ਅੰਮ੍ਰਿਤਸਰ ’ਚ ਇਸ ਦਵਾਈ ’ਤੇ ਲੱਗੀ ਮੁਕੰਮਲ ਪਾਬੰਦੀ, ਹੁਕਮ ਜਾਰੀ
Thursday, Aug 06, 2026 - 12:13 PM (IST)
ਅੰਮ੍ਰਿਤਸਰ(ਦਲਜੀਤ)- ਨਸ਼ੇ ਦੇ ਵਧਦੇ ਖ਼ਤਰੇ ਅਤੇ ਦਵਾਈਆਂ ਦੇ ਗਲਤ ਇਸਤੇਮਾਲ ਨੂੰ ਰੋਕਣ ਲਈ ਅੰਮ੍ਰਿਤਸਰ ਪ੍ਰਸ਼ਾਸਨ ਨੇ ਵੱਡਾ ਫ਼ੈਸਲਾ ਲੈਂਦਿਆਂ ਪ੍ਰੇਗਾਬਾਲਿਨ ਦਵਾਈ ਦੀ ਉੱਚ ਡੋਜ਼ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਜ਼ਿਲਾ ਮੈਜਿਸਟ੍ਰੇਟ ਅਧੀਨ ਵਧੀਕ ਜ਼ਿਲਾ ਮੈਜਿਸਟ੍ਰੇਟ ਪੱਲਵੀ ਮਿਸ਼ਰਾ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਤਹਿਤ ਇਹ ਹੁਕਮ ਜਾਰੀ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਜ਼ੋਨਲ ਲਾਇਸੈਂਸ ਅਥਾਰਟੀ ਕੁਲਵਿੰਦਰ ਸਿੰਘ ਵੱਲੋਂ ਦਿੱਤੀ ਗਈ।
ਇਹ ਵੀ ਪੜ੍ਹੋ- ਵਿਧਾਨ ਸਭਾ 'ਚ ਬਾਜਵਾ ਦਾ ਵੱਡਾ ਦਾਅਵਾ: ਪੰਜਾਬ ਪੁਲਸ ਦੇ ਅਫਸਰਾਂ ਦਾ ਗੈਂਗਸਟਰਾਂ ਨਾਲ ਤਾਲਮੇਲ
ਜਾਣਕਾਰੀ ਅਨੁਸਾਰ ਪ੍ਰੇਗਾਬਾਲਿਨ ਦੀਆਂ 150 ਮਿ.ਗ੍ਰਾ. ਅਤੇ 300 ਮਿ.ਗ੍ਰਾ. ਡੋਜ਼ ਵਾਲੀਆਂ ਗੋਲੀਆਂ ਅਤੇ ਕੈਪਸੂਲਾਂ ਦਾ ਗਲਤ ਇਸਤੇਮਾਲ ਤੇਜ਼ੀ ਨਾਲ ਵਧ ਰਿਹਾ ਸੀ। ਇਹ ਦਵਾਈਆਂ ਆਮ ਤੌਰ ’ਤੇ ਨਰਵਸ ਸਿਸਟਮ ਨਾਲ ਸਬੰਧਤ ਬੀਮਾਰੀਆਂ ਲਈ ਵਰਤੀਆਂ ਜਾਂਦੀਆਂ ਹਨ, ਪਰ ਕਈ ਲੋਕ ਇਸ ਨੂੰ ਨਸ਼ੇ ਵਜੋਂ ਲੈ ਰਹੇ ਹਨ। ਸਿਹਤ ਵਿਭਾਗ ਦੇ ਇਨਪੁਟ ਅਤੇ ਮੈਡੀਕਲ ਮਾਹਿਰਾਂ ਦੀ ਰਾਏ ਦੇ ਆਧਾਰ ’ਤੇ ਪ੍ਰਸ਼ਾਸਨ ਨੇ ਇਹ ਸਖ਼ਤ ਕਦਮ ਚੁੱਕਿਆ ਹੈ। ਜ਼ੋਨਲ ਲਾਇਸੈਂਸ ਅਥਾਰਟੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਜਾਰੀ ਹੁਕਮਾਂ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ਵਿੱਚ 75 ਮਿ.ਗ੍ਰਾ. ਤੋਂ ਵੱਧ ਡੋਜ਼ ਵਾਲੀ ਪ੍ਰੇਗਾਬਾਲਿਨ ਦੀ ਕਿਸੇ ਵੀ ਤਰ੍ਹਾਂ ਦੀ ਖ਼ਰੀਦ-ਫ਼ਰੋਖ਼ਤ, ਸਟਾਕਿੰਗ ਅਤੇ ਸਪਲਾਈ ’ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਾਗੂ ਕਰ ਦਿੱਤੀ ਗਈ ਹੈ। ਇਹ ਫ਼ੈਸਲਾ ਜਨ ਸਿਹਤ ਦੀ ਰੱਖਿਆ ਅਤੇ ਨਸ਼ੇ ਦੀ ਲਤ ਨੂੰ ਕਾਬੂ ਕਰਨ ਦੇ ਮੱਦੇਨਜ਼ਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਵਿਭਾਗ ਨੇ ਜਾਰੀ ਕੀਤੀ ਭਵਿੱਖਬਾਣੀ
75 ਮਿ.ਗ੍ਰਾ. ਤੱਕ ਵਿਕਰੀ ਸਖ਼ਤ ਨਿਯਮਾਂ ਨਾਲ
75 ਮਿ.ਗ੍ਰਾ. ਤੱਕ ਦੀ ਪ੍ਰੇਗਾਬਾਲਿਨ ਦਵਾਈ ਸਿਰਫ਼ ਡਾਕਟਰੀ ਪਰਚੀ ’ਤੇ ਹੀ ਵੇਚੀ ਜਾ ਸਕੇਗੀ। ਹੋਲਸੇਲਰ, ਰੀਟੇਲਰ, ਕੈਮਿਸਟ ਅਤੇ ਮੈਡੀਕਲ ਸਟੋਰ ਮਾਲਕਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਦਵਾਈ ਸਿਰਫ਼ ਅਸਲੀ ਪਰਚੀ ’ਤੇ ਹੀ ਦਿੱਤੀ ਜਾਵੇ। ਪਰਚੀ ’ਤੇ ਮੈਡੀਕਲ ਸਟੋਰ ਦਾ ਨਾਮ ਅਤੇ ਤਾਰੀਖ਼ ਦਰਜ ਹੋਵੇ। ਦਿੱਤੀਆਂ ਗੋਲੀਆਂ/ਕੈਪਸੂਲਾਂ ਦੀ ਗਿਣਤੀ ਲਿਖੀ ਜਾਵੇ। ਇਕ ਹੀ ਪਰਚੀ ’ਤੇ ਬਾਰ-ਬਾਰ ਦਵਾਈ ਨਾ ਦਿੱਤੀ ਜਾਵੇ।
ਇਹ ਵੀ ਪੜ੍ਹੋ- ਗੁਰਦਸਾਪੁਰ ਵਾਸੀ ਦੇਣ ਧਿਆਨ, ਤੁਹਾਡੇ ਜ਼ਿਲ੍ਹੇ 'ਚ ਲੱਗ ਗਈਆਂ ਕਈ ਪਾਬੰਦੀਆਂ
ਨਿਯਮਾਂ ਦੀ ਉਲੰਘਣਾ ’ਤੇ ਸਖ਼ਤ ਸਜ਼ਾ
ਜ਼ੋਨਲ ਲਾਇਸੈਂਸ ਅਥਾਰਟੀ ਕੁਲਵਿੰਦਰ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਵੀ ਵਿਅਕਤੀ ਜਾਂ ਸੰਸਥਾ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦੀ ਹੈ ਤਾਂ ਉਸ ਖ਼ਿਲਾਫ਼ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 223 ਅਧੀਨ ਕਾਰਵਾਈ ਕੀਤੀ ਜਾਵੇਗੀ। ਇਸ ਵਿਚ ਜੁਰਮਾਨਾ ਅਤੇ ਕੈਦ ਦੋਵੇਂ ਸ਼ਾਮਲ ਹੋ ਸਕਦੇ ਹਨ।
ਜ਼ਿਲੇ ਭਰ ਵਿਚ ਕੀਤੀ ਜਾਵੇਗੀ ਸਖ਼ਤ ਨਿਗਰਾਨੀ
ਜ਼ੋਨਲ ਲਾਇਸੈਂਸ ਅਥਾਰਟੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਡਰੱਗ ਇੰਸਪੈਕਟਰਾਂ, ਸਿਹਤ ਵਿਭਾਗ ਅਤੇ ਪੁਲਸ ਵੱਲੋਂ ਚੈਕਿੰਗ ਮੁਹਿੰਮ ਚਲਾਈ ਜਾਵੇਗੀ। ਮੈਡੀਕਲ ਸਟੋਰਾਂ ਦੀ ਅਚਾਨਕ ਜਾਂਚ ਹੋਵੇਗੀ ਅਤੇ ਰਿਕਾਰਡ ਦੀ ਵੀ ਵੈਰੀਫ਼ਿਕੇਸ਼ਨ ਕੀਤੀ ਜਾਵੇਗੀ। ਪ੍ਰਸ਼ਾਸਨ ਵੱਲੋਂ ਇਹ ਹੁਕਮ ਜਨਤਕ ਕਰਨ ਲਈ ਜ਼ਿਲ੍ਹਾ ਪਬਲਿਕ ਰਿਲੇਸ਼ਨ ਦਫ਼ਤਰ ਰਾਹੀਂ ਪ੍ਰਚਾਰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਜ਼ਿਲ੍ਹੇ ਦੇ ਮਹੱਤਵਪੂਰਨ ਸਥਾਨਾਂ, ਥਾਣਿਆਂ ਅਤੇ ਸਰਕਾਰੀ ਦਫ਼ਤਰਾਂ ਵਿੱਚ ਵੀ ਇਹ ਹੁਕਮ ਚਸਪਾਂ ਕੀਤੇ ਜਾਣਗੇ ਤਾਂ ਜੋ ਲੋਕਾਂ ਨੂੰ ਇਸ ਬਾਰੇ ਪੂਰੀ ਜਾਣਕਾਰੀ ਮਿਲ ਸਕੇ।
ਡਾਕਟਰਾਂ ਅਤੇ ਕੈਮਿਸਟਾਂ ਲਈ ਸਖ਼ਤ ਹਦਾਇਤਾਂ
ਜ਼ੋਨਲ ਲਾਇਸੈਂਸ ਅਥਾਰਟੀ ਕੁਲਵਿੰਦਰ ਸਿੰਘ ਨੇ ਡਾਕਟਰਾਂ ਨੂੰ ਵੀ ਸਲਾਹ ਦਿੱਤੀ ਹੈ ਕਿ ਉਹ ਪ੍ਰੇਗਾਬਾਲਿਨ ਦਵਾਈ ਸਿਰਫ਼ ਜ਼ਰੂਰੀ ਮਰੀਜ਼ਾਂ ਨੂੰ ਹੀ ਲਿਖਣ ਅਤੇ ਇਸ ਦਾ ਬੇਜਾ ਇਸਤੇਮਾਲ ਰੋਕਣ ਲਈ ਜ਼ਿੰਮੇਵਾਰੀ ਨਾਲ ਕੰਮ ਕਰਨ। ਕੈਮਿਸਟਾਂ ਨੂੰ ਬਿਨਾਂ ਪਰਚੀ ਦੇ ਦਵਾਈ ਵੇਚਣ ਤੋਂ ਸਖ਼ਤੀ ਨਾਲ ਮਨ੍ਹਾ ਕੀਤਾ ਗਿਆ ਹੈ।
ਸਿਹਤ ਸੁਰੱਖਿਆ ਵੱਲ ਵੱਡਾ ਕਦਮ
ਸਿਹਤ ਵਿਭਾਗ ਦੇ ਸੇਵਾਮੁਕਤ ਸਿਵਲ ਸਰਜਨ ਡਾ. ਸਵਰਨਜੀਤ ਧਵਨ ਨੇ ਦੱਸਿਆ ਕਿ ਪ੍ਰੇਗਾਬਾਲਿਨ ਦਾ ਗਲਤ ਇਸਤੇਮਾਲ ਨਸ਼ੇ ਦੀ ਲਤ ਨੂੰ ਹੋਰ ਵਧਾ ਸਕਦਾ ਹੈ, ਜਿਸ ਨਾਲ ਨੌਜਵਾਨ ਵਰਗ ਸਭ ਤੋਂ ਵੱਧ ਪ੍ਰਭਾਵਿਤ ਹੁੰਦਾ ਹੈ। ਇਸ ਲਈ ਪ੍ਰਸ਼ਾਸਨ ਦਾ ਇਹ ਕਦਮ ਸਮੇਂ ਦੀ ਲੋੜ ਮੰਨਿਆ ਜਾ ਰਿਹਾ ਹੈ। ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਣਾ ਕਰਨਾ ਸਭ ਲਈ ਬੇਹੱਦ ਜ਼ਰੂਰੀ ਹੈ। ਇਹ ਹੁਕਮ 5 ਅਗਸਤ 2026 ਤੋਂ ਲਾਗੂ ਹੋ ਕੇ 4 ਅਕਤੂਬਰ 2026 ਤੱਕ ਪ੍ਰਭਾਵੀ ਰਹਿਣਗੇ, ਜਿਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
