ਪੀਣ ਦੇ ਪਾਣੀ ਦੀ ਬੂੰਦ-ਬੂੰਦ ਨੂੰ ਤਰਸੇ ਪਿੰਡ ਵਾਸੀ

07/08/2018 8:13:07 AM

ਜਲਾਲਾਬਾਦ(ਗੋਇਲ)-ਪੰਜਾਬ ਸਰਕਾਰ ਵੱਲੋਂ ਚਲਾਏ ਗਏ ‘ਤੰਦਰੁਸਤ ਮਿਸ਼ਨ ਪੰਜਾਬ’ ਦੇ ਤਹਿਤ ਸੂਬੇ ਦੀ ਤਸਵੀਰ ਬਦਲਣ ਦੇ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਦੇ ਵਿਚਕਾਰ ਅਸਲੀਅਤ ਇਹ ਹੈ ਕਿ ਜ਼ਿਲੇ ਦੇ ਪਿੰਡ ਭਾਗਸਰ ਦੇ ਲੋਕਾਂ ਨੂੰ ਪੀਣ ਦੇ ਪਾਣੀ ਦੀ ਇਕ-ਇਕ ਬੂੰਦ ਨੂੰ ਤਰਸਣਾ ਪੈ ਰਿਹਾ ਹੈ। ਗੰਦੇ ਪਾਣੀ ਕਾਰਨ ਪਿੰਡ ’ਚ ਹੁਣ ਤੱਕ 15 ਤੋਂ 20 ਲੋਕਾਂ ਦੀ ਕੈਂਸਰ ਨਾਲ ਮੌਤ ਹੋ ਚੁੱਕੀ ਹੈ ਪਰ ਅੱਜ ਤੱਕ ਕਿਸੇ ਵੀ ਸਰਕਾਰ  ਤੇ ਅਧਿਕਾਰੀ ਨੇ ਸਾਰ ਨਹੀਂ ਲਈ ਹੈ।
 ਨਰਕ ਵਰਗੇ ਹਾਲਾਤ
 ਪਿੰਡ ਭਾਗਸਰ ’ਚ ਪੀਣ ਦੇ ਸਾਫ ਪਾਣੀ ਦੇ ਨਾਲ-ਨਾਲ ਸਫਾਈ ਦੀ ਵੱਡੀ ਸਮੱਸਿਆ ਹੈ। ਇਸ ਦੇ ਇਲਾਵਾ ਅੱਜ ਤੱਕ ਪਿੰਡ ਦੀ ਤਰੱਕੀ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਹੈ। ਹਾਲਾਤ ਇਹੋ ਜਿਹੇ ਨਜ਼ਰ ਆਏ ਕਿ ਜਿਵੇਂ ਤੁਸੀ ਕਿਸੇ ਪਿੰਡ ’ਚ ਨਹੀਂ ਸਗੋਂ ਨਰਕ ’ਚ ਆ ਗਏ ਹੋਵੋ।

PunjabKesari

ਵਾਟਰ ਵਰਕਸ ਦੀਆਂ ਖਾਲੀ ਡਿੱਗੀਆਂ
 ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਪਿੰਡਾਂ ’ਚ ਸਾਫ ਪਾਣੀ ਮੁਹੱਈਆ ਕਰਾਉਣ ਦੇ ਦਾਅਵਿਆਂ ਵਿਚਕਾਰ ਪਿੰਡ ਭਾਗਸਰ ਦੇ ਵਾਟਰ ਵਰਕਸ ਦੀਆਂ ਡਿੱਗੀਆਂ ਖਾਲੀ ਪਈਆਂ ਹਨ। ਫਿਲਟਰ ਮਾੜੀ ਹਾਲਤ ’ਚ ਹੈ।  ਕਈ ਵਾਰ ਸਰਕਾਰ, ਰਾਜਸੀ ਆਗੂਆਂ ਅਤੇ ਅਫਸਰਾਂ ਨੂੰ ਸਮੱਸਿਆ ਤੋਂ ਜਾਣੂ ਕਰਾਇਆ ਗਿਆ ਪਰ ਅੱਜ ਤੱਕ ਵਾਟਰ ਵਰਕਸ ਦੀ ਹਾਲਾਤ ’ਚ ਕੋਈ ਸੁਧਾਰ ਨਹੀਂ ਆਇਆ ਹੈ।
 ਪਾਣੀ ਖਰੀਦਣ ਨੂੰ ਮਜਬੂਰ ਲੋਕ
 ਪਿੰਡ ’ਚ  ਲੋਕਾਂ ਨੂੰ ਖਰੀਦ ਕੇ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਕਾਰਨ ਮਜਬੂਰੀ ’ਚ ਲੋਕਾਂ ਵੱਲੋਂ ਨਾਲ ਲੱਗਦੇ ਰਾਜਸਥਾਨ ਦੀਆਂ ਨਹਿਰਾਂ ਤੋਂ ਮਹਿੰਗੇ ਮੁੱਲ ’ਤੇ ਟੈਂਕਰਾਂ ’ਚ ਪਾਣੀ ਮੰਗਵਾਇਆ ਜਾ ਰਿਹਾ ਹੈ। ਲੋਕਾਂ ਨੇ ਰੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਰਕਾਰ ਨੇ ਉਨ੍ਹਾਂ ਨੂੰ ਅੱਜ ਤੱਕ ਸਾਫ ਪਾਣੀ ਤੱਕ ਨਸੀਬ ਨਹੀਂ ਕਰਵਾਇਆ।

PunjabKesari

ਕੈਂਸਰ ਨਾਲ ਕਈ ਮੌਤਾਂ
  ਪਿੰਡ ਵਾਲਿਆਂ ਨੇ ਆਪਣੀਆਂ ਸਮੱਸਿਆਵਾਂ ਦੱਸਦਿਆਂ ਕਿਹਾ ਕਿ ਗੰਦੇ ਪਾਣੀ ਨਾਲ ਲੋਕ ਭਿਆਨਕ ਬੀਮਾਰੀਆਂ ਦੀ ਚਪੇਟ ’ਚ ਆ ਰਹੇ ਹਨ ਅਤੇ ਹੁਣ ਤੱਕ ਕਰੀਬ 15 ਤੋਂ 20 ਲੋਕਾਂ ਦੀ ਕੈਂਸਰ ਕਾਰਨ ਮੌਤ ਹੋ ਚੁੱਕੀ ਹੈ। ਇੰਨਾ ਹੀ ਨਹੀਂ ਪਿੰਡ ਦੇ ਕਈ ਲੋਕ ਕੈਂਸਰ ਦੀ ਬੀਮਾਰੀ ਕਾਰਨ ਮੰਜੇ ’ਤੇ ਪਏ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਿਹਾ ਹੈ।
 ਸੰਘਰਸ਼ ਦੀ ਚਿਤਾਵਨੀ
 ਪਿੰਡ ਭਾਗਸਰ ’ਚ ਮੁੱਢਲੀਆਂ ਸਹੂਲਤਾਂ ਮੁਹੱਈਆਂ ਨਾ ਹੋਣ ਕਾਰਨ ਪ੍ਰੇਸ਼ਾਨ ਪਿੰਡ ਵਾਸੀਆਂ ਨੇ ਰੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜੇਕਰ ਜਲਦ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਵੱਲ ਸਰਕਾਰ ਅਤੇ ਪ੍ਰਸ਼ਾਸਨ ਨੇ ਧਿਆਨ ਨਾ ਦਿੱਤਾ ਤਾਂ ਉਹ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।


Related News