''ਟੈੱਟ'' ਦੀ ਪ੍ਰੀਖਿਆ ਲੈਣੀ ਭੁੱਲੀ ਪੰਜਾਬ ਸਰਕਾਰ
Friday, Sep 20, 2019 - 01:13 PM (IST)
ਮੋਹਾਲੀ (ਨਿਆਮੀਆਂ) : ਪੰਜਾਬ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵਲੋਂ ਨਿਤ ਦਿਨ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਦਮਗਜੇ ਮਾਰੇ ਜਾ ਰਹੇ ਹਨ ਅਤੇ ਪੰਜਾਬ ਦੇ ਬੱਚਿਆਂ ਦੇ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਰੋਜ਼ ਨਵੇਂ-ਨਵੇਂ ਤਜ਼ਰਬੇ ਕੀਤੇ ਜਾ ਰਹੇ ਹਨ। ਮਹਿਕਮੇ ਦੇ ਅਧਿਕਾਰੀ ਆਪਣੀਆਂ ਡਿਊਟੀਆਂ ਲਈ ਕਿੰਨੇ ਕੁ ਵਚਨਬੱਧ ਹਨ, ਇਸ ਦੀ ਮਿਸਾਲ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ (ਪੀ. ਐੱਸ. ਟੀ. ਈ. ਟੀ.) 'ਚ ਕੀਤੀ ਜਾ ਰਹੀ ਦੇਰੀ ਹੈ।
ਪੰਜਾਬ ਸਰਕਾਰ ਵਲੋਂ 2500 ਅਧਿਆਪਕਾਂ ਦੀਆਂ ਅਸਾਮੀਆਂ ਨੂੰ ਭਰਨ ਲਈ ਹਰੀ ਝੰਡੀ ਤਾਂ ਦੇ ਦਿੱਤੀ ਗਈ ਹੈ ਪਰ ਮਹਿਕਮੇ ਵਲੋਂ ਸਾਲ 2017 ਦੀ ਉਕਤ ਪ੍ਰੀਖਿਆ ਫਰਵਰੀ, 2018 'ਚ ਲਈ ਗਈ ਸੀ, ਜਦੋਂ ਕਿ ਸਾਲ 2018 ਦੀ ਪ੍ਰੀਖਿਆ ਲਈ ਹੀ ਨਹੀਂ ਗਈ ਅਤੇ 2019 ਦਾ ਸਾਲ ਵੀ ਸਾਰਾ ਲੰਘ ਗਿਆ ਹੈ। ਪੰਜਾਬ ਸਰਕਾਰ ਵਲੋਂ ਅਜੇ ਵੀ ਪ੍ਰੀਖਿਆ ਨੂੰ ਲੈਣ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਦੂਜੇ ਪਾਸੇ ਸੀ. ਬੀ. ਐੱਸ. ਈ. ਵਲੋਂ ਰੈਗੂਲਰ ਤੌਰ 'ਤੇ ਸਾਲ 'ਚ 2 ਵਾਰੀ ਇਹ ਪ੍ਰੀਖਿਆ ਲਈ ਜਾ ਰਹੀ ਹੈ। ਮਹਿਕਮੇ ਦੇ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਹਰੇਕ ਸਾਲ ਦਸੰਬਰ ਮਹੀਨੇ 'ਚ ਇਹ ਪ੍ਰੀਖਿਆ ਲੈਣ ਲਈ ਪੱਤਰ ਜਾਰੀ ਕੀਤਾ ਗਿਆ ਸੀ, ਜਿਸ 'ਤੇ ਕੋਈ ਕਾਰਵਾਈ ਨਹੀਂ ਹੋਈ।
ਇਸ ਪ੍ਰੀਖਿਆ ਦੀ ਤਿਆਰ ਕਰ ਰਹੇ ਬੀ. ਐੱਡ. ਪਾਸ ਵਿਦਿਆਰਥੀਆਂ ਨੇ ਸਿੱਖਿਆ ਮੰਤਰੀ ਅਤੇ ਸਕੱਤਰ ਕ੍ਰਿਸ਼ਨ ਕੁਮਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਜਦੋਂ ਤੱਕ ਟੈੱਟ ਦਾ ਪੇਪਰ ਨਹੀਂ ਲਿਆ ਜਾਂਦਾ, ਉਦੋਂ ਤੱਕ ਅਧਿਆਪਕਾਂ ਦੀਆਂ ਅਸਾਮੀਆਂ ਨਾ ਭਰੀਆਂ ਜਾਣ। ਜੇਕਰ ਅਜਿਹਾ ਕੀਤਾ ਗਿਆ ਤਾਂ ਉਨ੍ਹਾਂ ਵਲੋਂ ਜ਼ੋਰਦਾਰ ਸੰਘਰਸ਼ ਆਰੰਭਿਆ ਜਾਵੇਗਾ ਅਤੇ ਉਹ ਇਸ ਸਬੰਧੀ ਅਦਾਲਤ ਦਾ ਦਰਵਾਜ਼ਾ ਵੀ ਖੜਕਾਉਣਗੇ ਤਾਂ ਜੋ ਭਰਤੀ ਪ੍ਰਕਿਰਿਆ ਰੁਕਵਾਈ ਜਾ ਸਕੇ। ਵਿਦਿਆਰਥੀਆਂ ਨੇ ਭਰੇ ਮਨ ਨਾਲ ਦੱਸਿਆ ਕਿ ਪਹਿਲਾਂ ਤਾਂ ਉਨ੍ਹਾਂ ਨੇ ਲੱਖਾਂ ਰੁਪਏ ਖਰਚ ਕੇ ਬੀ. ਐੱਡ. ਪਾਸ ਕੀਤੀ ਹੈ ਅਤੇ ਹੁਣ ਕਈ ਸਾਲਾਂ ਤੋਂ ਟੈੱਟ ਦੀ ਕੋਚਿੰਗ ਲੈ ਰਹੇ ਹਨ ਪਰ ਪ੍ਰੀਖਿਆ ਨਾ ਹੋਣ ਕਾਰਨ ਉਨ੍ਹਾਂ ਨੂੰ ਨਿਰਾਸ਼ਾ ਝੱਲਣੀ ਪੈ ਰਹੀ ਹੈ। ਕਈ ਵਿਦਿਆਰਥੀ ਉਮਰ ਲੰਘਣ ਕਾਰਨ ਅਪਲਾਈ ਕਰਨ ਤੋਂ ਵਾਂਝੇ ਰਹਿ ਗਏ ਹਨ।