ਜਨਵਰੀ ਦੇ ਪਹਿਲੇ ਹਫ਼ਤੇ ਵੱਡਾ ਕਦਮ ਚੁੱਕ ਸਕਦੀ ਹੈ ਪੰਜਾਬ ਸਰਕਾਰ, ਕੈਬਨਿਟ ਮੀਟਿੰਗ ''ਚ ਆਵੇਗਾ ਫ਼ੈਸਲਾ
Friday, Dec 27, 2024 - 06:27 PM (IST)
 
            
            ਚੰਡੀਗੜ੍ਹ : ਪੰਜਾਬ ਸਰਕਾਰ ਜਨਵਰੀ ਦੇ ਪਹਿਲੇ ਹਫ਼ਤੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾ ਸਕਦੀ ਹੈ। ਸੂਤਰਾਂ ਮੁਤਾਬਕ ਇਸ ਵਿਸ਼ੇਸ਼ ਇਜਲਾਸ ਵਿਚ ਕੇਂਦਰ ਸਰਕਾਰ ਵੱਲੋਂ ਖੇਤੀ ਮੰਡੀਕਰਨ ਨੀਤੀ ਦੇ ਭੇਜੇ ਗਏ ਖਰੜੇ ’ਤੇ ਚਰਚਾ ਕੀਤੀ ਜਾ ਸਕਦੀ ਹੈ। ਹਾਲਾਂਕਿ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਸੂਬੇ ਦੀਆਂ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਆਗੂਆਂ ਨਾਲ ਮੀਟਿੰਗ ਕਰ ਚੁੱਕੇ ਹਨ ਅਤੇ ਕਿਸਾਨ ਆਗੂਆਂ ਨੇ ਪਹਿਲਾਂ ਹੀ ਇਸ ਖਰੜੇ ਨੂੰ ਰੱਦ ਕਰ ਦਿੱਤਾ ਹੈ ਪਰ ਸਰਕਾਰ ਕਿਸਾਨਾਂ ਦੇ ਵਿਰੋਧ ਨੂੰ ਦੇਖਦੇ ਹੋਏ ਵਿਸ਼ੇਸ਼ ਇਜਲਾਸ ਬੁਲਾ ਕੇ ਇਸ ਖਰੜੇ ਨੂੰ ਰੱਦ ਕਰ ਕੇ ਪ੍ਰਸਤਾਵ ਕੇਂਦਰ ਸਰਕਾਰ ਨੂੰ ਭੇਜ ਸਕਦੀ ਹੈ।
ਇਹ ਵੀ ਪੜ੍ਹੋ : ਜਨਵਰੀ 'ਚ ਛੁੱਟੀਆਂ ਹੀ ਛੁੱਟੀਆਂ, ਇੰਨੇ ਦਿਨ ਪੰਜਾਬ 'ਚ ਸਕੂਲ ਰਹਿਣਗੇ ਬੰਦ
ਇਥੇ ਇਹ ਵੀ ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੋ ਦਿਨ ਪਹਿਲਾਂ ਨਿੱਜੀ ਦੌਰੇ ’ਤੇ ਪਰਿਵਾਰ ਸਮੇਤ ਵਿਦੇਸ਼ ਗਏ ਹਨ ਤੇ ਉਨ੍ਹਾਂ ਦੇ 28 ਜਾਂ 29 ਦਸੰਬਰ ਨੂੰ ਪਰਤਣ ਦੀ ਉਮੀਦ ਹੈ। ਇਸ ਤਰ੍ਹਾਂ ਮੁੱਖ ਮੰਤਰੀ 30 ਜਾਂ 31 ਦਸੰਬਰ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਬੁਲਾ ਕੇ ਸੈਸ਼ਨ ਬਲਾਉਣ ਦੇ ਏਜੰਡੇ ’ਤੇ ਮੋਹਰ ਲਗਾ ਸਕਦੇ ਹਨ। ਵਿਧਾਨ ਸਭਾ ਦੇ ਨਿਯਮਾਂ ਅਨੁਸਾਰ ਨਵੇਂ ਸਾਲ ਦਾ ਪਹਿਲਾ ਸੈਸ਼ਨ ਸੂਬੇ ਦੇ ਰਾਜਪਾਲ ਦੇ ਭਾਸ਼ਣ ਨਾਲ ਸ਼ੁਰੂ ਹੋਣਾ ਹੈ। ਸੂਤਰ ਦੱਸਦੇ ਹਨ ਕਿ ਸਰਕਾਰ ਇਸਨੂੰ ਲੈ ਕੇ ਦੁਚਿੱਤੀ ’ਚ ਹੈ ਕਿ ਰਾਜਪਾਲ ਦੇ ਭਾਸ਼ਣ ’ਤੇ ਬਹਿਸ ਇਸੇ ਸੈਸ਼ਨ ’ਚ ਕਰਵਾਈ ਜਾਵੇ ਜਾਂ ਫਿਰ ਅਗਲੇ ਸੈਸ਼ਨ ’ਚ। ਜੇਕਰ ਰਾਜਪਾਲ ਦੇ ਭਾਸ਼ਣ ’ਤੇ ਚਰਚਾ ਕਰਵਾਈ ਜਾਵੇਗੀ ਤਾਂ ਇਹ ਵਿਸ਼ੇਸ਼ ਇਜਲਾਸ ਨਹੀਂ ਹੋਵੇਗਾ ਤੇ ਦੋ ਜਾਂ ਤਿੰਨ ਦਿਨ ਦਾ ਸੈਸ਼ਨ ਬੁਲਾਇਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਸ਼ਰਮਨਾਕ ਘਟਨਾ, ਨਹਾਉਂਦੀ ਨਰਸ ਦੇ ਬਾਥਰੂਮ 'ਚ ਲਗਾ ਦਿੱਤਾ ਕੈਮਰਾ, ਫਿਰ ਜੋ ਹੋਇਆ ਸੁਣ ਉਡਣਗੇ ਹੋਸ਼
ਨਵੀਂ ਖੇਤੀ ਨੀਤੀ ’ਤੇ ਵੀ ਹੋ ਸਕਦੀ ਹੈ ਚਰਚਾ
ਪੰਜਾਬ ਵਿਧਾਨ ਸਭਾ ਦੇ ਇਸੇ ਇਜਲਾਸ ਦੌਰਾਨ ਪੰਜਾਬ ਸਰਕਾਰ ਨਵੀਂ ਖੇਤੀ ਨੀਤੀ ’ਤੇ ਵੀ ਚਰਚਾ ਕਰ ਸਕਦੀ ਹੈ। ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ)’ਤੇ ਗਾਰੰਟੀ ਕਾਨੂੰਨ ਦੀ ਮੰਗ ਲਈ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਕਾਰਨ ਸਰਕਾਰ ਕਾਫ਼ੀ ਦਬਾਅ ਹੈਠ ਹੈ। ਬੁੱਧਵਾਰ ਨੂੰ ਕੈਬਨਿਟ ਮੰਤਰੀ ਤੇ 'ਆਪ' ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ਹੇਠ ਅੱਧਾ ਦਰਜਨ ਮੰਤਰੀਆਂ ਤੇ ਵਿਧਾਇਕਾਂ ਦੇ ਵਫ਼ਦ ਨੇ ਮਰਨ ਵਰਤ ’ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਸਿਹਤ ਦਾ ਹਵਾਲਾ ਦਿੰਦੇ ਹੋਏ ਖੁਰਾਕ, ਦਵਾਈ ਲੈਣ ਦੀ ਅਪੀਲ ਵੀ ਕੀਤੀ। ਦੱਸਿਆ ਜਾਂਦਾ ਹੈ ਕਿ ਡੱਲੇਵਾਲ ਨੇ ਵਫ਼ਦ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ : ਆਂਗਣਵਾੜੀ ਕੇਂਦਰਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            