ਪੰਜਾਬ ਸਰਕਾਰ ਦਾ ਵੱਡਾ ਐਲਾਨ, ਇਨ੍ਹਾਂ ਮੁਲਾਜ਼ਮਾਂ ਨੂੰ ਸੇਵਾ ਮੁਕਤੀ ਤੋਂ ਬਾਅਦ ਵੀ ਮਿਲੇਗਾ ਰੁਜ਼ਗਾਰ
Wednesday, Nov 13, 2024 - 06:21 PM (IST)
ਪਟਿਆਲਾ (ਮਨਦੀਪ ਜੋਸਨ, ਰਾਜੇਸ਼ ਪੰਜੌਲਾ) : ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੇ ਅਗਨੀਵੀਰ ਜਵਾਨਾਂ ਨੂੰ ਸੇਵਾ-ਮੁਕਤੀ ਤੋਂ ਬਾਅਦ ਰੁਜ਼ਗਾਰ ਦੇਵੇਗੀ। ਸੁਤੰਤਰਤਾ ਸੰਗਰਾਮੀ ਅਤੇ ਬਾਗਬਾਨੀ ਮੰਤਰੀ ਮੋਹਿੰਦਰ ਭਗਤ ਮੰਗਲਵਾਰ ਨੂੰ ਪਟਿਆਲਾ ਵਿਖੇ ‘ਪੰਜਾਬ ਸਰਕਾਰ ਆਪ ਦੇ ਦੁਆਰ’ ਤਹਿਤ ਸਾਬਕਾ ਸੈਨਿਕਾਂ ਦੀਆਂ ਸਮੱਸਿਆਵਾਂ ਸੁਣਨ ਪੁੱਜੇ ਹੋਏ ਸਨ। ਇਸ ਮੌਕੇ ਭਗਤ ਨੇ ਕਿਹਾ ਕਿ ਸਾਲ 2027 ’ਚ 800 ਅਗਨੀਵੀਰਾਂ ਦਾ ਪਹਿਲਾ ਬੈਚ ਸੇਵਾ-ਮੁਕਤ ਹੋ ਕੇ ਪੰਜਾਬ ਵਾਪਸ ਆਵੇਗਾ ਪਰ ਉਨ੍ਹਾਂ ਨੂੰ ਸਾਬਕਾ ਸੈਨਿਕਾਂ ਦੇ ਲਾਭ ਨਹੀਂ ਮਿਲਣਗੇ। ਇਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੁਣੇ ਤੋਂ ਹੀ ਉਨ੍ਹਾਂ ਲਈ ਫ਼ਿਕਰਮੰਦੀ ਦਾ ਇਜ਼ਹਾਰ ਕਰਦਿਆਂ ਅਗਨੀਵੀਰਾਂ ਨੂੰ ਨੌਕਰੀਆਂ ਦੇਣ ਦੀ ਤਜਵੀਜ਼ ਤਿਆਰ ਕਰਨ ਦੇ ਆਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਲਈ ਸੂਬਾ ਸਰਕਾਰ ਦਾ ਵੱਡਾ ਐਲਾਨ, ਜਾਰੀ ਹੋਇਆ ਨੋਟੀਫਿਕੇਸ਼ਨ
ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਿਖੇ ਇਕੱਤਰ ਹੋਏ ਸਾਬਕਾ ਸੈਨਿਕਾਂ, ਵੀਰ ਨਾਰੀਆਂ, ਵਿਧਵਾਵਾਂ ਤੇ ਪੁਰਸਕਾਰ ਵਿਜੇਤਾ ਨਾਲ ਰੂ-ਬ-ਰੂ ਹੁੰਦਿਆਂ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਦੱਸਿਆ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਸ ਗੱਲੋਂ ਵਚਨਬੱਧ ਹੈ ਕਿ ਸਾਬਕਾ ਸੈਨਿਕਾਂ ਨੂੰ ਪੈਨਸ਼ਨਾਂ ਸਬੰਧੀ ਕੋਈ ਦਿੱਕਤ ਨਾ ਆਵੇ। ਉਨ੍ਹਾਂ ਕਿਹਾ ਕਿ ਇਸ ਲਈ ਕੇਂਦਰ ਸਰਕਾਰ ਅਤੇ ਰੱਖਿਆ ਮੰਤਰਾਲੇ ਨਾਲ ਵੀ ਸੰਪਰਕ ਕੀਤਾ ਜਾਵੇਗਾ ਤਾਂ ਕਿ ਪੈਨਸ਼ਨਰਾਂ ਨੂੰ ਸੰਪਰਕ ਪ੍ਰੋਗਰਾਮ ਤਹਿਤ ਲਾਈਫ਼ ਸਰਟੀਫਿਕੇਟ ਦੇਣ ਮੌਕੇ ਆ ਰਹੀਆਂ ਮੁਸ਼ਕਿਲਾਂ ਹੱਲ ਕੀਤੀਆਂ ਜਾਣ। ਉਨ੍ਹਾਂ ਦੱਸਿਆ ਕਿ ਉਹ ਹਰ ਜ਼ਿਲ੍ਹੇ ’ਚ ਸਾਬਕਾ ਸੈਨਿਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਜਾ ਰਹੇ ਹਨ। ਇਸ ਲਈ ਹਰੇਕ ਜ਼ਿਲ੍ਹੇ ’ਚ ਪ੍ਰਸ਼ਾਸਨ ਨੂੰ ਆਦੇਸ਼ ਜਾਰੀ ਕੀਤੇ ਗਏ ਹਨ ਕਿ ਮਹੀਨੇ ’ਚ ਇਕ ਵਾਰ ਸਾਬਕਾ ਸੈਨਿਕਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਰੱਖਿਆ ਸੇਵਾਵਾਂ ਭਲਾਈ ਵਿਭਾਗ ਨਾਲ ਤਾਲਮੇਲ ਬੈਠਕ ਕਰਕੇ ਮਸਲੇ ਨਿਪਟਾਏ ਜਾਣੇ ਯਕੀਨੀ ਬਣਾਏ ਜਾਣ।
ਇਹ ਵੀ ਪੜ੍ਹੋ : ਪੰਜਾਬ ਵਿਚ ਸਖ਼ਤ ਕਾਨੂੰਨ, ਡਰਾਈਵਿੰਗ ਲਾਇਸੈਂਸ ਰੱਦ ਹੋਣ ਦੇ ਨਾਲ ਦਰਜ ਹੋਵੇਗਾ ਪਰਚਾ
ਮੋਹਿੰਦਰ ਭਗਤ ਨੇ ਸਾਬਕਾ ਸੈਨਿਕਾਂ ਵੱਲੋਂ ਦੇਸ਼ ਦੀ ਸੁਰੱਖਿਆ ਅਤੇ ਸਰਹੱਦਾਂ ਦੀ ਰਾਖੀ ਲਈ ਕੀਤੀ ਸੇਵਾ ਤੇ ਸੈਨਿਕਾਂ ਦੇ ਜਜ਼ਬੇ ਨੂੰ ਸਲਾਮ ਕਰਦਿਆਂ ਕਿਹਾ ਕਿ ਸਿਰਫ ਫ਼ੌਜੀ ਹੀ ਆਪਣੀ ਸੇਵਾ ਕਰਦਿਆਂ ਤੇ ਸੇਵਾ-ਮੁਕਤੀ ਬਾਅਦ ਵੀ ਦੇਸ਼ ਲਈ ਆਪਣੀ ਜਾਨ ਦੀ ਕੁਰਬਾਨੀ ਕਰਨ ਨੂੰ ਹਰ ਵੇਲੇ ਤਿਆਰ ਰਹਿੰਦਾ ਹੈ। ਉਨ੍ਹਾਂ ਸਾਬਕਾ ਸੈਨਿਕਾਂ ਨੂੰ ਸਮਾਜ ਦਾ ਅਹਿਮ ਅਤੇ ਸਨਮਾਨਯੋਗ ਅੰਗ ਦੱਸਦਿਆਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਉਨ੍ਹਾਂ ਦੇ ਘਰ ਤੱਕ ਜਾ ਕੇ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕਰੇਗੀ।
ਇਹ ਵੀ ਪੜ੍ਹੋ : ਧਮਕ ਬੇਸ ਵਾਲੇ ਮੁੱਖ ਮੰਤਰੀ ਦੀ ਵੀਡੀਓ ਵਾਇਰਲ ਹੋਣ ਦੇ ਮਾਮਲੇ ਵਿਚ ਨਵਾਂ ਮੋੜ
ਕੈਬਨਿਟ ਮੰਤਰੀ ਨੇ ਸਾਬਕਾ ਸੈਨਿਕਾਂ ਨੂੰ ਸੱਦਾ ਦਿੱਤਾ ਕਿ ਉਹ ਜ਼ਿਲ੍ਹਾ ਰੱਖਿਆ ਸੇਵਾਵਾ ਭਲਾਈ ਦਫ਼ਤਰ ਵਿਖੇ ਜ਼ਰੂਰ ਆਇਆ ਕਰਨ ਅਤੇ ਆਪਣੀਆਂ ਸਮੱਸਿਆਵਾਂ ਬਾਰੇ ਇਥੋਂ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਕਰਨ। ਇਸ ਮੌਕੇ ਸਾਬਕਾ ਸੈਨਿਕਾਂ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕੈਬਨਿਟ ਮੰਤਰੀ ਮੋਹਿੰਦਰ ਭਗਤ ਵੱਲੋਂ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਮੌਕੇ ’ਤੇ ਹੀ ਹੱਲ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਨਾਲ ਰੱਖਿਆ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਬ੍ਰਿਗੇਡੀਅਰ (ਸੇਵਾ-ਮੁਕਤ) ਭੁਪਿੰਦਰ ਸਿੰਘ ਢਿੱਲੋਂ ਵੀ ਮੌਜੂਦ ਸਨ। ਕੈਬਨਿਟ ਮੰਤਰੀ ਦੀ ਪਟਿਆਲਾ ਵਿਖੇ ਪਹਿਲੀ ਵਾਰ ਆਮਦ ਮੌਕੇ ਪਟਿਆਲਾ ਪੁਲਸ ਦੀ ਟੁੱਕੜੀ ਨੇ ਗਾਰਡ ਆਫ਼ ਆਨਰ ਵੀ ਪੇਸ਼ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਐੱਸ. ਐੱਸ. ਪੀ. ਡਾ. ਨਾਨਕ ਸਿੰਘ, ਏ. ਡੀ. ਸੀ. (ਜ) ਇਸ਼ਾ ਸਿੰਗਲ, ਜ਼ਿਲਾ ਰੱਖਿਆ ਸੇਵਾਵਾ ਭਲਾਈ ਅਫ਼ਸਰ ਵਿੰਗ ਕਮਾਂਡਰ (ਸੇਵਾ ਮੁਕਤ) ਗੁਰਪ੍ਰੀਤ ਸਿੰਘ, ਡੀ. ਐੱਸ. ਪੀ. ਸਤਨਾਮ ਸਿੰਘ ਅਤੇ ਤਹਿਸੀਲਦਾਰ ਕੁਲਦੀਪ ਸਿੰਘ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਵਿਦਾਈ ਮੌਕੇ ਲਾੜੀ ਦੇ ਮੱਥੇ ਵਿਚ ਗੋਲ਼ੀ ਲੱਗਣ ਦੇ ਮਾਮਲੇ ਵਿਚ ਨਵਾਂ ਮੋੜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e