ਪੰਜਾਬੀਆਂ ਦੀ ਸੁਰੱਖਿਆ ਮਾਨ ਸਰਕਾਰ ਦੀ ਤਰਜੀਹ, ਲੱਗ ਰਹੇ CCTV ਕੈਮਰੇ

Thursday, Jan 16, 2025 - 02:56 PM (IST)

ਪੰਜਾਬੀਆਂ ਦੀ ਸੁਰੱਖਿਆ ਮਾਨ ਸਰਕਾਰ ਦੀ ਤਰਜੀਹ, ਲੱਗ ਰਹੇ CCTV ਕੈਮਰੇ

ਜਲੰਧਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਦੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੈ। ਇਸ ਲਈ ਸਰਕਾਰ ਵੱਲੋਂ ਕਈ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ। ਸਰਕਾਰ ਵੱਲੋਂ ਮਾੜੇ ਅਨਸਰਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾ ਰਿਹਾ ਹੈ ਤੇ ਜੁਰਮ ਨੂੰ ਠੱਲ੍ਹ ਪਾਉਣ ਲਈ ਕਈ ਤਰ੍ਹਾਂ ਦੇ ਕਦਮ ਵੀ ਚੁੱਕੇ ਜਾ ਰਹੇ ਹਨ। ਇਸੇ ਤਹਿਤ ਪੰਜਾਬ ਸਰਕਾਰ ਨੇ ਸੂਬੇ ਵਿਚ ਵੱਖ-ਵੱਖ ਥਾਵਾਂ 'ਤੇ CCTV ਕੈਮਰੇ ਲਗਵਾਉਣ ਦੀ ਸ਼ੁਰੂਆਤ ਕੀਤੀ ਹੈ। 

ਮਾਨ ਸਰਕਾਰ ਵੱਲੋਂ ਇਸ ਦੇ ਲਈ ਹੁਣ ਤਕ 19 ਕਰੋੜ ਤੋਂ ਵੀ ਵੱਧ ਰਕਮ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਇਸ ਯੋਜਨਾ ਤਹਿਤ ਸਰਹੱਦੀ ਖੇਤਰਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ, ਕਿਉਂਕਿ ਅਪਰਾਧੀਆਂ ਵੱਲੋਂ ਪਾਕਿਸਤਾਨ ਨਾਲ ਲੱਗਦੇ ਇਲਾਕਿਆਂ ਰਾਹੀਂ ਹੀ ਹਥਿਆਰਾਂ ਤੇ ਨਸ਼ੇ ਆਦਿ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿੱਥੋਂ ਅੱਗੇ ਇਸ ਨੂੰ ਸੂਬੇ ਭਰ ਵਿਚ ਸਪਲਾਈ ਕੀਤਾ ਜਾ ਸਕੇ। ਇਸ ਲਈ ਇਨ੍ਹਾਂ ਦੇ ਨੈੱਟਵਰਕ ਦਾ ਲੱਕ ਤੋੜਣ ਦੇ ਲਈ ਸਰਕਾਰ ਵੱਲੋਂ  ਸਭ ਤੋਂ ਪਹਿਲਾਂ ਸਰਹੱਦੀ ਖੇਤਰਾਂ ਵਿਚ ਹੀ CCTV ਕੈਮਰੇ ਲਗਾਏ ਗਏ ਹਨ। ਹੁਣ ਤਕ ਸਰਹੱਦੀ ਖੇਤਰ ਦੀਆਂ 585 ਥਾਵਾਂ 'ਤੇ 2127 ਕੈਮਰੇ ਲਗਾਏ ਜਾ ਚੁੱਕੇ ਹਨ। ਲੋਕਾਂ ਵੱਲੋਂ ਸਰਕਾਰ ਦੇ ਇਸ ਕਦਮ ਦੀ ਬਹੁਤ ਸ਼ਲਾਘਾ ਕੀਤੀ ਜਾ ਰਹੀ ਹੈ। 

ਸਰਕਾਰ ਦੇ ਇਸ ਕਦਮ ਨਾਲ ਪੰਜਾਬ ਪੁਲਸ ਦੀ ਤਾਕਤ ਕਈ ਗੁਣਾ ਵੱਧ ਜਾਵੇਗੀ। ਇਨ੍ਹਾਂ ਕੈਮਰਿਆਂ ਰਾਹੀਂ ਨਾ ਸਿਰਫ਼ ਮੁਲਜ਼ਮਾਂ 'ਤੇ ਬਾਜ਼ ਅੱਖ ਰੱਖ ਕੇ ਕਿਸੇ ਵੀ ਵਾਰਦਾਤ ਨੂੰ ਸਮੇਂ ਸਿਰ ਟ੍ਰੇਸ ਕੀਤਾ ਜਾ ਸਕੇਗਾ, ਸਗੋਂ ਮੁੱਖ ਥਾਵਾਂ 'ਤੇ ਲੱਗੇ ਕੈਮਰਿਆਂ ਰਾਹੀਂ ਪੁਲਸ ਵੱਲੋਂ ਬੜੀ ਬਾਰੀਕੀ ਨਾਲ ਨਜ਼ਰਸਾਨੀ ਕੀਤੀ ਜਾ ਸਕੇਗੀ ਤੇ ਕਿਸੇ ਵੀ ਕਿਸਮ ਦੀ ਸ਼ੱਕੀ ਗਤੀਵਿਧੀ 'ਤੇ ਸਮਾਂ ਰਹਿੰਦਿਆਂ ਐਕਸ਼ਨ ਲੈ ਕੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਵੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਲਈ ਸਰਕਾਰ ਵੱਲੋਂ ਬਾਕਾਇਦਾ ਕੰਟਰੋਲ ਰੂਮ ਸਥਾਪਤ ਕੀਤੇ ਜਾ ਰਹੇ ਹਨ, ਜਿੱਥੇ ਵੱਖਰੀ ਟੀਮ ਇਨ੍ਹਾਂ ਕੈਮਰਿਆਂ ਰਾਹੀਂ ਹਰ ਥਾਂ 'ਤੇ ਨਜ਼ਰ ਰੱਖੇਗੀ। ਲੋਕਾਂ ਵੱਲੋਂ ਵੀ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਰੱਜ ਕੇ ਸ਼ਲਾਘਾ ਕੀਤੀ ਜਾ ਰਹੀ ਹੈ।


author

Anmol Tagra

Content Editor

Related News