ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, 5773 ਪਿੰਡਾਂ ਨੂੰ ਰੈਵੀਨਿਊ ਲੈਂਡ ਦੀ ਰਜਿਸਟਰੀ ਲਈ ਐੱਨ. ਓ. ਸੀ. ਤੋਂ ਦਿੱਤੀ ਛੋਟ

01/02/2023 6:46:21 PM

ਚੰਡੀਗੜ੍ਹ : ਜ਼ਮੀਨ ਮਾਲਕਾਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਨੇ ਪੇਂਡੂ ਖੇਤਰਾਂ ਵਿਚ ਰੈਵੀਨਿਊ ਲੈਂਡ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਸੂਬੇ ਦੇ 5773 ਪਿੰਡਾਂ ਨੂੰ ਐੱਨ. ਓ. ਸੀ. ਲੈਣ ਤੋਂ ਛੋਟ ਦੇ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਇਹ ਲੋਕ-ਪੱਖੀ ਫ਼ੈਸਲਾ ਜ਼ਮੀਨ ਮਾਲਕਾਂ ਨੂੰ ਵੱਡੀ ਰਾਹਤ ਦੇਣ ਨਾਲ-ਨਾਲ 22 ਜ਼ਿਲ੍ਹਿਆਂ ਵਿਚ ਪੈਂਦੇ 5773 ਪਿੰਡਾਂ ਵਿਚ ਰੈਵੀਨਿਊ ਅਸਟੇਟ ਦੀ ਨਿਰਵਿਘਨ ਰਜਿਸਟ੍ਰੇਸ਼ਨ ਲਈ ਰਾਹ ਪੱਧਰਾ ਕਰੇਗਾ। ਜ਼ਿਕਰਯੋਗ ਹੈ ਕਿ ਗ਼ੈਰ-ਕਾਨੂੰਨੀ ਕਾਲੋਨੀਆਂ ’ਤੇ ਰੋਕ ਲਗਾਉਣ ਲਈ ਮਾਲ ਵਿਭਾਗ ਵੱਲੋਂ ਹਾਲ ਹੀ ਵਿਚ ਵਿਕਾਸ ਅਥਾਰਟੀ ਜਾਂ ਲੋਕਲ ਬਾਡੀ ਦੇ ਅਧਿਕਾਰ ਖੇਤਰ ਅਧੀਨ ਆਉਣ ਵਾਲੀਆਂ ਜਾਇਦਾਦਾਂ ਦੀ ਰਜਿਸਟ੍ਰੇਸ਼ਨ ਲਈ ਐੱਨ.ਓ.ਸੀ. ਜਾਰੀ ਕਰਨਾ ਲਾਜ਼ਮੀ ਕੀਤਾ ਗਿਆ ਸੀ। ਇਹ ਫ਼ੈਸਲਾ ਪਿੰਡਾਂ ਦੀ ਰੈਵੀਨਿਊ ਲੈਂਡ ’ਤੇ ਵੀ ਲਾਗੂ ਹੋ ਗਿਆ ਸੀ, ਜਿਸ ਨਾਲ ਜ਼ਮੀਨ ਮਾਲਕਾਂ ਲਈ ਪੇਂਡੂ ਖੇਤਰਾਂ ਵਿਚ ਜ਼ਮੀਨ ਦੀ ਰਜਿਸਟਰੀ ਕਰਵਾਉਣ ਤੋਂ ਪਹਿਲਾਂ ਲਾਇਸੈਂਸ ਲੈਣਾ ਲਾਜ਼ਮੀ ਹੋ ਗਿਆ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਚੰਡੀਗੜ੍ਹ ’ਚ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਮਿਲਿਆ ਬੰਬ

ਇਹ ਵੀ ਦੱਸਣਯੋਗ ਹੈ ਕਿ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ (ਪਾਪਰਾ) 1995 ਦੇ ਸੈਕਸ਼ਨ (20) (3) ਵਿਚ ਕਿਹਾ ਗਿਆ ਹੈ ਕਿ ਰਜਿਸਟ੍ਰੇਸ਼ਨ ਐਕਟ, 1908 ਦੇ ਉਪਬੰਧਾਂ ਅਧੀਨ ਕੋਈ ਵੀ ਰਜਿਸਟਰਾਰ ਜਾਂ ਸਬ-ਰਜਿਸਟਰਾਰ ਕਾਲੋਨੀ ਵਿਚਲੀ ਜ਼ਮੀਨ ਜਾਂ ਪਲਾਟ ਜਾਂ ਇਮਾਰਤ ਦੀ ਵਿਕਰੀ ਸਬੰਧੀ ਸੇਲ ਡੀਡ ਜਾਂ ਕੋਈ ਹੋਰ ਦਸਤਾਵੇਜ਼ ਰਜਿਸਟਰ ਨਹੀਂ ਕਰੇਗਾ, ਜਿਸ ਸਬੰਧੀ ਸਮਰੱਥ ਅਥਾਰਟੀ ਤੋਂ ਐੱਨ. ਓ. ਸੀ. ਪ੍ਰਾਪਤ ਨਾ ਕੀਤੀ ਗਈ ਹੋਵੇ। ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ (ਪਾਪਰਾ) 1995 ਦੇ ਸੈਕਸ਼ਨ (20) (3) ਦੇ ਉਪਬੰਧਾਂ ਤਹਿਤ ਗ਼ੈਰ-ਲਾਇਸੰਸਸ਼ੁਦਾ ਕਾਲੋਨੀ ਵਿਚ ਸਥਿਤ ਜ਼ਮੀਨ, ਪਲਾਟ ਜਾਂ ਇਮਾਰਤ ਵੇਚਣ ਲਈ ਐੱਨ. ਓ. ਸੀ. ਲੈਣੀ ਲਾਜ਼ਮੀ ਹੋਣ ਕਾਰਨ ਜ਼ਮੀਨ ਮਾਲਕਾਂ ਨੂੰ ਰਜਿਸਟਰੀ ਕਰਵਾਉਣ ਵਿਚ ਮੁਸ਼ਕਿਲ ਆ ਰਹੀ ਸੀ। ਇਸ ਦਾ ਨੋਟਿਸ ਲੈਂਦਿਆਂ ਹੁਣ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਨੇ ਜ਼ਮੀਨ ਮਾਲਕਾਂ ਨੂੰ ਪੇਂਡੂ ਖੇਤਰਾਂ ਵਿਚ ਰੈਵੀਨਿਊ ਲੈਂਡ ਦੀ ਰਜਿਸਟਰੀ ਲਈ ਐੱਨ. ਓ. ਸੀ. ਲੈਣ ਤੋਂ ਛੋਟ ਦੇ ਦਿੱਤੀ ਹੈ। ਪ੍ਰਮੁੱਖ ਸਕੱਤਰ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਅਜੋਏ ਕੁਮਾਰ ਸਿਨਹਾ ਨੇ ਕਿਹਾ ਕਿ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਅਤੇ ਇਸ ਐਕਟ ਦੇ ਬਾਕੀ ਉਪਬੰਧ (ਪ੍ਰੋਵਿਜ਼ਨਜ਼) ਉਸੇ ਤਰ੍ਹਾਂ ਲਾਗੂ ਰਹਿਣਗੇ।

ਇਹ ਵੀ ਪੜ੍ਹੋ : ਪੰਜਾਬ ’ਚ ਪੈ ਰਹੀ ਕੜਾਕੇ ਦੀ ਠੰਡ ਹੋਰ ਕੱਢੇਗੀ ਵੱਟ, ਮੌਸਮ ਵਿਭਾਗ ਨੇ ਫਿਰ ਜਾਰੀ ਕੀਤੀ ਚਿਤਾਵਨੀ

ਛੋਟ ਵਾਲੇ ਪਿੰਡਾਂ ਦਾ ਜ਼ਿਲ੍ਹਾ ਵਾਰ ਵੇਰਵਾ

ਅੰਮ੍ਰਿਤਸਰ (385 ਪਿੰਡ), ਬਠਿੰਡਾ (94), ਹੁਸ਼ਿਆਰਪੁਰ (902), ਜਲੰਧਰ (359), ਮਾਨਸਾ (137), ਐਸ.ਬੀ.ਐਸ. ਨਗਰ (152), ਲੁਧਿਆਣਾ (346), ਤਰਨ ਤਾਰਨ (260), ਮੋਗਾ (120), ਪਠਾਨਕੋਟ (191), ਫਤਿਹਗੜ੍ਹ ਸਾਹਿਬ (268), ਬਰਨਾਲਾ (66), ਸੰਗਰੂਰ (172), ਮਲੇਰਕੋਟਲਾ (69), ਫਾਜ਼ਿਲਕਾ (221), ਕਪੂਰਥਲਾ (305), ਸ੍ਰੀ ਮੁਕਤਸਰ ਸਾਹਿਬ (118), ਫਰੀਦਕੋਟ (113), ਰੂਪਨਗਰ (257), ਗੁਰਦਾਸਪੁਰ (479), ਪਟਿਆਲਾ (507), ਫਿਰੋਜ਼ਪੁਰ (252 ਪਿੰਡ)।

ਇਹ ਵੀ ਪੜ੍ਹੋ : ਨਵੇਂ ਸਾਲ ਮੌਕੇ ਸ੍ਰੀ ਦਰਬਾਰ ਸਾਹਿਬ ’ਚ ਵਾਪਰੀ ਵੱਡੀ ਘਟਨਾ, ਖੁਦ ਨੂੰ ਵਕੀਲ ਦੱਸਣ ਵਾਲੇ ਦੀ ਕਰਤੂਤ ਨੇ ਉਡਾਏ ਹੋਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News