ਪੰਜਾਬ ਦੇ ਹਸਪਤਾਲਾਂ ਨੂੰ ਲੈ ਕੇ ਵੱਡਾ ਫ਼ੈਸਲਾ, ਸਰਕਾਰ ਨੇ ਚੁੱਕਿਆ ਅਹਿਮ ਕਦਮ
Friday, Apr 18, 2025 - 11:10 AM (IST)

ਚੰਡੀਗੜ੍ਹ (ਅੰਕੁਰ)- ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਹਸਪਤਾਲਾਂ ’ਚ ਡਾਕਟਰਾਂ ਤੇ ਮੈਡੀਕਲ ਸਟਾਫ ਨਾਲ ਵਧ ਰਹੀਆਂ ਹਿੰਸਕ ਘਟਨਾਵਾਂ ਨੂੰ ਲੈ ਕੇ ਗੰਭੀਰਤਾ ਦਿਖਾਉਂਦਿਆਂ ਇਕ ਵੱਡਾ ਕਦਮ ਚੁੱਕਿਆ ਹੈ। ਹੁਣ ਪੰਜਾਬ ਦੇ ਹਸਪਤਾਲਾਂ ’ਚ ਡਿਊਟੀ ’ਤੇ ਮੌਜੂਦ ਡਾਕਟਰਾਂ ਦੀ ਸੁਰੱਖਿਆ ਲਈ 24 ਘੰਟੇ ਸੁਰੱਖਿਆ ਮੁਲਾਜ਼ਮ ਤਾਇਨਾਤ ਰਹਿਣਗੇ। ਇਹ ਸੁਰੱਖਿਆ ਮੁਲਾਜ਼ਮ ਪੰਜਾਬ ਐਕਸ-ਸਰਵਿਸਮੈਨ ਕਾਰਪੋਰੇਸ਼ਨ (ਪੈਸਕੋ) ਵੱਲੋਂ ਦਿੱਤੇ ਜਾਣਗੇ। ਇਹ ਫ਼ੈਸਲਾ ਸਿਹਤ ਵਿਭਾਗ ਦੇ ਸਕੱਤਰ ਕੁਮਾਰ ਰਾਹੁਲ ਤੇ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਵਿਚਾਲੇ ਹੋਈ ਇਕ ਅਹਿਮ ਮੀਟਿੰਗ ਦੌਰਾਨ ਲਿਆ ਗਿਆ।
ਇਹ ਖ਼ਬਰ ਵੀ ਪੜ੍ਹੋ - ਡੇਰਾ ਬਿਆਸ ਦੀ ਸੰਗਤ ਲਈ ਅਹਿਮ ਖ਼ਬਰ, 1 ਮਈ ਤੋਂ...
ਮੀਟਿੰਗ ’ਚ ਇਸ ਗੱਲ ’ਤੇ ਸਹਿਮਤੀ ਬਣੀ ਕਿ ਜਿਨ੍ਹਾਂ ਹਸਪਤਾਲਾਂ ’ਚ 24 ਘੰਟੇ ਐੱਮ.ਐੱਲ.ਸੀ. ਦਾ ਕੰਮ ਹੁੰਦਾ ਹੈ, ਉੱਥੇ ਦਿਨ-ਰਾਤ ਸੁਰੱਖਿਆ ਮੁਲਾਜ਼ਮ ਮੌਜੂਦ ਰਹਿਣਗੇ। ਇਸ ਤੋਂ ਇਲਾਵਾ ਸੀ.ਐੱਚ.ਸੀ. ਤੇ ਈ.ਐੱਸ.ਆਈ. ਹਸਪਤਾਲਾਂ ’ਚ ਸਵੇਰ ਸਮੇਂ ਸੁਰੱਖਿਆ ਸਟਾਫ ਤਾਇਨਾਤ ਕੀਤਾ ਜਾਵੇਗਾ। ਇਹ ਪ੍ਰਸਤਾਵ ਹੁਣ ਵਿੱਤ ਵਿਭਾਗ ਕੋਲ ਭੇਜਿਆ ਗਿਆ ਹੈ ਤੇ ਸੰਭਾਵਨਾ ਹੈ ਕਿ ਅਗਲੇ ਦੋ ਤੋਂ ਤਿੰਨ ਹਫ਼ਤਿਆਂ ’ਚ ਇਸ ਨੂੰ ਮਨਜ਼ੂਰੀ ਮਿਲ ਜਾਵੇਗੀ। ਐਸੋਸੀਏਸ਼ਨ ਵੱਲੋਂ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੱਤੀ ਗਈ ਕਿ ਇਹ ਫ਼ੈਸਲਾ ਹਸਪਤਾਲਾਂ ਦੇ ਮਾਹੌਲ ਨੂੰ ਸੁਰੱਖਿਅਤ ਬਣਾਉਣ ਵੱਲ ਇਕ ਪੂਰਾ ਰੁਖ ਦਰਸਾਉਂਦਾ ਹੈ।
ਸਿਰਫ਼ ਇਨ੍ਹਾਂ ਸੁਰੱਖਿਆ ਉਪਰਾਲਿਆਂ ਤੱਕ ਹੀ ਗੱਲ ਸੀਮਤ ਨਹੀਂ ਰਹੀ। ਮੀਟਿੰਗ ’ਚ ਇਹ ਵੀ ਐਲਾਨ ਕੀਤਾ ਗਿਆ ਕਿ ਪੀ.ਜੀ. ਨੀਤੀ ਸਬੰਧੀ ਨਵੇਂ ਹੁਕਮ ਇਸ ਮਹੀਨੇ ਦੇ ਅੰਤ ਤੱਕ ਜਾਰੀ ਕੀਤੇ ਜਾਣਗੇ। 2020 ਤੋਂ ਬਾਅਦ ਦੇ ਬੈਚਾਂ ਲਈ ਐੱਮ.ਏ.ਸੀ.ਪੀ. ਤੇ ਹੋਰ ਲਟਕੇ ਸਰਕਾਰੀ ਪੱਤਰਾਂ ਦੀ ਜਾਰੀ ਕਰਵਾਈ ਵੀ ਜਲਦੀ ਕੀਤੀ ਜਾਵੇਗੀ। ਨਾਲ ਹੀ ਇਸ ਸਾਲ 1000 ਨਵੇਂ ਐੱਮ.ਬੀ.ਬੀ.ਐੱਸ. ਡਾਕਟਰ ਭਰਤੀ ਕਰਨ ਦਾ ਐਲਾਨ ਵੀ ਕੀਤਾ ਗਿਆ। ਦੂਜੇ ਪਾਸੇ ਐੱਸ.ਐੱਮ.ਓ. ਅਤੇ ਉੱਪਰਲੇ ਰੈਂਕ ਵਾਲੇ ਅਧਿਕਾਰੀਆਂ ਦੀ ਛੁੱਟੀ ਨੂੰ ਲੈ ਕੇ ਹਾਲ ਹੀ ’ਚ ਜਾਰੀ ਕੀਤੇ ਹੁਕਮਾਂ ਨੂੰ ਰੱਦ ਕਰ ਦਿੱਤਾ ਗਿਆ ਹੈ, ਜੋ ਕਿ ਜਥੇਬੰਦੀ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 18 ਤੇ 19 ਅਪ੍ਰੈਲ ਲਈ ਵੱਡੀ ਚਿਤਾਵਨੀ! ਹੁਣ ਤੋਂ ਹੀ ਕਰ ਲਓ ਤਿਆਰੀ
ਮੋਹਾਲੀ ਦੇ ਡੇਰਾਬੱਸੀ ਤੇ ਗੁਰਦਾਸਪੁਰ ਹਸਪਤਾਲ ’ਚ ਹਮਲਿਆਂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਡੀ.ਜੀ.ਪੀ. ਗੌਰਵ ਯਾਦਵ ਨਾਲ ਮੁਲਾਕਾਤ ਕਰ ਕੇ ਹਸਪਤਾਲਾਂ ਦੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਸੀ। ਨਤੀਜੇ ਵਜੋਂ ਸਰਕਾਰੀ ਤੇ ਨਿੱਜੀ ਹਸਪਤਾਲਾਂ ’ਚ ਪੀ.ਸੀ.ਆਰ. ਵਾਹਨ ਤਾਇਨਾਤ ਕੀਤੇ ਗਏ ਤੇ ਹਸਪਤਾਲਾਂ ਦੀ ਸੁਰੱਖਿਆ ਦੀ ਜਾਂਚ ਵੀ ਕੀਤੀ ਗਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8