''ਡਿਫਾਲਟਰ'' ਹੋਈ ਪੰਜਾਬ ਸਰਕਾਰ, ਪਾਵਰਕਾਮ ਨੂੰ ਨਹੀਂ ਦੇ ਸਕੀ ਸਬਸਿਡੀ ਦੇ ਪੈਸੇ

Saturday, Sep 12, 2020 - 02:52 PM (IST)

''ਡਿਫਾਲਟਰ'' ਹੋਈ ਪੰਜਾਬ ਸਰਕਾਰ, ਪਾਵਰਕਾਮ ਨੂੰ ਨਹੀਂ ਦੇ ਸਕੀ ਸਬਸਿਡੀ ਦੇ ਪੈਸੇ

ਪਟਿਆਲਾ (ਪਰਮੀਤ) : ਪੰਜਾਬ ਸਰਕਾਰ ਅਜਿਹੇ ਵਿੱਤੀ ਸੰਕਟ ’ਚ ਉਲਝੀ ਹੈ ਕਿ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੂੰ ਸਬਸਿਡੀ ਦੇ ਬਣਦੇ ਪੈਸੇ ਵੀ ਦੇਣ ’ਚ ਫੇਲ੍ਹ ਹੋ ਰਹੀ ਹੈ। ਸਾਲ 2020-21 ਦੌਰਾਨ ਪੰਜਾਬ ਸਰਕਾਰ ਨੇ ਪਾਵਰਕਾਮ ਨੂੰ ਵੱਖ-ਵੱਖ ਵਰਗਾਂ ਨੂੰ ਦਿੱਤੀ ਜਾਂਦੀ ਸਬਸਿਡੀ ਦੇ 16400 ਕਰੋੜ ਰੁਪਏ ਅਦਾ ਕਰਨੇ ਹਨ। ਵਿੱਤੀ ਸਾਲ ਦੇ ਪਹਿਲੇ 5 ਮਹੀਨੇ ਲੰਘਣ ਤੋਂ ਬਾਅਦ ਸਰਕਾਰ 3090.63 ਕਰੋੜ ਰੁਪਏ ਦੀ ਡਿਫਾਲਟਰ ਹੈ।

ਅਸਲ ’ਚ ਵਿੱਤੀ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸਰਕਾਰ ਨੇ 17 ਕਿਸ਼ਤਾਂ ’ਚ ਪਾਵਰਕਾਮ ਨੂੰ 2506.55 ਕਰੋੜ ਰੁਪਏ ਅਦਾ ਕੀਤੇ ਹਨ। ਇਸ ਤੋਂ ਇਲਾਵਾ ਪਾਵਰਕਾਮ ਨੇ ਬਿਜਲੀ ਡਿਊਟੀ (ਈ. ਡੀ.) ਅਤੇ ਬੁਨਿਆਦੀ ਢਾਂਚਾ ਵਿਕਾਸ ਫੰਡ (ਆਈ. ਡੀ. ਐੱਫ.) ਦੇ 1098.89 ਕਰੋੜ ਰੁਪਏ ਦੀ ਹੋਰ ਐਡਜੈਸਟਮੈਂਟ ਕੀਤੀ ਹੈ। ਇਸ ਮਗਰੋਂ ਸਰਕਾਰ ਵੱਲ 31 ਅਗਸਤ 2020 ਤੱਕ 3090 ਕਰੋੜ ਰੁਪਏ ਬਕਾਇਆ ਖੜ੍ਹੇ ਹਨ। ਜਿਹੜੀ ਰਾਸ਼ੀ 17 ਕਿਸ਼ਤਾਂ ’ਚ ਪਾਵਰਕਾਮ ਨੂੰ ਪੰਜਾਬ ਸਰਕਾਰ ਨੇ ਜਾਰੀ ਕੀਤੀ ਹੈ, ਉਸ ’ਚ ਅਪ੍ਰੈਲ ਮਹੀਨੇ ਦੀਆਂ 3 ਕਿਸ਼ਤਾਂ ’ਚ 135.32, 165.87 ਅਤੇ 200 ਕਰੋੜ ਰੁਪਏ, ਮਈ ਮਹੀਨੇ ਦੀਆਂ 6 ਕਿਸ਼ਤਾਂ ’ਚ 100, 200, 100, 5, 35.32 ਅਤੇ 100 ਕਰੋੜ ਰੁਪਏ, ਜੂਨ ਮਹੀਨੇ ਦੀਆਂ 5 ਕਿਸ਼ਤਾਂ ’ਚ 150, 216.25, 315.15, 117.95, ਅਤੇ 14.68 ਕਰੋੜ ਰੁਪਏ, ਜੁਲਾਈ ਦੀ ਇਕ 150 ਕਰੋੜ ਰੁਪਏ ਦੀ ਕਿਸ਼ਤ ਅਤੇ ਅਗਸਤ ’ਚ 379.22 ਅਤੇ 121.79 ਕਰੋੜ ਰੁਪਏ ਦੀਆਂ 2 ਕਿਸ਼ਤਾਂ ਸ਼ਾਮਲ ਹਨ।

31 ਅਗਸਤ ਤੱਕ ਪੰਜਾਬ ਸਰਕਾਰ ਵੱਲ ਸਬਸਿਡੀ ਦੇ 6696.07 ਕਰੋੜ ਰੁਪਏ ਅਦਾ ਕਰਨੇ ਬਣਦੇ ਸਨ, ਜਿਸ ’ਚੋਂ ਸਰਕਾਰ ਨੇ 2506.55 ਕਰੋੜ ਰੁਪਏ ਅਦਾ ਕਰ ਦਿੱਤੇ। ਇਸ ’ਚੋਂ 4189.52 ਕਰੋੜ ਰੁਪਏ ਬਾਕੀ ਰਹਿ ਗਏ। ਇਸ ’ਚੋਂ ਈ. ਡੀ. ਅਤੇ ਆਈ. ਡੀ. ਐੱਫ. ਦੇ ਬਿੱਲਾਂ ਦੀ ਅਦਾਇਗੀ ਮਗਰੋਂ ਸਰਕਾਰ ਵੱਲ 31 ਅਗਸਤ 2020 ਤੱਕ 3090.63 ਕਰੋੜ ਰੁਪਏ ਬਕਾਇਆ ਖੜ੍ਹੇ ਹਨ ਮਤਲਬ ਕਿ ਸਰਕਾਰ ਇੰਨੇ ਪੈਸਿਆਂ ਦੀ ਡਿਫਾਲਟਰ ਹੈ।


author

Babita

Content Editor

Related News