ਕੇਂਦਰੀ ਖੁਰਾਕ ਰਾਹਤ ਸਮੱਗਰੀ ਨਹੀਂ ਵੰਡ ਰਹੀ ਪੰਜਾਬ ਸਰਕਾਰ : ਹਰਸਿਮਰਤ

05/06/2020 9:22:30 PM

ਬਠਿੰਡਾ, (ਜ.ਬ.)— ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਇਥੇ ਕਿਹਾ ਕਿ ਕੇਂਦਰ ਵਲੋਂ ਅਪ੍ਰੈਲ ਮਹੀਨੇ ਲਈ ਭੇਜੀ ਖੁਰਾਕ ਰਾਹਤ ਸਮੱਗਰੀ ਪੰਜਾਬ 'ਚ ਨਹੀਂ ਵੰਡੀ ਜਾ ਰਹੀ ਹੈ। ਪੰਜਾਬ ਸਰਕਾਰ ਗਰੀਬਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝਾ ਨਾ ਕਰੇ।
ਉਨ੍ਹਾਂ ਕਿਹਾ ਕਿ ਸੂਬੇ ਦੀ ਰਿਪੋਰਟ ਹੈ ਕਿ ਮਈ ਮਹੀਨੇ ਲਈ ਕੇਂਦਰੀ ਰਾਹਤ ਸਮੱਗਰੀ, ਜਿਸ 'ਚ ਕਣਕ ਅਤੇ ਦਾਲਾਂ ਸ਼ਾਮਲ ਹਨ, ਪੰਜਾਬ 'ਚ ਪਹੁੰਚ ਚੁੱਕੀ ਹੈ ਪਰ ਅਜੇ ਤਕ ਪਿਛਲੇ ਮਹੀਨੇ ਦਾ ਰਾਸ਼ਨ ਵੀ ਲੋਕਾਂ 'ਚ ਪੂਰਾ ਨਹੀਂ ਵੰਡਿਆ ਗਿਆ ਹੈ, ਜਦਕਿ ਹੁਣ ਤਕ ਕੇਂਦਰ ਸਰਕਾਰ ਪੰਜਾਬ ਦੀ ਅੱਧੀ ਆਬਾਦੀ 1.4 ਕਰੋੜ ਲੋਕਾਂ ਵਾਸਤੇ ਇਕ ਲੱਖ ਮੀਟਰਿਕ ਟਨ ਕਣਕ ਅਤੇ 6,000 ਮੀਟਰਿਕ ਟਨ ਦਾਲਾਂ ਭੇਜ ਚੁੱਕੀ ਹੈ।

ਸਿਆਸੀ ਵਿਤਕਰੇ ਦੇ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਰਾਹਤ ਸਮੱਗਰੀ ਦੀ ਵੰਡ ਸਿਰਫ ਲੁਧਿਆਣਾ ਅਤੇ ਪਟਿਆਲਾ ਜ਼ਿਲ੍ਹਿਆਂ 'ਚ ਸ਼ੁਰੂ ਕੀਤੀ ਗਈ ਹੈ, ਜਿੰਨ੍ਹਾਂ ਦੀ ਨੁੰਮਾਇੰਦਗੀ ਕ੍ਰਮਵਾਰ ਖੁਰਾਕ ਅਤੇ ਸਿਵਲ ਸਪਲਾਈਜ਼ ਮੰਤਰੀ ਅਤੇ ਮੁੱਖ ਮੰਤਰੀ ਕਰਦੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਬਿਨਾਂ ਦੇਰੀ ਰਾਹਤ ਸਮੱਗਰੀ ਵੰਡਣੀ ਚਾਹੀਦੀ ਹੈ। ਇਸ ਸਕੀਮ ਦਾ ਲਾਭ ਲੈਣ ਦੇ ਹੱਕਦਾਰ 1.4 ਕਰੋੜ ਲਾਭਾਪਾਤਰੀਆਂ ਨੂੰ ਇਹ ਜਾਨਣ ਦਾ ਹੱਕ ਹੈ ਕਿ ਉਨ੍ਹਾਂ ਨੂੰ ਇਹ ਲਾਭ ਕਿਉਂ ਨਹੀਂ ਦਿੱਤਾ ਗਿਆ?

ਬੀਬਾ ਬਾਦਲ ਨੇ ਕਿਹਾ ਕਿ ਲਾਭਪਾਤਰੀਆਂ ਨੂੰ ਹੱਕ ਹੈ ਕਿ ਉਹ ਇਸ ਰਾਹਤ ਸਮੱਗਰੀ ਲਈ ਆਪਣੇ ਵਿਧਾਇਕਾਂ ਤੇ ਹੋਰ ਆਗੂਆਂ ਨੂੰ ਸਵਾਲ ਕਰਨ ਕਿ ਉਨ੍ਹਾਂ ਦੇ ਹਿੱਸੇ ਦੀ ਰਾਹਤ ਸਮੱਗਰੀ ਕਿੱਥੇ ਹੈ, ਜੇਕਰ ਕੋਈ ਹੱਲ ਨਹੀਂ ਹੁੰਦਾ ਤਾਂ ਆਪਣਾ ਹੱਕ ਲੈਣ ਖਾਤਰ ਉਹ ਖੁਦ ਹੀ ਕਮੇਟੀਆਂ ਬਣਾ ਕੇ ਆਗੂਆਂ ਨੂੰ ਦਬਾਅ ਪਾਉਣ। ਪੰਜਾਬ ਦੇ ਲੋਕ ਕਾਂਗਰਸੀਆਂ ਨੂੰ ਇਸ ਰਾਹਤ ਸਮੱਗਰੀ 'ਤੇ ਕਬਜ਼ਾ ਨਹੀਂ ਕਰਨ ਦੇਣਗੇ।


KamalJeet Singh

Content Editor

Related News