ਹੁਣ ਗਵਰਨਰ ਦੇ ਪਾਲੇ 'ਚ ਗੇਂਦ, ਪੰਜਾਬ ਸਰਕਾਰ ਨੇ ਇਤਰਾਜ਼ਾਂ ਦਾ ਜਵਾਬ ਦੇ ਕੇ ਫਾਈਲ ਭੇਜੀ ਵਾਪਸ
Wednesday, Jan 05, 2022 - 01:19 PM (IST)
ਚੰਡੀਗੜ੍ਹ (ਅਸ਼ਵਨੀ) : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਕ ਵਾਰ ਫਿਰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ’ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਕਿਹਾ ਕਿ ਰਾਜਪਾਲ ਜਾਣਬੁਝ ਕੇ ਰਾਜਨੀਤਕ ਦਬਾਅ ’ਚ ਫਾਈਲ ਨੂੰ ਦਬਾ ਰਹੇ ਹਨ। ਚੰਨੀ ਨੇ ਸੋਮਵਾਰ ਨੂੰ ਠੇਕੇ ’ਤੇ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਫਾਈਲ ਸਮੇਤ ਸ਼ਹਿਰਾਂ ਲਈ ਐਲਾਨੀ ਵਨ ਟਾਈਮ ਸੈਟਲਮੈਂਟ ਦੀ ਫਾਈਲ ਨੂੰ ਵੀ ਰਾਜਪਾਲ ਵਲੋਂ ਦੱਬੇ ਜਾਣ ਦੀ ਗੱਲ ਕਹੀ।
ਇਹ ਵੀ ਪੜ੍ਹੋ : ਬਲਬੀਰ ਰਾਜੇਵਾਲ ਦੇ ਬਿਆਨ ਨਾਲ 'ਆਪ' 'ਚ ਮਚੀ ਹਲਚਲ
ਬੀਤੇ ਦਿਨੀਂ ਕੈਬਨਿਟ ਬੈਠਕ ਤੋਂ ਬਾਅਦ ਚੰਨੀ ਨੇ ਕਿਹਾ ਕਿ ਉਨ੍ਹਾਂ ਨੇ ਜਦੋਂ ਠੇਕਾ ਕਰਮਚਾਰੀਆਂ ਵਾਲੀ ਫਾਈਲ ਰਾਜਪਾਲ ਵਲੋਂ ਦੱਬੇ ਜਾਣ ਦਾ ਮਾਮਲਾ ਜਨਤਕ ਤੌਰ ’ਤੇ ਚੁੱਕਿਆ, ਧਰਨਾ ਦੇਣ ਦੀ ਗੱਲ ਕਹੀ ਤਾਂ ਉਸ ਤੋਂ ਬਾਅਦ ਰਾਜ ਭਵਨ ਮਹਿਲ ਨੇ ਫਾਈਲ ’ਤੇ ਕੁੱਝ ਇਤਰਾਜ਼ ਲਗਾ ਕੇ ਭੇਜ ਦਿੱਤੀ। ਪੰਜਾਬ ਸਰਕਾਰ ਨੇ ਤੁਰੰਤ ਇਨ੍ਹਾਂ ਇਤਰਾਜ਼ਾਂ ਦਾ ਜਵਾਬ ਦੇ ਕੇ ਫਾਈਲ ਉਸੇ ਦਿਨ ਵਾਪਸ ਭੇਜ ਦਿੱਤੀ ਹੈ।ਚੰਨੀ ਨੇ ਕਿਹਾ ਕਿ ਜੇਕਰ ਬੁੱਧਵਾਰ ਤੱਕ ਰਾਜਪਾਲ ਨੇ ਫਾਈਲ ਕਲੀਅਰ ਕਰਕੇ ਨਾ ਭੇਜੀ ਤਾਂ ਵੀਰਵਾਰ ਨੂੰ ਇਕ ਵਾਰ ਫਿਰ ਕੈਬਨਿਟ ਮੰਤਰੀ ਸਮੇਤ ਉਹ ਖ਼ੁਦ ਰਾਜਪਾਲ ਨੂੰ ਮਿਲਣ ਜਾਣਗੇ। ਮੁੱਖ ਮੰਤਰੀ ਨੇ ਇਕ ਵਾਰ ਫਿਰ ਕਿਹਾ ਕਿ ਚੋਣ ਜ਼ਾਬਤਾ ਲੱਗਣ ’ਚ ਜ਼ਿਆਦਾ ਸਮਾਂ ਨਹੀਂ ਰਹਿ ਗਿਆ ਹੈ, ਉਧਰ ਰਾਜਪਾਲ ਜਾਣ ਬੁੱਝ ਕੇ ਭਾਰਤੀ ਜਨਤਾ ਪਾਰਟੀ ਦੇ ਦਬਾਅ ਹੇਠ ਫਾਈਲ ਲਟਕਾ ਰਹੇ ਹਨ। ਇਸੇ ਕੜੀ ’ਚ ਵਨ ਟਾਈਮ ਸੈਟਲਮੈਂਟ ਦੀ ਫਾਈਲ ਨੂੰ ਵੀ ਕਲੀਅਰ ਕਰਨ ਦੀ ਬੇਨਤੀ ਕੀਤੀ ਜਾ ਰਹੀ ਹੈ।ਚੰਨੀ ਨੇ ਕਿਹਾ ਕਿ ਫਾਈਲਾਂ ਦੇ ਮਾਮਲੇ ’ਚ ਰਾਜਪਾਲ ਦੇ ਪੱਧਰ ’ਤੇ ਸਿਆਸਤ ਨਹੀਂ ਹੋਣੀ ਚਾਹੀਦੀ ਪਰ ਇਹ ਸ਼ਰੇਆਮ ਹੋ ਰਹੀ ਹੈ। ਇਹ ਬੇਹੱਦ ਮੰਦਭਾਗਾ ਹੈ।
ਇਹ ਵੀ ਪੜ੍ਹੋ : ਪੰਜਾਬੀ ਮਾਂ ਬੋਲੀ 'ਤੇ ਇਕ ਹੋਰ ਹਮਲਾ, ਹੁਣ ਆਰਮੀ ਪਬਲਿਕ ਸਕੂਲਾਂ ’ਚ ਮਾਂ ਬੋਲੀ ਦੀ ‘ਬਲੀ’
ਜ਼ਿਕਰਯੋਗ ਹੈ ਕਿ ਠੇਕੇ ’ਤੇ ਰੱਖੇ ਕਰਮਚਾਰੀਆਂ ਨੂੰ ਪੱਕਾ ਕਰਨ ਦੇ ਮਾਮਲੇ ’ਚ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਹਮੋ-ਸਾਹਮਣੇ ਆ ਗਏ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਉਠਾਏ ਗਏ ਸਵਾਲਾਂ ਨੂੰ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ‘ਤੱਥਾਤਮਕ ਤੌਰ ’ਤੇ ਗ਼ਲਤ’ ਕਰਾਰ ਦਿੱਤਾ ਹੈ। ਰਾਜਪਾਲ ਨੇ ਦੱਸਿਆ ਕਿ ਠੇਕਾ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਸਬੰਧੀ ਫਾਈਲ 6 ਸਵਾਲਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਨੂੰ ਭਿਜਵਾ ਦਿੱਤੀ ਗਈ ਸੀ, ਜਿਨ੍ਹਾਂ ਦਾ ਜਵਾਬ ਸੂਬਾ ਸਰਕਾਰ ਵਲੋਂ ਅਜੇ ਤਕ ਨਹੀਂ ਦਿੱਤਾ ਗਿਆ ਹੈ। ਹੁਣ ਇਹ ਫਾਇਲ ਇਤਰਾਜ਼ਾਂ ਦਾ ਜਵਾਬ ਸਹਿਤ ਵਾਪਸ ਰਾਜਪਾਲ ਨੂੰ ਭੇਜ ਦਿੱਤੀ ਗਈ ਹੈ।ਵੇਖਣਾ ਇਹ ਹੋਵੇਗਾ ਮਾਨਯੋਗ ਰਾਜਪਾਲ ਇਸਨੂੰ ਮਨਜ਼ੂਰੀ ਦਿੰਦੇ ਹਨ ਜਾਂ ਨਹੀਂ।
ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ?