ਸ਼ਹੀਦ ਭਗਤ ਸਿੰਘ ਦੀ ਸੋਚ ’ਤੇ ਪਹਿਰਾ ਦੇਣ ਦੇ ਪੰਜਾਬ ਸਰਕਾਰ ਦੇ ਦਾਅਵੇ ਨਿਕਲੇ ਫੋਕੇ : ਨਿਮਿਸ਼ਾ ਮਹਿਤਾ

Tuesday, Jan 31, 2023 - 10:07 AM (IST)

ਸ਼ਹੀਦ ਭਗਤ ਸਿੰਘ ਦੀ ਸੋਚ ’ਤੇ ਪਹਿਰਾ ਦੇਣ ਦੇ ਪੰਜਾਬ ਸਰਕਾਰ ਦੇ ਦਾਅਵੇ ਨਿਕਲੇ ਫੋਕੇ : ਨਿਮਿਸ਼ਾ ਮਹਿਤਾ

ਗੜ੍ਹਸ਼ੰਕਰ (ਜ.ਬ.) : ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੀ ਮਾਤਾ ਦੇ ਨਾਂ ਨੂੰ ਸਮਰਪਿਤ ਸਰਕਾਰੀ ਸਿਵਲ ਡਿਸਪੈਂਸਰੀ ਦਾ ਨਾਂ ਪੰਜਾਬ ਸਰਕਾਰ ਵਲੋਂ ਬਦਲੇ ਜਾਣ ਦੀ ਭਾਜਪਾ ਆਗੂ ਨਿਮਿਸ਼ਾ ਮਹਿਤਾ ਨੇ ਸਖ਼ਤ ਨਿੰਦਾ ਕੀਤੀ ਹੈ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਇਕ ਪਾਸੇ ਆਮ ਆਦਮੀ ਪਾਰਟੀ ਸ਼ਹੀਦ ਭਗਤ ਸਿੰਘ ਦੀ ਸੋਚ ’ਤੇ ਚੱਲਣ ਦੇ ਦਾਅਵੇ ਕਰਦੀ ਹੈ, ਦੂਜੇ ਪਾਸੇ ਇਨ੍ਹਾਂ ਦੀ ਸਰਕਾਰ ਵਲੋਂ ਭਗਤ ਸਿੰਘ ਜੀ ਦੀ ਮਾਂ ਦੇ ਨਾਂ ’ਤੇ ਚੱਲ ਰਹੀ ਮਾਤਾ ਵਿੱਦਿਆਵਤੀ ਸਰਕਾਰੀ ਸਿਵਲ ਡਿਸਪੈਂਸਰੀ ਦਾ ਨਾਂ ਬਦਲ ਕੇ ਸਰਕਾਰ ਨੇ ਆਮ ਆਦਮੀ ਕਲੀਨਿਕ ਰੱਖ ਦਿੱਤਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ’ਤੇ ਲਗਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਜੀ ਦੇ ਨਾਨਕੇ ਪਿੰਡ ਮੋਰਾਂਵਾਲੀ ਵਿਚ ਪ੍ਰਵਾਸੀ ਭਾਰਤੀਆਂ ਵੱਲੋਂ ਆਪਣੀ ਮਿਹਨਤ ਦੀ ਕਮਾਈ ਨਾਲ ਕਈ ਦਹਾਕੇ ਪਹਿਲਾਂ ਇਹ ਹਸਪਤਾਲ ਬਣਾ ਕੇ ਮਾਤਾ ਵਿੱਦਿਆਵਤੀ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ ਸੀ ਪੰਜਾਬ ਸਰਕਾਰ ਨੇ ਨਾ ਕੋਈ ਨਵੀਂ ਉਸਾਰੀ ਕੀਤੀ ਅਤੇ ਨਾ ਹੀ ਕੋਈ ਹੋਰ ਯੋਗਦਾਨ ਪਾਇਆ ਸਗੋਂ ਇਸ ਹਸਪਤਾਲ ’ਤੇ ਕਬਜ਼ਾ ਕਰਕੇ ਰੰਗ ਕਰਵਾ ਕੇ ਉਸ ਨੂੰ ਆਮ ਆਦਮੀ ਕਲੀਨਿਕ ਐਲਾਨ ਦਿੱਤਾ। ਭਾਜਪਾ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਮੁਹੱਲਾ ਕਲੀਨਿਕਾਂ ਵਿਚ 100 ਦੇ ਕਰੀਬ ਟੈਸਟ ਕੀਤੇ ਜਾਣਗੇ ਪਰ ਹੁਣ ਤੱਕ ਇਸ ਆਮ ਆਦਮੀ ਕਲੀਨਿਕ ਵਿਚ ਕੋਈ ਕਲੀਨਿਕਲ ਟੈਕਨੀਸ਼ੀਅਨ ਵੀ ਨਿਯੁਕਤ ਨਹੀਂ ਕੀਤਾ ਗਿਆ, ਜੋ ਇਥੇ ਟੈਸਟ ਕਰ ਸਕੇ।

ਇਹ ਵੀ ਪੜ੍ਹੋ : ਸਰਕਾਰ ਨੇ ਕੀਤਾ ਨੋਟੀਫਿਕੇਸ਼ਨ, ਸਾਰੇ ਖੇਤਰ ਗ੍ਰੀਨ, ਯੈਲੋ ਅਤੇ ਓਰੇਂਜ ਕੈਟਾਗਰੀ ’ਚ ਵੰਡੇ

ਹੁਣ ਵੀ ਕਿਤੇ ਵੀ ਕੋਈ ਨਵੀਂ ਜਗ੍ਹਾ, ਕੋਈ ਨਵੀਂ ਇਮਾਰਤ ਨਹੀਂ ਉਸਾਰੀ ਗਈ ਸਗੋਂ 400 ਪੁਰਾਣੇ ਹਸਪਤਾਲਾਂ ਅਤੇ ਡਿਸਪੈਂਸਰੀਆਂ ਨੂੰ ਲੀਪਾ-ਪੋਤੀ ਕਰਕੇ ਉਥੇ ਆਪਣੇ ਬੋਰਡ ਲਗਾ ਕੇ ਸਰਕਾਰ ਝੂਠਾ ਵਿਕਾਸ ਵਿਖਾ ਕੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਸ਼ਹੀਦ ਭਗਤ ਸਿੰਘ ਦੇ ਪੈਰੋਕਾਰ ਦੱਸਣ ਵਾਲੇ ਮੁੱਖ ਮੰਤਰੀ ਲੋਕਾਂ ਨੂੰ ਜਵਾਬ ਦੇਣ ਕਿ ਉਨ੍ਹਾਂ ਸ਼ਹੀਦ ਭਗਤ ਸਿੰਘ ਦੀ ਮਾਤਾ ਦਾ ਨਾਂ ਬਦਲ ਕੇ ਮੋਰਾਂਵਾਲੀ ਦੇ ਹਸਪਤਾਲ ’ਤੇ ਆਪਣੀ ਪਾਰਟੀ ਦਾ ਨਾਂ ਅਤੇ ਆਪਣੀ ਤਸਵੀਰ ਕਿਉਂ ਲਗਾ ਲਈ ਹੈ। ਉਨ੍ਹਾਂ ਕਿਹਾ ਕਿ ਹਲਕਾ ਗੜ੍ਹਸ਼ੰਕਰ ਇਸ ਧੱਕੇ ਨੂੰ ਬਰਦਾਸ਼ਤ ਨਹੀਂ ਕਰੇਗਾ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਸਰਕਾਰ ਫੋਰੀ ਤੌਰ ’ਤੇ ਇਥੋਂ ਆਮ ਆਦਮੀ ਕਲੀਨਿਕ ਦਾ ਨਾਂ ਬਦਲ ਕੇ ਮੁੜ ਇਸ ਨੂੰ ਮਾਤਾ ਵਿੱਦਿਆਵਤੀ ਨੂੰ ਸਮਰਪਿਤ ਕਰੇ, ਨਹੀਂ ਤਾਂ ਹਲਕਾ ਗੜ੍ਹਸ਼ੰਕਰ ਦੇ ਲੋਕ ਸੰਘਰਸ਼ ਕਰਨਗੇ ਅਤੇ ਬਦਲਾਅ ਕਰਵਾ ਕੇ ਰਹਿਣਗੇ। 

ਇਹ ਵੀ ਪੜ੍ਹੋ : ਖੋਜ : ਮਾਹਵਾਰੀ ਤੋਂ ਪ੍ਰਭਾਵਿਤ ਔਰਤਾਂ ’ਚ ਹੁੰਦੀ ਥਾਈਰਾਈਡ ਦੀ ਸੰਭਾਵਨਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News