ਪੰਜਾਬ ਸਰਕਾਰ ਵੱਲੋਂ ਚਾਈਨਾ ਡੋਰ ਦੀ ਵਰਤੋਂ ਖ਼ਿਲਾਫ ਸਖ਼ਤ ਕਦਮ, ਫੜੇ ਜਾਣ ’ਤੇ ਹੋਵੇਗੀ ਸਖ਼ਤ ਸਜ਼ਾ

12/20/2023 3:46:48 PM

ਲੁਧਿਆਣਾ (ਖੁਰਾਣਾ) : ਲੋਹੜੀ, ਮਾਘੀ ਦੀ ਸੰਗਰਾਂਦ ਅਤੇ ਬਸੰਤ ਪੰਚਮੀ ਦੇ ਤਿਉਹਾਰਾਂ ਦੇ ਦਸਤਕ ਦਿੰਦੇ ਹੀ ਇਕ ਵਾਰ ਫਿਰ ਪਤੰਗਬਾਜ਼ੀ ਦੇ ਸ਼ੌਕੀਨਾਂ ਵੱਲੋਂ ਮਾਰੂ ਚਾਈਨਾ ਡੋਰ ਦੀ ਵਰਤੋਂ ਕਾਰਨ ਬੇਗੁਨਾਹ ਮਨੁੱਖੀ ਜਾਨਾਂ ਅਤੇ ਬੇਜ਼ੁਬਾਨ ਪਸ਼ੂ, ਪੰਛੀਆਂ ਦੇ ਸਿਰ ’ਤੇ ਮੌਤ ਦਾ ਖਤਰਾ ਮੰਡਰਾਉਣ ਦੀਆਂ ਸੰਭਾਵਨਾਵਾਂ ਜ਼ੋਰ ਫੜਨ ਲੱਗੀਆਂ ਹਨ। ਅਜਿਹੇ ’ਚ ਪੰਜਾਬ ਸਰਕਾਰ ਵੱਲੋਂ ‘ਖੂਨੀ ਡੋਰ’ ਦੀ ਵਰਤੋਂ ਖ਼ਿਲਾਫ ਸਖ਼ਤ ਕਦਮ ਉਠਾਉਂਦੇ ਹੋਏ ਚਾਈਨਾ ਡੋਰ ਨਾਲ ਪਤੰਗ ਉਡਾਉਣ, ਡੋਰ ਵੇਚਣ ਅਤੇ ਖ਼ਰੀਦਣ ਵਾਲਿਆਂ ਖ਼ਿਲਾਫ ਫੜੇ ਜਾਣ ’ਤੇ 5 ਸਾਲ ਦੀ ਕੈਦ ਅਤੇ 1 ਲੱਖ ਰੁ. ਜੁਰਮਾਨਾ ਕਰਨ ਦੀ ਸਖ਼ਤ ਚਿਤਾਵਨੀ ਦਿੱਤੀ ਹੈ। ਡੀ. ਸੀ. ਸੁਰਭੀ ਮਲਿਕ ਵੱਲੋਂ ਸਖ਼ਤ ਲਫਜ਼ਾਂ ’ਚ ਚਿਤਾਵਨੀ ਦਿੱਤੀ ਗਈ ਹੈ ਕਿ ਜ਼ਿਲ੍ਹਾ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਲੁਧਿਆਣਾ ਜ਼ਿਲ੍ਹੇ ’ਚ ਵਿਭਾਗੀ ਮੁਲਜ਼ਮਾਂ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਵੱਡਾ ਆਪ੍ਰੇਸ਼ਨ ਚਲਾਇਆ ਜਾਵੇਗਾ, ਜਿਸ ’ਚ ਵਿਭਾਗੀ ਮੁਲਾਜ਼ਮਾਂ ਵੱਲੋਂ ਚਾਈਨਾ ਡੋਰ ਵੇਚਣ ਵਾਲੇ ਸਾਰੇ ਸ਼ੱਕੀ ਦੁਕਾਨਦਾਰਾਂ ਦੀਆਂ ਦੁਕਾਨਾਂ, ਗੋਦਾਮਾਂ ਅਤੇ ਲੋੜ ਪੈਣ ’ਤੇ ਲੋਕਾਂ ਦੇ ਘਰਾਂ ’ਚ ਵੀ ਚੈਕਿੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਜੇਕਰ ਵਿਭਾਗੀ ਮੁਲਾਜ਼ਮਾਂ ਨੂੰ ਮੌਕੇ ’ਤੇ ਚਾਈਨਾ ਡੋਰ ਬਰਾਮਦ ਹੁੰਦੀ ਹੈ ਤਾਂ ਸਬੰਧਤ ਦੁਕਾਨਦਾਰ ਜਾਂ ਵਿਅਕਤੀ ਖ਼ਿਲਾਫ ਮੌਕੇ ’ਤੇ ਹੀ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਮਨੁੱਖੀ ਜਾਨਾਂ ਸਮੇਤ ਬੇਜ਼ੁਬਾਨ ਪਸ਼ੂ, ਪੰਛੀਆਂ ਦੀਆਂ ਜਾਨਾਂ ਨਾਲ ਖੇਡਣ ਵਾਲੇ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ। ਇਕ ਸਵਾਲ ਦੇ ਜਵਾਬ ’ਚ ਡੀ. ਸੀ. ਮੈਡਮ ਨੇ ਕਿਹਾ ਕਿ ਪਤੰਗਬਾਜ਼ੀ ਦੇ ਸੀਜ਼ਨ ਦੌਰਾਨ ਵਿਭਾਗੀ ਮੁਲਾਜ਼ਮਾਂ ਦੀਆਂ ਟੀਮਾਂ ਵੱਖ-ਵੱਖ ਇਲਾਕਿਆਂ ’ਚ ਗਸ਼ਤ ਕਰਨਗੀਆਂ। ਇਸ ਦੌਰਾਨ ਉਨ੍ਹਾਂ ਦੀ ਬਾਜ਼ ਨਜ਼ਰ ਚਾਈਨਾ ਡੋਰ ਖਰੀਦਣ, ਵੇਚਣ ਅਤੇ ਪਤੰਗ ਉਡਾਉਣ ਵਾਲੇ ਲੋਕਾਂ ’ਤੇ ਬਣੀ ਰਹੇਗੀ, ਤਾਂ ਕਿ ਮੁਲਜ਼ਮਾਂ ਨੂੰ ਮੌਕੇ ’ਤੇ ਹੀ ਦਬੋਚਿਆ ਜਾ ਸਕੇ।

ਇਹ ਵੀ ਪੜ੍ਹੋ : ਕਿਸਾਨਾਂ ਲਈ ਰਾਹਤ ਭਰੀ ਖ਼ਬਰ, ਮੁੱਖ ਮੰਤਰੀ ਨੇ ਬਕਾਇਆ ਮਸਲਿਆਂ ਦੇ ਹੱਲ ਲਈ ਬਣਾਈ ਕਮੇਟੀ 

ਉਨ੍ਹਾਂ ਸਾਫ਼ ਕੀਤਾ ਕਿ ਜਾਨਲੇਵਾ ਡੋਰ ਦੀ ਵਰਤੋਂ ਕਰਨ ਵਾਲਾ ਚਾਹੇ ਕੋਈ ਨਾਬਾਲਗ ਹੋਵੇ ਜਾਂ ਫਿਰ ਕੋਈ ਵੱਡੀ ਉਮਰ ਦਾ ਵਿਅਕਤੀ, ਕਿਸੇ ਦਾ ਵੀ ਲਿਹਾਜ ਨਹੀਂ ਕੀਤਾ ਜਾਵੇਗਾ। ਡੀ. ਸੀ. ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਕਾਰਨ ਹੋਣ ਵਾਲੇ ਜਾਨਲੇਵਾ ਹਾਦਸਿਆਂ ਤੋਂ ਜਾਗਰੂਕ ਕਰਨ ਅਤੇ ਡੋਰ ਦੀ ਵਰਤੋਂ ਨਾ ਕਰਨ ਦੇਣ ਕਿਉਂਕਿ ਪਲਾਸਟਿਕ ਡੋਰ ਦੀ ਵਰਤੋਂ ਦੌਰਾਨ ਡੋਰ ਬਿਜਲੀ ਦੀਆਂ ਤਾਰਾਂ ਦੇ ਸੰਪਰਕ ’ਚ ਆਉਣ ਕਾਰਨ ਕਰੰਟ ਲੱਗਣ ਨਾਲ ਕਈ ਵਾਰ ਬੱਚੇ ਖੁਦ ਵੀ ਵੱਡੀ ਘਟਨਾ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਜਾਨ ਤੱਕ ਤੋਂ ਹੱਥ ਧੋਣਾ ਪੈ ਸਕਦਾ ਹੈ। ਇੱਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਪਤੰਗਬਾਜ਼ੀ ਦੇ ਸੀਜ਼ਨ ਦੌਰਾਨ ਤੇਜ਼ਧਾਰ ਚਾਈਨਾ ਡੋਰ ਦੀ ਲਪੇਟ ’ਚ ਆਉਣ ਕਾਰਨ ਹਰ ਸਾਲ ਕਈ ਬੇਗੁਨਾਹ ਸ਼ਹਿਰਵਾਸੀਆਂ ਅਤੇ ਬੇਜ਼ੁਬਾਨ ਪਸ਼ੂ-ਪੰਛੀਆਂ ਨੂੰ ਜਾਨ ਤੋਂ ਹੱਥ ਧੋਣੇ ਪੈਂਦੇ ਹਨ। ਪੰਛੀ ਪ੍ਰੇਮੀ ਵਿਪਿਨ ਭਾਟੀਆ ਨੇ ਦੱਸਿਆ ਕਿ ਹਰ ਸਾਲ ਸੈਂਕੜੇ ਬੇਜ਼ੁਬਾਨ ਪਰਿੰਦੇ ਚਾਈਨਾ ਡੋਰ ਦੀ ਲਪੇਟ ’ਚ ਆਉਣ ਕਾਰਨ ਆਪਣੀ ਉੱਡਣ ਸ਼ਕਤੀ ਹਮੇਸ਼ਾ ਲਈ ਗੁਆ ਦਿੰਦੇ ਹਨ ਅਤੇ ਬੱਦਲਾਂ ਦੇ ਨਾਲ ਗੱਲਾਂ ਕਰਨ ਵਾਲੇ ਪਰਿੰਦੇ ਗੰਭੀਰ ਰੂਪ ’ਚ ਜ਼ਖਮੀ ਹੋਣ ਕਾਰਨ ਫਿਰ ਜ਼ਮੀਨ ’ਤੇ ਰੇਂਗ-ਰੇਂਗ ਕੇ ਦਮ ਤੋੜ ਦਿੰਦੇ ਹਨ। ਤਾਜ਼ਾ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਬਸਤੀ ਜੋਧੇਵਾਲ ਚੌਕ ਨੇੜੇ ਪੈਂਦੇ ਕੈਲਾਸ਼ ਨਗਰ ਇਲਾਕੇ ’ਚ ਬਿਜਲੀ ਦੀਆਂ ਤਾਰਾਂ ’ਚ ਉਲਝੀ ਤੇਜ਼ਧਾਰ ਚਾਈਨਾ ਡੋਰ ’ਚ ਫ਼ਸਣ ਕਾਰਨ ਇਕ ਪਰਿੰਦੇ ਦੀ ਤੜਫ-ਤੜਫ ਕੇ ਮੌਤ ਹੋ ਗਈ। ਇਲਾਕਾ ਨਿਵਾਸੀਆਂ ਨੇ ਕਿਸੇ ਤਰ੍ਹਾਂ ਨਾਲ ਪਰਿੰਦੇ ਨੂੰ ਡੋਰ ਦੀ ਗ੍ਰਿਫ਼ਤ ਤੋਂ ਛੁਡਾ ਕੇ ਮਿੱਟੀ ’ਚ ਦੱਬ ਦਿੱਤਾ।

ਇਹ ਵੀ ਪੜ੍ਹੋ : ਪੰਜਾਬ ’ਚ ਪਹਿਲੀ ਵਾਰ, ਸਾਈਬਰ ਕ੍ਰਾਈਮ ਦੇ ਵਿੱਤੀ ਧੋਖਾਧੜੀ ਪੀੜਤਾਂ ਦੇ ਖਾਤਿਆਂ ’ਚ ਫਰੀਜ਼ ਮਨੀ ਆਈ ਵਾਪਸ

ਇਸ ਗੰਭੀਰ ਮਾਮਲੇ ਬਾਰੇ ਗੁਰਦਾਸਪੁਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਪੁਲਸ ਮੁਖੀ ਵੱਲੋਂ ਜਾਰੀ ਕੀਤੇ ਨਿਰਦੇਸ਼ਾਂ ਤੋਂ ਬਾਅਦ ਸੀ. ਆਈ. ਏ. ਸਟਾਫ ਦੇ ਪੁਲਸ ਇੰਸਪੈਕਟਰ ਕਪਿਲ ਕੁਮਾਰ ਵੱਲੋਂ ਜਾਰੀ ਕੀਤੀ ਗਈ ਇਕ ਵੀਡੀਓ ਕਲਿੱਪ ਵੀ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ’ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵਿਚ ਇੰਸਪੈਕਟਰ ਕਪਿਲ ਵੱਲੋਂ ਚਾਈਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਨੂੰ ਖੁੱਲ੍ਹੇ ਲਫਜ਼ਾਂ ’ਚ ਚਿਤਾਵਨੀ ਦਿੱਤੀ ਜਾ ਰਹੀ ਹੈ, ਜਿਸ ਵਿਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਮੁਲਾਜ਼ਮਾਂ ਨੂੰ ਅਲਰਟ ਕੀਤਾ ਗਿਆ ਹੈ ਕਿ ਉਹ ਆਪਣੇ-ਆਪਣੇ ਅਧਿਕਾਰ ਖੇਤਰ ’ਚ ਸਰਚ ਮੁਹਿੰਮ ਚਲਾਉਣ, ਤਾਂ ਕਿ ਚਾਈਨਾ ਡੋਰ ਵੇਚਣ, ਖਰੀਦਣ ਅਤੇ ਵਰਤਣ ਵਾਲਿਆਂ ਨੂੰ ਫੜਿਆ ਜਾ ਸਕੇ।

ਇਹ ਵੀ ਪੜ੍ਹੋ : ਭਾਜਪਾ ਦੇ 3 ਨਵੇਂ ਮੁੱਖ ਮੰਤਰੀਆਂ ਸਮੇਤ ਕਈ ਕੇਂਦਰੀ ਮੰਤਰੀ ਏ. ਬੀ. ਵੀ. ਪੀ. ’ਚੋਂ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News