ਲੰਗਰ ''ਤੇ ਜੀ. ਐੱਸ. ਟੀ. ਛੱਡਣਾ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਫੈਸਲਾ

03/26/2018 12:51:57 PM

ਕਪੂਰਥਲਾ (ਗੁਰਵਿੰਦਰ ਕੌਰ)— ਸਾਲ 2017 'ਚ ਕੇਂਦਰ ਸਰਕਾਰ ਵੱਲੋਂ ਦੇਸ਼ 'ਚ ਜੀ. ਐੱਸ. ਟੀ. ਨੂੰ ਲਾਗੂ ਕੀਤਾ ਗਿਆ, ਜਿਸ ਨਾਲ ਕੇਂਦਰ ਸਰਕਾਰ ਦੀਆਂ ਕਈ ਮੁਸ਼ਕਲਾਂ ਵੱਧ ਗਈਆਂ ਤੇ ਕਈ ਵਿਵਾਦ ਛਿੜ ਗਏ ਸਨ, ਜੋ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੇ ਸਨ ਜਿਨ੍ਹਾਂ 'ਚੋਂ ਮੁੱਖ ਮਾਮਲਾ ਕੇਂਦਰ ਸਰਕਾਰ ਵੱਲੋਂ ਲੰਗਰਾਂ 'ਤੇ ਜੀ. ਐੱਸ. ਟੀ. ਲਾਉਣਾ ਦਾ ਸੀ। ਆਖਿਰਕਾਰ 8 ਮਹੀਨਿਆਂ ਬਾਅਦ ਪੰਜਾਬ ਸਰਕਾਰ ਨੇ ਲੰਗਰਾਂ 'ਤੇ ਲੱਗਣ ਵਾਲੇ ਜੀ. ਐੱਸ. ਟੀ. 'ਚੋਂ ਆਪਣਾ ਹਿੱਸਾ ਛੱਡ ਦਿੱਤਾ ਪਰ ਲੰਗਰਾਂ ਦੇ ਸਾਮਾਨ 'ਤੇ ਲੱਗਣ ਵਾਲਾ ਅੱਧਾ ਟੈਕਸ ਕੇਂਦਰ ਸਰਕਾਰ ਵਸੂਲੇਗਾ। ਵੱਖ-ਵੱਖ ਗੁਰਦੁਆਰਿਆਂ ਤੇ ਹੋਰ ਧਾਰਮਕ ਅਸਥਾਨਾਂ 'ਤੇ ਦੇਸ਼ 'ਚ ਲੱਖਾਂ ਲੋਕਾਂ ਦਾ ਢਿੱਡ ਭਰਨ ਵਾਲੇ ਲੰਗਰ ਉਪਰ ਕੇਂਦਰ ਸਰਕਾਰ ਨੂੰ ਜੀ. ਐੱਸ. ਟੀ. ਹਟਾਉਣਾ ਚਾਹੀਦਾ ਹੈ। ਇਸ ਵਿਸ਼ੇ 'ਤੇ ਜਗ ਬਾਣੀ ਦੀ ਟੀਮ ਨੇ ਵੱਖ-ਵੱਖ ਲੋਕਾਂ ਅਤੇ ਗੁਰਦੁਆਰਾ ਸਾਹਿਬ ਦੇ ਆਗੂਆਂ ਦੇ ਵਿਚਾਰ ਲਏ। 
ਲੰਗਰਾਂ 'ਤੇ ਜੀ. ਐੱਸ. ਟੀ. ਛੱਡਣ ਦਾ ਜੇਕਰ ਪੰਜਾਬ ਸਰਕਾਰ ਨੇ ਸ਼ਲਾਘਾਯੋਗ ਕਦਮ ਚੁੱਕਿਆ ਹੈ ਤਾਂ ਕੇਂਦਰ ਸਰਕਾਰ ਵੀ ਜਲਦ ਵਿਚਾਰ ਕਰ ਕੇ ਇਸ ਬਾਰੇ ਫੈਸਲਾ ਲਵੇ ਤੇ ਲੰਗਰਾਂ ਤੋਂ ਜੀ. ਐੱਸ. ਟੀ. ਹਟਾਇਆ ਜਾਵੇ ਕਿਉਂਕਿ ਇਹ ਤਾਂ ਮਹਿਜ ਇਕ ਸੇਵਾ ਹੈ ਜੋ ਸਿੱਖ ਗੁਰੂਆਂ ਵੱਲੋਂ ਚਲਾਈ ਗਈ ਮਰਿਆਦਾ ਅਨੁਸਾਰ ਕੀਤੀ ਜਾ ਰਹੀ ਹੈ।- ਜਥੇ. ਜਸਵਿੰਦਰ ਸਿੰਘ ਬੱਤਰਾ
ਗੁਰਦੁਆਰਾ ਸਾਹਿਬ 'ਚ ਜੋ ਲੰਗਰ ਲਾਏ ਜਾਂਦੇ ਹਨ, ਉਹ ਲੰਗਰ ਬਿਨਾਂ ਭੇਦਭਾਵ ਦੇ ਲਾਏ ਜਾਂਦੇ ਹਨ ਅਤੇ ਇਥੇ ਕੋਈ ਵੀ ਆ ਕੇ ਸੰਗਤ ਦੇ ਰੂਪ 'ਚ ਲੰਗਰ ਛਕ ਸਕਦਾ ਹੈ। ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਮਨਾਹੀ ਨਹੀਂ ਹੈ ਤੇ ਇਨ੍ਹਾਂ ਲੰਗਰਾਂ ਤੋਂ ਉਨ੍ਹਾਂ ਨੂੰ ਕੋਈ ਇਨਕਮ ਨਹੀਂ ਆਉਂਦੀ, ਜਿਸ ਕਾਰਨ ਸਰਕਾਰ ਉਨ੍ਹਾਂ 'ਤੇ ਜੀ. ਐੱਸ. ਟੀ. ਲਾਗੂ ਨਾ ਕਰੇ। -ਗਿਆਨੀ ਗੁਰਮੀਤ ਸਿੰਘ।
ਜੋ ਫੈਸਲਾ ਪਹਿਲਕਦਮੀ ਕਰਦੇ ਹੋਏ ਪੰਜਾਬ ਸਰਕਾਰ ਨੇ ਲਿਆ ਹੈ, ਉਹ ਫੈਸਲਾ ਕੇਂਦਰ ਸਰਕਾਰ ਨੂੰ ਲੈਣਾ ਚਾਹੀਦਾ ਸੀ ਪਰ ਹੁਣ ਵੀ ਜੇਕਰ ਕੇਂਦਰ ਸਰਕਾਰ ਲੰਗਰਾਂ 'ਤੇ ਲੱਗਣ ਵਾਲੇ ਜੀ. ਐੱਸ. ਟੀ. ਨੂੰ ਹਟਾ ਦੇਵੇਗੀ ਤਾਂ ਇਕ ਬਹੁਤ ਵਧੀਆ ਕਦਮ ਹੋਵੇਗਾ, ਜਿਸ ਨਾਲ ਲੰਗਰ ਲਾਉਣ ਵਾਲੀਆਂ ਸੰਗਤਾਂ ਦੀ ਸ਼ਰਧਾ ਭਾਵਨਾ ਬਣੀ ਰਹੇਗੀ। - ਪ੍ਰੀਤਪਾਲ ਸਿੰਘ ਸੋਨੂੰ।


Related News