ਪਟਾਕੇ ਵੇਚਣ ਸਬੰਧੀ ਪੰਜਾਬ ਸਰਕਾਰ ਵਲੋਂ ਦਿਸ਼ਾ-ਨਿਰਦੇਸ਼ ਜਾਰੀ
Friday, Oct 04, 2019 - 06:45 PM (IST)
ਸ਼ੇਰਪੁਰ, (ਅਨੀਸ਼) ਪੰਜਾਬ ਸਰਕਾਰ ਵਲੋਂ ਪਟਾਕਿਆਂ ਦੀ ਵਿਕਰੀ ਸਬੰਧੀ ਜ਼ਿਲਿਆਂ ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਸਿਵਲ ਰਿਟ ਪਟੀਸ਼ਨ ਨੰ: 23548 ਆਫ 2017 ਤਹਿਤ ਜਾਰੀ ਹਦਾਇਤਾਂ ਦੇ ਮੱਦੇ ਨਜ਼ਰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਸੂਬਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਤਿਊਹਾਰਾਂ ਮੌਕੇ ਪਟਾਕਿਆਂ ਦੀ ਵਿਕਰੀ ਸਵੇਰੇ ਦਸ ਤੋਂ ਸ਼ਾਮ 7:30 ਵਜੇ ਤੱਕ ਹੋ ਸਕੇਗੀ। ਇਸ ਸਬੰਧੀ ਡ੍ਰਾਅ ਰਾਹੀਂ ਜ਼ਿਲਾ ਮੈਜਿਸਟ੍ਰੇਟ ਵਲੋਂ ਲੋੜੀਂਦੇ ਲਾਈਸੈਂਸ ਜਾਰੀ ਕੀਤੇ ਜਾਣਗੇ। ਪਟਾਕੇ ਕੇਵਲ ਨਿਰਧਾਰਤ ਥਾਵਾਂ ਤੇ ਹੀ ਵਿਕ ਸਕਣਗੇ ਜਿਥੇ ਫਾਈਰਬ੍ਰਿਗੇਡ, ਪੀ.ਸੀ.ਆਰ ਅਤੇ ਐਂਬੂਲੇਂਸ ਵੀ ਉਪਲਬੱਧ ਹੋਵੇਗੀ।
ਇਹਨਾਂ ਲਾਇਸੈਂਸ ਧਾਰਕਾਂ ਤੋਂ ਪ੍ਰਾਪਤ ਹੋਣ ਵਾਲੀ ਰਕਮ ਨਗਰ ਕੌਂਸਲ ਅਤੇ ਸਿਹਤ ਵਿਭਾਗ ਵਿੱਚ 60:40 ਦੇ ਅਨੁਪਾਤ ਵਿਚ ਉਪਰੋਕਤ ਸੇਵਾਵਾਂ ਬਦਲੇ ਵੰਡੀ ਜਾਵੇਗੀ। ਸਟਾਲ ਕੇਵਲ ਨਿਰਧਾਰਤ ਥਾਵਾਂ ਅਤੇ ਭੀੜ ਭਾੜ ਵਾਲੀ ਥਾਵਾਂ ਤੋਂ ਦੂਰ ਹੋਣਗੇ। ਲਾਈਸੈਂਸ ਧਾਰਕ ਨਿਰਧਾਰਤ ਥਾਵਾਂ ਤੋਂ ਪਾਸੇ ਲਾਇਸੈਂਸ ਨਹੀਂ ਵੇਚ ਸਕੇਗਾ। ਇਸ ਤੋਂ ਬਿਨਾਂ ਲਾਈਸੈਂਸ ਧਾਰਕ 2008 ਦੇ ਧਮਾਕਾਖੇਜ ਸਮਗਰੀ ਰੂਲਜ਼ ਦੀ ਵੀ ਪਾਲਣਾ ਕਰਣਗੇ। ਜਿਸ ਤਹਿਤ ਪਟਾਕੇ ਗੈਰ ਜਲਨਸ਼ੀਲ ਪਦਾਰਥ ਤੋਂ ਬਣੇ ਸੈਡ ਅੰਦਰ ਰੱਖੇ ਜਾਣਗੇ। ਸ਼ੈਡ ਇੱਕ ਦੂਜੇ ਤੋਂ ਘੱਟੋ ਘੱਟ 3 ਮੀਟਰ ਦੀ ਦੂਰੀ ਤੇ ਹੋਣਗੇ ਅਤੇ ਇਹਨਾਂ ਦੇ ਮੂੰਹ ਆਮਣੇ ਸਾਹਮਣੇ ਨਹੀ ਹੋਣਗੇ। ਇਥੇ ਕੋਈ ਵੀ ਤੇਲ ਨਾਲ ਜਲਣ ਵਾਲੇ ਲੈਂਪ ਜਾ ਦੀਵਾ ਨਹੀਂ ਜਗਾਇਆ ਜਾ ਸਕੇਗਾ। ਅਜਿਹੇ ਖੇਤਰ ਵਿਚ ਸ਼ਿਗਰਟਨੋਸ਼ੀ ਦੀ ਵੀ ਮਨਾਹੀ ਹੋਵੇਗੀ। ਵਿਕਰੇਤਾ 18 ਸਾਲ ਤੋਂ ਘੱਟ ਉਮਰ ਦਾ ਨਹੀਂ ਹੋਣਾ ਚਾਹੀਦਾ ਅਤੇ ਲਾਈਸੈਂਸ ਧਾਰਕ ਆਪਣੇ ਸੇਲਜ਼ ਮੈਨ ਦੀ ਸੂਚਨਾ ਉਪਲਬੱਧ ਕਰਵਾਏਗਾ। ਵਿਕ੍ਰੇਤਾ ਨੇ ਸੁਤੀ ਕੱਪੜੇ ਪਾਏ ਹੋਣ। ਸਾਈਲੈਂਸ ਜੋਨ ਵਿਚ ਪਟਾਖੇ ਚਲਾਉਣ ਦੀ ਮਨਾਹੀ ਹੋਵੇਗੀ। ਉੱਚੀ ਆਵਾਜ਼ ਵਿਚ ਚੱਲਣ ਵਾਲੇ ਪਟਾਕਿਆਂ ਤੇ ਰੋਕ ਰਹੇਗੀ। ਪਟਾਕੇ ਕੋਰਟ ਵਲੋਂ ਨਿਰਧਾਰਤ ਸਮੇਂ ਅਨੁਸਾਰ ਹੀ ਚਲਾਏ ਜਾਣਗੇ। ਜ਼ਿਲ•ਾ ਪ੍ਰਸ਼ਾਸਨ ਨੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਪਟਾਕੇ ਚਲਾਉਣ ਤੋਂ ਪਰਹੇਜ ਕਰਨ ਕਿਉਂਕਿ ਇਹ ਵਾਤਾਵਰਣ ਅਤੇ ਮਨੁੱਖੀ ਸਿਹਤ ਲਈ ਹਾਨੀਕਾਰਕ ਹਨ।