ਟਾਂਡਾ: ਬੈਂਕ ਨੂੰ ਲੁੱਟਣਾ ਚਾਹੁੰਦੇ ਸਨ ਲੁਟੇਰੇ, ਪਿੰਡ ਵਾਲਿਆਂ ਦੀ ਹੁਸ਼ਿਆਰੀ ਨਾਲ ਟਲੀ ਵੱਡੀ ਵਾਰਦਾਤ

05/26/2018 6:37:22 PM

ਟਾਂਡਾ ਉੜਮੁੜ (ਪੰਡਿਤ ਵਰਿੰਦਰ)— ਬਲਾਕ ਟਾਂਡਾ ਦੇ ਪਿੰਡ ਪੁਲ ਪੁਖਤਾ 'ਚ ਬੀਤੀ ਰਾਤ ਨਕਾਬਪੋਸ਼ 3 ਚੋਰਾਂ ਦੀ ਪੰਜਾਬ ਗ੍ਰਾਮੀਣ ਬੈਂਕ ਮਿਆਣੀ ਮੋੜ ਪੁਲ ਪੁਖਤਾ ਦੀ ਬ੍ਰਾਂਚ 'ਚ ਚੋਰੀ ਕਰਨ ਦੀ ਕੋਸ਼ਿਸ਼ ਉਸ ਸਮੇਂਨਾਕਾਮ ਹੋ ਗਈ ਜਦੋਂ ਨਜ਼ਦੀਕ ਰਹਿੰਦੇ ਗੁੱਜਰ ਪਰਵਾਰ ਨੂੰ ਇਸ ਦੀ ਭਿਣਕ ਲੱਗਣ 'ਤੇ ਉਨ੍ਹਾਂ ਨੇ ਰੌਲਾ ਪਾ ਦਿੱਤਾ। ਰੌਲੇ ਨੂੰ ਸੁਣ ਚੋਰ ਆਪਣੇ ਦੋ ਮੋਟਰਸਾਈਕਲ ਛੱਡ ਮੌਕੇ ਤੋਂ ਫਰਾਰ ਹੋ ਗਏ। ਵਾਰਦਾਤ ਰਾਤ ਇਕ ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ। ਚੋਰਾਂ ਵੱਲੋਂ ਬੈਂਕ ਦੀ ਗਰਿੱਲ ਤੋੜਨ ਦੀ ਵਾਰਦਾਤ ਬੈਂਕ ਦੇ ਸੀ. ਸੀ .ਟੀ. ਵੀ. 'ਚ ਕੈਦ ਹੋ ਗਈ ਹੈ। ਵਾਰਦਾਤ ਦੌਰਾਨ ਰਾਤ 1:07 ਵਜੇ ਤਿੰਨ ਨਕਾਬਪੋਸ਼ ਬੈਂਕ ਦੇ ਸ਼ਟਰ ਕੋਲ ਆਉਂਦੇ ਹਨ ਅਤੇ ਲਾਈਟ ਤੋੜਨ ਉਪਰੰਤ ਉਨ੍ਹਾਂ ਨੇ ਬਿਜਲੀ ਦੇ ਮੀਟਰ 'ਚ ਆਪਣੇ ਕਟਰ ਨੂੰ ਚਲਾਉਣ ਲਈ ਤਾਰਾ ਲਾਈਆਂ ਪਰ ਉਸ 'ਚ ਸਫਲ ਨਹੀਂ ਹੋ ਸਕੇ। 

PunjabKesari
ਬੈਂਕ ਦੇ ਸ਼ਟਰ ਨਾਲ ਲੱਗਦੀ ਗਰਿੱਲ ਦੀਆਂ ਅਜੇ ਤਿੰਨ ਸੀਖਾਂ ਹੀ ਤੋੜੀਆ ਸਨ ਕਿ ਉਨ੍ਹਾਂ ਦੇ ਰੌਲੇ ਦੀ ਭਿਣਕ ਨਜ਼ਦੀਕ ਰਹਿੰਦੇ ਦੋ ਗੁੱਜਰ ਪਰਿਵਾਰਾਂ ਨੂੰ ਲੱਗ ਗਈ। ਉਨ੍ਹਾਂ ਵੱਲੋਂ ਰੌਲਾ ਪਾਉਣ 'ਤੇ ਨਜ਼ਦੀਕੀ ਪਿੰਡ ਪੁਲ ਪੁਖਤਾ ਨਿਵਾਸੀ ਨੌਜਵਾਨ ਵੀ ਮੌਕੇ 'ਤੇ ਆ ਗਏ। ਲੋਕਾਂ ਦੇ ਇਕੱਠੇ ਹੁੰਦੇ ਦੇਖ ਤਿੰਨੋਂ ਨਕਾਬਪੋਸ਼ ਚੋਰ ਮਿਆਣੀ ਰੋਡ 'ਤੇ ਇਕ ਬੰਦ ਪਈ ਕਾਲੋਨੀ ਨਜ਼ਦੀਕ ਖੜ੍ਹੇ ਕੀਤੇ ਆਪਣੇ ਦੋ ਮੋਟਰਸਾਈਕਲ ਛੱਡ ਫਰਾਰ ਹੋ ਗਏ। 

PunjabKesari
ਸੂਚਨਾ ਮਿਲਣ 'ਤੇ ਰਾਤ ਨੂੰ ਹੀ ਮੌਕੇ 'ਤੇ ਪਹੁੰਚੇ ਏ. ਐੱਸ. ਆਈ. ਸੁਰਿੰਦਰ ਸਿੰਘ ਦੀ ਟੀਮ ਨੇ ਮੋਟਰਸਾਈਕਲਾਂ ਨੂੰ ਕਬਜ਼ੇ 'ਚ ਲਿਆ। ਸ਼ਨੀਵਾਰ ਸਵੇਰੇ ਟਾਂਡਾ ਪੁਲਸ ਨੇ ਮੋਬਾਇਲ ਫੋਰੈਂਸਿਕ ਟੀਮ ਦੇ ਹੈੱਡ ਕਾਂਸਟੇਬਲ ਸੁੱਚਾ ਸਿੰਘ ਅਤੇ ਡਾਗ ਸਕੁਐਡ ਦੇ ਸੁਰਜੀਤ ਸਿੰਘ ਨੇ ਚੋਰਾਂ ਦਾ ਸੁਰਾਗ ਪਾਉਣ ਲਈ ਤਫਤੀਸ਼ ਸ਼ੁਰੂ ਕੀਤੀ ਹੈ। ਟਾਂਡਾ ਪੁਲਸ ਨੇ ਬੈਂਕ ਮੈਨੇਜਰ ਕੁਲਜਿੰਦਰ ਸਿੰਘ ਅਤੇ ਕੈਸ਼ੀਅਰ ਅਮਿਤ ਦੀਪ ਕੁਮਾਰ ਦੇ ਬਿਆਨ ਦੇ ਆਧਾਰ 'ਤੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਹੈ।
PunjabKesari
ਉਨ੍ਹਾਂ ਨੇ ਦੱਸਿਆ ਕਿ ਬਰਾਮਦ ਹੋਏ ਮੋਟਰਸਾਈਕਲਾਂ ਤੋਂ ਚੋਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਬੈਂਕ 'ਚ ਪਹਿਲਾ ਵੀ ਚੋਰੀ ਦੀ ਨਾਕਾਮ ਕੋਸ਼ਿਸ਼ ਹੋ ਚੁੱਕੀ ਹੈ।


Related News