ਪੰਜਾਬ 'ਚ 5 ਦਿਨ ਮੌਸਮ ਰਹੇਗਾ ਬੇਹੱਦ ਖ਼ਰਾਬ! ਜਾਰੀ ਹੋਈ ਐਡਵਾਈਜ਼ਰੀ, ਸੂਬਾ ਵਾਸੀ ਰਹਿਣ ਸਾਵਧਾਨ
Saturday, Aug 01, 2026 - 10:26 AM (IST)
ਚੰਡੀਗੜ੍ਹ (ਵੈੱਬ ਡੈਸਕ, ਸ਼ੀਨਾ) : ਮੌਸਮ ਵਿਭਾਗ ਨੇ ਚੰਡੀਗੜ੍ਹ ਅਤੇ ਪੰਜਾਬ ਲਈ ਇਕ ਅਗਸਤ ਤੋਂ ਅਗਲੇ ਪੰਜ ਦਿਨਾਂ ਤੱਕ ਯੈਲੋ ਅਲਰਟ ਜਾਰੀ ਕਰਦਿਆਂ ਕਈ ਥਾਵਾਂ ’ਤੇ ਗਰਜ-ਚਮਕ ਨਾਲ ਦਰਮਿਆਨੇ ਤੋਂ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਕਿ ਮੱਧ ਪ੍ਰਦੇਸ਼ ਅਤੇ ਵਿਦਰਭ 'ਤੇ ਬਣੇ ਘੱਟ ਦਬਾਅ ਦੇ ਖੇਤਰ ਕਾਰਨ ਮੌਨਸੂਨ ਟਰਫ਼ ਪੰਜਾਬ ਦੇ ਦੱਖਣੀ ਹਿੱਸੇ ਵੱਲ ਸਥਿਤ ਹੈ। ਇਸ ਕਾਰਨ ਅਗਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਦੀ ਸੰਭਾਵਨਾ ਘੱਟ ਹੈ, ਪਰ ਸੂਬੇ ਦੇ ਜ਼ਿਆਦਾਤਰ ਹਿੱਸਿਆਂ ’ਚ ਰੁਕ-ਰੁਕ ਕੇ ਹਲਕੀ ਤੋਂ ਦਰਮਿਆਨੀ ਬਾਰਸ਼ ਅਤੇ ਗਰਜ-ਚਮਕ ਜਾਰੀ ਰਹਿ ਸਕਦੀ ਹੈ।
ਇਹ ਵੀ ਪੜ੍ਹੋ : ਪੰਜਾਬ : 15 ਅਗਸਤ ਤੋਂ ਬਾਅਦ ਨਹੀਂ ਮਿਲਣਗੇ ਗੈਸ ਸਿਲੰਡਰ! ਹੋ ਜਾਓ ALERT, ਜਾਰੀ ਹੋਈ ਵੱਡੀ ਚਿਤਾਵਨੀ
ਇਸ ਦੌਰਾਨ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਬਿਜਲੀ ਅਤੇ ਗਰਜ ਨਾਲ ਭਾਰੀ ਤੋਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ, ਜਦੋਂ ਕਿ ਤਰਨਤਾਰਨ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਰੂਪਨਗਰ ਅਤੇ ਐੱਸ. ਏ. ਐੱਸ. ਨਗਰ (ਮੋਹਾਲੀ) 'ਚ ਵੀ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਗਸਤ ਦੇ ਪਹਿਲੇ ਹਫ਼ਤੇ ਦੌਰਾਨ ਮੌਨਸੂਨ ਮੁੜ ਸਰਗਰਮ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਜੁਲਾਈ ਮਹੀਨੇ ਦੌਰਾਨ ਰਹੀ ਬਾਰਸ਼ ਦੀ ਕਮੀ ਕਾਫ਼ੀ ਹੱਦ ਤੱਕ ਪੂਰੀ ਹੋ ਸਕਦੀ ਹੈ। ਮੀਂਹ ਕਾਰਨ ਤਾਪਮਾਨ ਵਿੱਚ ਗਿਰਾਵਟ ਆਵੇਗੀ ਅਤੇ ਰਾਤਾਂ ਸੁਹਾਵਣੀਆਂ ਰਹਿਣਗੀਆਂ, ਹਾਲਾਂਕਿ ਦਿਨ ਵੇਲੇ ਨਮੀ ਕਾਰਨ ਹੁੰਮਸ ਬਣੀ ਰਹਿ ਸਕਦੀ ਹੈ। ਸਿਹਤ ਵਿਭਾਗ ਨੇ ਲੋਕਾਂ ਨੂੰ ਮੌਸਮੀ ਬਿਮਾਰੀਆਂ ਤੋਂ ਬਚਾਅ ਲਈ ਵੀ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।
ਜਾਰੀ ਕੀਤੀ ਸਾਵਧਾਨੀ ਐਡਵਾਈਜ਼ਰੀ
ਪੰਜਾਬ 'ਚ ਜਿੱਥੇ ਲੋਕਾਂ ਨੂੰ ਖ਼ਰਾਬ ਮੌਸਮ ਦੌਰਾਨ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ, ਉੱਥੇ ਹੀ ਸੰਭਾਵਿਤ ਭਾਰੀ ਮੀਂਹ ਨੂੰ ਦੇਖਦਿਆਂ ਚੰਡੀਗੜ੍ਹ ਪ੍ਰਸ਼ਾਸਨ ਨੇ ਸੁਖਨਾ ਲੇਕ, ਸੁਖਨਾ ਕੈਚਮੈਂਟ ਖੇਤਰ ਤੇ ਘੱਗਰ ਨਦੀ ਦੇ ਨੇੜੇ ਨਾ ਜਾਣ ਦੀ ਅਪੀਲ ਕੀਤੀ ਹੈ। ਲੋਕਾਂ ਨੂੰ ਗਿੱਲੇ ਹੱਥਾਂ ਨਾਲ ਬਿਜਲੀ ਦੇ ਖੰਭਿਆਂ ਨੂੰ ਨਾ ਛੂਹਣ ਅਤੇ ਨੰਗੀਆਂ ਤਾਰਾਂ ਤੋਂ ਦੂਰ ਰਹਿਣ ਦੀ ਹਦਾਇਤ ਵੀ ਦਿੱਤੀ ਗਈ ਹੈ। ਹਾਲ ਹੀ ਵਿੱਚ ਪੰਜਾਬ ਯੂਨੀਵਰਸਿਟੀ ਦੇ ਸੈਕਟਰ-25 ਵਿੱਚ ਕਰੰਟ ਲੱਗਣ ਕਾਰਨ ਇੱਕ ਕੁੜੀ ਦੀ ਮੌਤ ਤੋਂ ਬਾਅਦ ਇਹ ਸਲਾਹ ਜਾਰੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਲਈ ਨਵੇਂ ਖ਼ਤਰੇ ਦੀ ਘੰਟੀ! ਭਾਖੜਾ ਸਣੇ 3 ਵੱਡੇ ਡੈਮਾਂ ਦੀ ਤਾਜ਼ਾ ਰਿਪੋਰਟ ਨੇ ਪਾਈ ਟੈਨਸ਼ਨ
ਭਾਖੜਾ ਡੈਮ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ 81 ਫੁੱਟ ਹੇਠਾਂ
ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਕਾਰਨ ਭਾਖੜਾ ਅਤੇ ਪੌਂਗ ਡੈਮਾਂ ਵਿੱਚ ਪਾਣੀ ਦੀ ਆਮਦ ਲਗਾਤਾਰ ਜਾਰੀ ਹੈ। ਭਾਖੜਾ ਡੈਮ ਦਾ ਪਾਣੀ ਪੱਧਰ 1,599.08 ਫੁੱਟ ਦਰਜ ਕੀਤਾ ਗਿਆ ਹੈ। ਡੈਮ ਵਿੱਚ 39,785 ਕਿਊਸਿਕ ਪਾਣੀ ਦੀ ਆਮਦ ਹੋ ਰਹੀ ਹੈ, ਜਦਕਿ 24,495 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਡੈਮ ਦਾ ਖ਼ਤਰੇ ਦਾ ਨਿਸ਼ਾਨ 1,680 ਫੁੱਟ ਹੈ ਅਤੇ ਮੌਜੂਦਾ ਪਾਣੀ ਦਾ ਪੱਧਰ ਇਸ ਤੋਂ ਕਰੀਬ 81 ਫੁੱਟ ਹੇਠਾਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
