰ ਦੇ ਸਮਾਜ ਪ੍ਰਤੀ ਯੋਗਦਾਨ ਦਾ ਜ਼ਿਕਰ ਕੀਤਾ, ਉੱਥੇ ਹੀ ਉਨ੍ਹਾਂ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਕਿਸਾਨ ਅੰਦੋਲਨ ’ਚ ਯੋਗਦਾਨ ਅਤੇ ਸਮਾਜ ਪ੍ਰਤੀ ਉਨ੍ਹਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਡਾਕਟਰ ਲਈ ਮਰੀਜ਼ ਦੀ ਮੁਸਕਰਾਹਟ ਮਹੱਤਵਪੂਰਨ ਹੋਣੀ ਚਾਹੀਦੀ ਹੈ। ਡਾ. ਯਸ਼ ਸ਼ਰਮਾ ਨੇ ਆਪਣੇ ਸੰਬੋਧਨ ’ਚ ਸਾਰੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਕਾਨਫਰੰਸ ’ਚ ਪ੍ਰਮੁੱਖ ਡਾਕਟਰਾਂ ਅਤੇ ਹਸਪਤਾਲ ਮੁਖੀਆਂ ਵੱਲੋਂ ਦਿੱਤੀ ਜਾਣਕਾਰੀ ਨਾਲ ਸਾਰਿਆਂ ਨੂੰ ਲਾਭ ਮਿਲੇਗਾ। ਆਈ. ਐੱਮ. ਏ. ਪੰਜਾਬ ਦੇ ਪ੍ਰਧਾਨ ਡਾ. ਭਗਵੰਤ ਸਿੰਘ ਨੇ ਪ੍ਰਬੰਧਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜੀਵ ਸੂਦ ਨੇ ਕਿਹਾ ਕਿ ਜਿਸ ਵਿਸ਼ੇ ’ਤੇ ਕਾਨਫ਼ਰੰਸ ਆਯੋਜਿਤ ਹੋ ਰਹੀ ਹੈ, ਉਹ ਬੇਹੱਦ ਮਹੱਤਵਪੂਰਨ ਹੈ। ਪੰਜਾਬ ਮੈਡੀਕਲ ਕੌਂਸਲ ਦੇ ਮੈਂਬਰ ਡਾ. ਪਰਮਜੀਤ ਮਾਨ ਨੇ ਵੀ ਹਾਜ਼ਰ ਲੋਕਾਂ ਨੂੰ ਸੰਬੋਧਨ ਕੀਤਾ।
ਇਹ ਵੀ ਪੜ੍ਹੋ- ਮੈਕਲੋਡਗੰਜ ਘੁੰਮਣ ਗਏ ਦੋਸਤਾਂ ਨਾਲ ਵਾਪਰੀ ਅਣਹੋਣੀ, ਪਾਣੀ 'ਚ ਰੁੜਿਆ ਜਲੰਧਰ ਦਾ ਮੁੰਡਾ, ਵੇਖੋ ਖ਼ੌਫ਼ਨਾਕ ਵੀਡੀਓ
ਮਰੀਜ਼ ਉਦੋਂ ਹੀ ਸੰਤੁਸ਼ਟ ਹੋਵੇਗਾ ਜਦੋਂ ਡਾਕਟਰ ਉਚਿਤ ਦਰਾਂ ’ਤੇ ਇਲਾਜ ਕਰਨਗੇ: ਵਿਜੇ ਕੁਮਾਰ ਚੋਪੜਾ
ਆਪਣੇ ਸੰਬੋਧਨ ’ਚ ਸ਼੍ਰੀ ਵਿਜੇ ਕੁਮਾਰ ਚੋਪੜਾ ਨੇ ਕਿਹਾ ਕਿ ਮਰੀਜ਼ ਉਦੋਂ ਹੀ ਹਸਪਤਾਲ ਤੋਂ ਸੰਤੁਸ਼ਟ ਅਤੇ ਖੁਸ਼ ਹੋ ਕੇ ਬਾਹਰ ਜਾਵੇਗਾ, ਜਦੋਂ ਡਾਕਟਰ ਇਲਾਜ ਦੇ ਪੈਸੇ ਘੱਟ ਲੈਣਗੇ ਅਤੇ ਰਿਆਇਤ ਜ਼ਿਆਦਾ ਕਰਨਗੇ। ਉਨ੍ਹਾਂ ਦੱਸਿਆ ਕਿ 1952 ’ਚ ਚੋਣਾਂ ਤੋਂ ਬਾਅਦ ਸਵਰਗੀ ਪਿਤਾ ਲਾਲਾ ਜਗਤ ਨਾਰਾਇਣ ਜੀ ਜਦੋਂ ਪੰਜਾਬ ਦੇ ਹੈਲਥ ਮਿਨਿਸਟਰ ਬਣੇ ਤਾਂ ਉਨ੍ਹਾਂ ਨੇ ਡਾਕਟਰਾਂ ਦੀ ਘੱਟ ਗਿਣਤੀ ਕਾਰਨ ਵੈਦਾਂ ਨੂੰ ਇਲਾਜ ਕਰਨ ਦੀ ਇਜਾਜ਼ਤ ਦਿੱਤੀ, ਕਈ ਹਸਪਤਾਲ ਅਤੇ ਮੈਡੀਕਲ ਕਾਲਜ ਖੋਲ੍ਹੇ ਗਏ। ਆਪਣੇ ਸੰਬੋਧਨ ’ਚ ਉਨ੍ਹਾਂ ਨੇ ਡਾ. ਸ਼ਿੰਗਾਰਾ ਸਿੰਘ ਅਤੇ ਡਾ. ਸੁਸ਼ਮਾ ਚਾਵਲਾ ਦਾ ਵਿਸ਼ੇਸ਼ ਜ਼ਿਕਰ ਕੀਤਾ, ਜਿਨ੍ਹਾਂ ਦਾ ਇਸ ਪਰਿਵਾਰ ਨਾਲ ਸੰਬੰਧ ਰਿਹਾ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਅੱਜ ਕੇਂਦਰ ਸਰਕਾਰ ਦਾ ਸਾਰਾ ਧਿਆਨ ਅਤੇ ਅੰਤਰਰਾਸ਼ਟਰੀ ਪ੍ਰਤੀਨਿਧੀਆਂ ਦੇ ਆਗਮਨ ’ਤੇ ਸਾਰੀ ਚਰਚਾ ਹਥਿਆਰਾਂ ਨੂੰ ਲੈ ਕੇ ਹੁੰਦੀ ਹੈ, ਸਿਹਤ ਨੂੰ ਲੈ ਕੇ ਨਹੀਂ। ਅੱਜ ਵੀ ਡਾਕਟਰਾਂ ਨੂੰ ਮੈਡੀਕਲ ਨਾਲ ਸੰਬੰਧਤ ਮਸ਼ੀਨਰੀ ਹਾਈ ਡਿਊਟੀ ਦੇ ਕੇ ਇੰਪੋਰਟ ਕਰਨੀ ਪੈਂਦੀ ਹੈ। ਪਿਛਲੀਆਂ ਸਰਕਾਰਾਂ ਨੇ ਮੈਡੀਕਲ ਅਤੇ ਸਿੱਖਿਆ ਵੱਲ ਧਿਆਨ ਨਹੀਂ ਦਿੱਤਾ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ ਅਤੇ ਪੰਜਾਬ ’ਚ ਇਸ ਦਿਸ਼ਾ ’ਚ ਕੰਮ ਕਰ ਕੇ ਕਈ ਮਿਸਾਲਾਂ ਸਥਾਪਤ ਕੀਤੀਆਂ ਹਨ।
ਉਨ੍ਹਾਂ ਕਿਹਾ ਕਿ ਅੱਜ ਆਯੁਸ਼ਮਾਨ ਸਕੀਮ ਦਾ ਕਾਰਡ ਬਣਾਉਣ ਲਈ ਆਸ਼ਾ ਵਰਕਰਾਂ ਦੀ ਡਿਊਟੀ ਘਰ-ਘਰ ਜਾਣ ਲਈ ਲਾਈ ਗਈ ਹੈ ਪਰ ਆਸ਼ਾ ਵਰਕਰ ਖੁਦ ਇਸ ਕਾਰਡ ਦੇ ਲਾਭਪਾਤਰੀ ਨਹੀਂ ਹਨ। ਉਨ੍ਹਾਂ ਮੈਡੀਕਲ ਨਾਲ ਜੁੜੀਆਂ ਸੰਸਥਾਵਾਂ ਖਾਸ ਤੌਰ ’ਤੇ ਆਈ. ਐੱਮ.ਏ. ਨੂੰ ਬੇਨਤੀ ਕੀਤੀ ਕਿ ਪੇਂਡੂ ਖੇਤਰਾਂ ’ਚ ਸਥਿਤ ਰੂਰਲ ਹੈਲਥ ਸੈਂਟਰਸ ਨੂੰ ਅਡਾਪਟ ਕਰਨ ਤਾਂ ਕਿ ਉੱਥੇ ਵੀ ਉੱਚ ਪੱਧਰੀ ਸਹੂਲਤਾਂ ਦਿੱਤੀਆਂ ਜਾ ਸਕਣ। ਉਨ੍ਹਾਂ ਨੌਜਵਾਨ ਡਾਕਟਰਾਂ ਨੂੰ ਵੀ ਬੇਨਤੀ ਕੀਤੀ ਕਿ ਸਰਕਾਰੀ ਹਸਪਤਾਲਾਂ ਨਾਲ ਪਾਰਟਨਰਸ਼ਿਪ ਮੋਡ ’ਤੇ ਕੰਮ ਕਰਨ ਲਈ ਖੁਦ ਨੂੰ ਤਿਆਰ ਕਰਨ। ਉਨ੍ਹਾਂ ਸਰਕਾਰੀ ਸੇਵਾ ’ਚ ਲੱਗੇ ਮੈਡੀਕਲ ਅਧਿਕਾਰੀਆਂ ਨੂੰ ਵੀ ਆਪਣੀ ਡਿਊਟੀ ਈਮਾਨਦਾਰੀ ਨਾਲ ਕਰਨ ਨੂੰ ਕਿਹਾ ਤਾਂ ਕਿ ਸਰਕਾਰੀ ਹਸਪਤਾਲ ਦਾ ਕੋਈ ਮਰੀਜ਼ ਨਿੱਜੀ ਹਸਪਤਾਲ ’ਚ ਨਾ ਜਾਵੇ। ਉਨ੍ਹਾਂ ਡਾਕਟਰਾਂ ਨੂੰ ਭਰੋਸਾ ਦਿੱਤਾ ਕਿ ਕੋਈ ਸਰਕਾਰੀ ਵਿਭਾਗ ਉਨ੍ਹਾਂ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਨਹੀਂ ਕਰੇਗਾ।
ਇਹ ਵੀ ਪੜ੍ਹੋ- AG ਦਫ਼ਤਰ ਦੀ ਕਾਰਗੁਜ਼ਾਰੀ ਤੋਂ ਸਰਕਾਰ ਔਖੀ, ਪੰਜਾਬ ’ਚ ਜਲਦ ਵੱਡਾ ਪ੍ਰਸ਼ਾਸਨਿਕ ਫੇਰਬਦਲ ਦੀ ਉਮੀਦ
ਪ੍ਰੋਗਰਾਮ ਦੌਰਾਨ ਦਿਲ ਦੀਆਂ ਬੀਮਾਰੀਆਂ ਦੇ ਪ੍ਰਸਿੱਧ ਮਾਹਿਰ ਡਾ. ਵਾਂਡਰ ਵੀ ਮੌਜੂਦ ਰਹੇ, ਜਿਨ੍ਹਾਂ ਨੂੰ ਪ੍ਰਬੰਧਕਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਸਿਵਲ ਸਰਜਨ ਡਾ. ਰਮਨ ਸ਼ਰਮਾ, ਪ੍ਰਿੰ. ਵਿਸ਼ਵ ਮੋਹਨ, ਡਾ. ਪੀ. ਐੱਸ. ਬਰਾੜ, ਡਾ. ਹਨੀ ਚੀਮਾ, ਡਾ. ਰਾਜੀਵ ਅਰੋੜਾ, ਡਾ. ਆਰ. ਕੇ. ਗੋਰੀਆ, ਡਾ. ਸੁਨੀਲ ਖੇਤਰਪਾਲ, ਡਾ. ਸੀ. ਐੱਮ. ਭਗਤ, ਡਾ. ਅਮਿਤ ਮੰਡਲ, ਹਿੰਦੂਜਾ ਹਸਪਤਾਲ ਤੋਂ ਗੌਤਮ ਖੰਨਾ, ਪ੍ਰਿੰਸਟੀਨ ਕੇਅਰ ਤੋਂ ਤਰੁਣ ਬਾਂਸਲ ਵੀ ਮੁੱਖ ਮਹਿਮਾਨ ਦੇ ਰੂਪ ’ਚ ਮੌਜੂਦ ਰਹੇ। ਪ੍ਰੋਗਰਾਮ ਦੇ ਦੂਜੇ ਪੜਾਅ ’ਚ ਅਕੈਡਮਿਕ ਸੈਸ਼ਨ ਦੀ ਸ਼ੁਰੂਆਤ ਡਾ. ਸੁਕ੍ਰਿਤੀ ਸ਼ਰਮਾ ਨੇ ਕੀਤੀ, ਜਿਸ ਦੌਰਾਨ ਵੱਖ-ਵੱਖ ਵਿਸ਼ਿਆਂ ’ਤੇ ਬੁਲਾਰਿਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਦੌਰਾਨ ਐੱਨ. ਏ. ਬੀ. ਐੱਚ. ਸਟੈਂਡਰਡ, ਪੇਸ਼ੈਂਟ ਸੇਫਟੀ, ਕੁਆਲਿਟੀ, ਆਪ੍ਰੇਸ਼ਨਲ ਕਾਸਟ, ਟ੍ਰੀਟਮੈਂਟ, ਇਨਫੈਂਸ਼ਨਲ ਕੰਟਰੋਲ, ਗਾਈਡਲਾਈਨਜ਼, ਮੈਡੀਕਲ ਸੇਫਟੀ ਅਤੇ ਵਿੱਤੀ ਸੰਤੁਲਨ ਵਰਗੇ ਵਿਸ਼ਿਆਂ ’ਤੇ ਖੁੱਲ੍ਹ ਕੇ ਚਰਚਾ ਹੋਈ। ਸਵਾਲ-ਜਵਾਬ ਦਾ ਦੌਰ ਵੀ ਚੱਲਿਆ।
ਅਕੈਡਮੀ ਸੈਸ਼ਨ ਦੇ ਪ੍ਰਧਾਨਗੀ ਮੰਡਲ ’ਚ ਡਾ. ਵਿਜੇ ਮਹਾਜਨ, ਡਾ. ਰਾਕੇਸ਼ ਵਿਗ, ਡਾ. ਸੁਨੀਲ ਕਤਿਆਲ, ਡਾ. ਵਿਤੁਲ ਗੁਪਤਾ, ਡਾ. ਸੀ. ਪੀ. ਸਿੱਕਾ, ਡਾ. ਕਰਮਵੀਰ ਗੋਇਲ, ਡਾ. ਐੱਸ. ਪੀ. ਐੱਸ. ਗਰੋਵਰ, ਡਾ. ਰਾਕੇਸ਼ ਅਰੋੜਾ, ਡਾ. ਸੁਸ਼ਮਾ ਚਾਵਲਾ, ਡਾ. ਐੱਚ. ਐੱਸ. ਮਾਨ, ਡਾ. ਸ਼ੁਭਾ ਸ਼ਰਮਾ, ਡਾ. ਦੀਪਕ ਪੁਰੀ, ਡਾ. ਅਰੀਨਾ, ਡਾ. ਸ਼ਿਵਾਨੀ, ਡਾ. ਰਾਜਿੰਦਰ ਬਾਂਸਲ, ਡਾ. ਨਵੀਨ ਚਿਤਕਾਰਾ, ਡਾ. ਤਰੁਣਦੀਪ ਭਾਟੀਆ, ਡਾ. ਬਿੰਦੂ ਗੋਇਲ, ਪਲਕ ਪਟੇਲ, ਡਾ. ਵਿਜੇ ਵਾਸੂਦੇਵਾ, ਡਾ. ਸਵਪਨ ਸੂਦ, ਡਾ. ਜੇ. ਐੱਸ. ਥਿੰਦ, ਡਾ. ਮੁਕੇਸ਼ ਜੋਸ਼ੀ, ਡਾ. ਬੀ. ਐੱਸ. ਜੌਹਲ, ਡਾ. ਰਣਬੀਰ ਸਿੰਘ, ਡਾ. ਕਪਿਲ ਗੁਪਤਾ, ਡਾ. ਜੈਸਮੀਨ ਦਹੀਆ, ਡਾ. ਅਮਨਦੀਪ, ਡਾ. ਜੇ. ਐੱਸ. ਬਾਠ, ਡਾ. ਪੁਸ਼ਪਿੰਦਰ ਕੌਰ, ਡਾ. ਰਮਨ ਗੁਪਤਾ ਅਤੇ ਡਾ. ਅੰਕੁਸ਼ ਬਾਂਸਲ ਮੌਜੂਦ ਰਹੇ। ਇਸ ਦੌਰਾਨ ਡਾ. ਬਲਬੀਰ ਸਿੰਘ ਭੌਰਾ, ਐੱਮ. ਐੱਲ. ਏਰੀ, ਡਾ. ਵੀ. ਪੀ. ਸ਼ਰਮਾ, ਡਾ. ਰਘੁਵਿੰਦਰ ਸਿੰਘ, ਡਾ. ਅਸ਼ਵਨੀ ਸੂਰੀ, ਡਾ. ਗਰਿਮਾ, ਡਾ. ਗੀਤਾ, ਡਾ. ਸੂਚ, ਡਾ. ਅਮਿਤਾ ਸ਼ਰਮਾ ਅਤੇ ਡਾ. ਗੁਰਪ੍ਰੀਤ ਕੌਰ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ- ਮਲੋਟ ਵਿਖੇ ਤੜਕਸਾਰ ਵਾਪਰਿਆ ਭਿਆਨਕ ਸੜਕ ਹਾਦਸਾ, ਪਿਓ-ਪੁੱਤ ਸਣੇ 4 ਲੋਕਾਂ ਦੀ ਦਰਦਨਾਕ ਮੌਤ
ਪੰਜਾਬ ’ਚ ਪੀ. ਜੀ. ਆਈ. ਵਰਗੇ ਅਦਾਰੇ ਖੋਲ੍ਹੇ ਜਾਣੇ ਚਾਹੀਦੇ : ਡਾ. ਗਿਰਧਰ ਗਿਆਨੀ
ਇਸ ਵਰਕਸ਼ਾਪ ਦੌਰਾਨ ਏ. ਐੱਚ. ਪੀ. ਆਈ. ਦੇ ਡਾਇਰੈਕਟਰ ਜਨਰਲ ਅਤੇ ਮੈਡੀਕਲ ਜਗਤ ’ਚ ਐੱਨ. ਏ. ਬੀ. ਐੱਚ. ਦਾ ਸੰਕਲਪ ਲਿਆਉਣ ਵਾਲੇ ਡਾ. ਗਿਰਧਰ ਗਿਆਨੀ ਮੁੱਖ ਬੁਲਾਰੇ ਦੇ ਰੂਪ ’ਚ ਹਾਜ਼ਰ ਰਹੇ, ਜਿਨ੍ਹਾਂ ਨੇ ਸਰਕਾਰ ਅਤੇ ਮੈਡੀਕਲ ਜਗਤ ਨਾਲ ਜੁੜੇ ਲੋਕਾਂ ਨੂੰ ਕਈ ਸੁਝਾਅ ਦਿੱਤੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ’ਚ ਪੀ. ਜੀ. ਆਈ. ਵਰਗੇ ਪੋਸਟ ਗ੍ਰੈਜੂਏਟ ਅਦਾਰੇ ਖੋਲ੍ਹੇ ਜਾਣੇ ਚਾਹੀਦੇ ਹਨ। ਸਰਕਾਰ ਹਸਪਤਾਲਾਂ ਤੇ ਡਾਕਟਰਾਂ ਨੂੰ ਘੱਟ ਟੈਰਿਫ ’ਤੇ ਬਿਜਲੀ ਮੁਹੱਈਆ ਕਰਵਾਏ ਅਤੇ ਉਨ੍ਹਾਂ ਨੂੰ ਸਬਸਿਡੀ ’ਤੇ ਕਰਜ਼ਾ ਮਿਲੇ। ਵੱਖ-ਵੱਖ ਤਰ੍ਹਾਂ ਦੀ ਐੱਨ.ਓ. ਸੀ. ਲੈਣ ਲਈ ਸਿੰਗਲ ਵਿੰਡੋ ਸਿਸਟਮ ਹੋਣਾ ਚਾਹੀਦਾ ਹੈ, ਜਿਸ ਲਈ ਸਰਕਾਰ ਆਊਟਸੋਰਸ ਆਧਾਰ ’ਤੇ ਸੇਵਾਵਾਂ ਪ੍ਰਾਪਤ ਕਰ ਸਕਦੀ ਹੈ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਮੈਡੀਕਲ ਸਹੂਲਤ ਸਾਰਿਆਂ ਲਈ ਫ੍ਰੀ ਕਰਨ ਦੀ ਬਜਾਏ ਿਸਰਫ ਗਰੀਬੀ ਰੇਖਾ ਤੋਂ ਹੇਠਾਂ ਵਾਲੇ ਵਰਗ ਨੂੰ ਹੀ ਦਿੱਤੀ ਜਾਣੀ ਚਾਹੀਦੀ ਤਾਂ ਕਿ ਸਰਕਾਰ ਦੇ ਸਾਧਨ ਘੱਟ ਨਾ ਹੋਣ। ਉਨ੍ਹਾਂ ਹਸਪਤਾਲ ਦੇ ਸੰਚਾਲਕਾਂ ਨੂੰ ਵੀ ਸੁਧਾਰ ਸਬੰਧੀ ਕਈ ਟਿਪਸ ਦਿੱਤੇ। ਉਨ੍ਹਾਂ ਸਰਕਾਰ ਨੂੰ ਬੇਨਤੀ ਕੀਤੀ ਕਿ ਸਰਕਾਰੀ ਹਸਪਤਾਲਾਂ ’ਚ ਹੋਣ ਵਾਲੇ ਇਲਾਜ ਦੀ ਲਾਗਤ ਦੀ ਔਸਤ ਕੱਢ ਕੇ ਪ੍ਰਦਰਸ਼ਿਤ ਕੀਤੀ ਜਾਵੇ ਤਾਂ ਕਿ ਪ੍ਰਾਈਵੇਟ ਸੈਕਟਰ ਪ੍ਰਤੀ ਪੈਦਾ ਹੋ ਰਹੀ ਨਾਂਹਪੱਖੀ ਧਾਰਨਾ ਖਤਮ ਕੀਤੀ ਜਾ ਸਕੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ