ਪੰਜਾਬ ਦੇ ਸਿਹਤ ਮੰਤਰੀ ਨੇ ਧਰਨੇ ਦੇ ਕੇ ਉਡਾਈਆਂ ਨਿਯਮਾਂ ਦੀਆਂ ਧੱਜੀਆਂ
Saturday, May 02, 2020 - 03:08 PM (IST)
ਮੋਹਾਲੀ (ਰਾਣਾ) : ਕੋਰੋਨਾ ਮਹਾਮਾਰੀ ਦੇ ਚਲਦੇ ਜਿੱਥੇ ਮੋਹਾਲੀ 'ਚ ਧਾਰਾ-144 ਲੱਗੀ ਹੋਈ ਹੈ, ਉੱਥੇ ਹੀ ਕਿਸੇ ਨੂੰ ਵੀ ਬਿਨਾਂ ਕਿਸੇ ਜ਼ਰੂਰੀ ਕੰਮ ਅਤੇ ਪਾਸ ਤੋਂ ਬਿਨਾਂ ਘਰ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੈ ਪਰ ਲੱਗਦਾ ਹੈ ਇਹ ਨਿਯਮ ਸਿਰਫ ਆਮ ਜਨਤਾ 'ਤੇ ਹੀ ਲਾਗੂ ਹੁੰਦੇ ਹਨ। ਇਸ ਦੀ ਉਦਾਹਰਣ ਸ਼ੁੱਕਰਵਾਰ ਨੂੰ ਮੋਹਾਲੀ ਦੇ ਫੇਜ਼-7 ਦੀ ਲਾਈਟ ਪੁਆਇੰਟ 'ਤੇ ਦੇਖਣ ਨੂੰ ਮਿਲੀ ਜਿੱਥੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ 'ਚ ਜੀ. ਐੱਸ. ਟੀ. ਨੂੰ ਲੈ ਕੇ ਧਰਨੇ 'ਤੇ ਬੈਠ ਗਏ, ਉਹ ਵੀ ਜ਼ਿਲਾ ਪ੍ਰਸ਼ਾਸਨ ਦੀ ਇਜਾਜ਼ਤ ਤੋਂ ਬਿਨਾਂ। ਧਰਨੇ 'ਚ ਮੌਜੂਦ ਕੋਈ ਵੀ ਵਿਅਕਤੀ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਵਿਖਾਈ ਨਹੀਂ ਦੇ ਰਹੇ ਸਨ ਅਤੇ ਮੋਹਾਲੀ ਪੁਲਸ ਸਿਰਫ ਦੂਰੋਂ ਖੜ੍ਹੀ ਦੇਖਣ ਦਾ ਕੰਮ ਕਰ ਰਹੀ ਸੀ ਜਿਸ ਨੂੰ ਲੈ ਕੇ ਬੀ. ਜੇ. ਪੀ. ਨੇ ਵੀ ਮੋਰਚਾ ਖੋਲ੍ਹ ਦਿੱਤਾ ਅਤੇ ਸ਼ਨੀਵਾਰ ਨੂੰ ਬੀ. ਜੇ. ਪੀ. ਵਲੋਂ ਇਸ ਧਰਨੇ ਨੂੰ ਲੈ ਕੇ ਮੋਹਾਲੀ ਦੇ ਡਿਪਟੀ ਕਮਿਸ਼ਨਰ ਨੂੰ ਕਾਰਵਾਈ ਕਰਨ ਸਬੰਧੀ ਸ਼ਿਕਾਇਤ ਦਿੱਤੀ ਜਾਵੇਗੀ ।
ਸਵੇਰੇ ਤੋਂ ਹੀ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ ਸਮਰਥਕ
ਜਾਣਕਾਰੀ ਅਨੁਸਾਰ ਜੋ ਕਾਂਗਰਸੀਆਂ ਵਲੋਂ ਫੇਜ਼-7 ਦੀ ਲਾਈਟ ਪੁਆਇੰਟ 'ਤੇ ਧਰਨੇ ਤੇ ਬੈਠ ਗਏ, ਉਸ ਤੋਂ ਤਾਂ ਇੱਥੇ ਲੱਗਦਾ ਹੈ ਕਿ ਇਹ ਪੂਰੀ ਪਲਾਨਿੰਗ ਦੇ ਨਾਲ ਸੀ ਕਿਉਂਕਿ ਕਾਂਗਰਸੀ ਸਮਰਥਕ ਸਵੇਰੇ ਤੋਂ ਹੀ ਲਾਈਟ ਪੁਆਇੰਟ 'ਤੇ ਪਹੁੰਚ ਗਏ ਸਨ ਅਤੇ ਸੋਸ਼ਲ ਡਿਸਟੈਂਸਿੰਗ ਰੱਖਣ ਲਈ ਸੜਕ 'ਤੇ ਗੋਲੇ ਬਣਾ ਰਹੇ ਸਨ ਪਰ ਜਦੋਂ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਇਸ ਧਰਨੇ ਵਿਚ ਸ਼ਾਮਲ ਹੋਣ ਲਈ ਪੁੱਜੇ ਤਾਂ ਉਨ੍ਹਾਂ ਦੇ ਨਾਲ ਕਾਫ਼ੀ ਮਾਤਰਾ ਵਿਚ ਸਮਰਥਕ ਵੀ ਆਏ ਸਨ, ਜਿਸ ਤੋਂ ਬਾਅਦ ਤਾਂ ਜਿਵੇਂ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਨੂੰ ਤਾਂ ਸਾਰਿਆਂ ਨੇ ਦਰਕਿਨਾਰ ਕਰ ਦਿੱਤਾ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮੋਹਾਲੀ ਪੁਲਸ ਵੀ ਉੱਥੇ ਹੀ ਮੌਜੂਦ ਸੀ ਪਰ ਕਿਸੇ ਨੇ ਵੀ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਜਦੋਂ ਕਿ ਆਮ ਜਨਤਾ ਨੂੰ ਤਾਂ ਬਿਨਾਂ ਕਿਸੇ ਕੰਮ ਨਿਕਲਣ 'ਤੇ ਕੇਸ ਦਰਜ ਕਰ ਕੇ ਅਸਥਾਈ ਜੇਲ 'ਚ ਬੰਦ ਕਰ ਦਿੱਤਾ ਜਾਂਦਾ ਹੈ ।
ਜੋ ਮੋਹਾਲੀ ਵਿਚ ਕਾਂਗਰਸੀਆਂ ਵਲੋਂ ਧਰਨਾ ਦਿੱਤਾ ਗਿਆ ਸੀ ਉਸ ਨੂੰ ਲੈ ਕੇ ਪ੍ਰਸ਼ਾਸਨ ਵਲੋਂ ਕੋਈ ਇਜਾਜ਼ਤ ਨਹੀਂ ਲਈ ਗਈ ਸੀ। –ਜਗਦੀਪ ਸਹਿਗਲ, ਐੱਸ. ਡੀ. ਐੱਮ. ਮੋਹਾਲੀ ।