ਮਾਸਕਾਂ ਦੇ ਨਾਂ ’ਤੇ ਲੋਕਾਂ ਦੇ ਚਲਾਨ ਕੱਟ ਕੇ ਖਜ਼ਾਨਾ ਭਰਨ ’ਚ ਲੱਗੀ ਪੰਜਾਬ ਸਰਕਾਰ : ਚੀਮਾ

06/09/2020 8:11:50 PM

ਦਿੜ੍ਹਬਾ ਮੰਡੀ, (ਅਜੈ)- ‘‘ਪੰਜਾਬ ਸਰਕਾਰ ਕੋਰੋਨਾ ਵਾਇਰਸ ਦੇ ਨਾਂ ’ਤੇ ਲੋਕਾਂ ਦੀ ਦਿਨ-ਦਿਹਾੜੇ ਲੁੱਟ ਕਰਨ ’ਚ ਲੱਗੀ ਹੋਈ ਹੈ। ਜਿਸ ਦੀ ਤਾਜਾ ਉਦਾਹਰਣ ਮਾਸਕਾਂ ਦੇ ਨਾਂ ’ਤੇ ਸੂਬੇ ਦੇ ਲੋਕਾਂ ਦੇ ਧੜਾ-ਧੜ ਕੱਟੇ ਜਾ ਰਹੇ ਚਲਾਨਾਂ ਤੋਂ ਲਈ ਜਾ ਸਕਦੀ ਹੈ।’’ ਉਕਤ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਅਤੇ ਦਿੜ੍ਹਬਾ ਤੋਂ ਵਿਧਾਇਕ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਜਗ ਬਾਣੀ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਦਿੱਲੀ ’ਚ ਕੰਮ ਕਰ ਰਹੀ ‘ਆਪ’ ਪਾਰਟੀ ਦੀ ਸਰਕਾਰ ਵਾਂਗ ਇਸ ਔਖੇ ਸਮੇਂ ’ਚ ਲੋਕਾਂ ਦੀ ਮਦਦ ਕਰਨੀ ਚਾਹੀਦੀ ਸੀ ਪਰ ਕੈਪਟਨ ਅਮਰਿੰਦਰ ਸਿੰਘ ਦੇ ਕਹਿਣ ’ਤੇ ਪੁਲਸ ਵੱਲੋਂ ਮਾਸਕ ਨਾ ਪਾਏ ਹੋਣ ’ਤੇ 500 ਰੁਪਏ ਦੇ ਚਲਾਨ ਕੱਟ ਕੇ ਜਿੱਥੇ ਆਪਣਾ ਖਜ਼ਾਨਾ ਭਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਉਥੇ ਹੀ ਇਸ ਨਾਲ ਗਰੀਬ ਤੇ ਆਮ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।

ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ’ਚ ਆਪਣੀ ਗੱਡੀ ’ਚ ਜਾ ਰਹੀ ਇਕ ਲੇਡੀਜ ਡਾਕਟਰ ਦਾ ਮਾਸਕ ਨਾ ਪਾਏ ਹੋਣ ਦੇ ਨਾਂ ’ਤੇ ਚਲਾਨ ਕੱਟਣਾ ਹੋਰ ਵੀ ਮੰਦਭਾਗੀ ਘਟਨਾ ਹੈ। ਕੈਪਟਨ ਸਰਕਾਰ ਨੂੰ ਅਜਿਹੀਆਂ ਲੋਕ ਮਾਰੂ ਨੀਤੀਆਂ ਦਾ ਨਤੀਜਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਭੁਗਤਣਾ ਪਵੇਗਾ ਅਤੇ ਪੰਜਾਬ ਦੇ ਲੋਕ ਦਿੱਲੀ ਵਿਖੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕੀਤਾ ਗਿਆ ਵਿਕਾਸ ਅਤੇ ਕੋਰੋਨਾ ਕਾਲ ’ਚ ਲੋਕਾਂ ਦੀ ਮਦਦ ਲਈ ਕੀਤੇ ਗਏ ਪ੍ਰਬੰਧਾਂ ਨੂੰ ਵੇਖ ਕੇ ਕੈਪਟਨ ਅਤੇ ਅਕਾਲੀ ਦਲ ਨੂੰ ਤੁਰਦਾ ਕਰਨ ਲਈ ਤਿਆਰ ਬੈਠੇ ਹਨ।


Bharat Thapa

Content Editor

Related News