ਪੰਚਾਇਤੀ ਜ਼ਮੀਨ ''ਚ ਰੇਤ ਦੀ ਕੀਤੀ ਜਾ ਰਹੀ ਗੈਰ ਕਾਨੂੰਨੀ ਨਿਕਾਸੀ

02/11/2018 2:48:55 AM

ਸਰਕਾਰ ਨੂੰ ਲੱਖਾਂ ਦਾ ਲੱਗ ਰਿਹੈ ਚੂਨਾ, ਪ੍ਰਸ਼ਾਸਨ ਸੁੱਤਾ ਕੁੰਭਕਰਨੀ ਨੀਂਦ
ਮੰਡੀ ਘੁਬਾਇਆ(ਕੁਲਵੰਤ)—ਪੰਜਾਬ ਸਰਕਾਰ ਵੱਲੋਂ ਚਾਹੇ ਰੇਤ ਮਾਫੀਆ 'ਤੇ ਠੱਲ੍ਹ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਕਈ ਥਾਈਂ ਅਜੇ ਵੀ ਠੇਕੇਦਾਰਾਂ ਵੱਲੋਂ ਮਹਿਕਮੇ ਦੇ ਕੁਝ ਅਧਿਕਾਰੀਆਂ ਨਾਲ ਮਿਲੀਭੁਗਤ ਕਰ ਕੇ ਸਰਕਾਰ ਨੂੰ ਜੇ. ਸੀ. ਬੀ. ਮਸ਼ੀਨਾਂ ਰਾਹੀਂ ਲੱਖਾਂ ਦਾ ਚੂਨਾ ਲਾਇਆ ਜਾ ਰਿਹਾ ਹੈ, ਜਿਨ੍ਹਾਂ ਨਾਲ ਸ਼ਰੇਆਮ ਰੇਤ ਦੀ ਮਾਈਨਿੰਗ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪਿੰਡ ਲਮੋਚੜ ਕਲਾਂ ਦੀ ਪੰਚਾਇਤ, ਆਮ ਪੰਚਾਇਤ ਤੇ ਖੱਡਾ ਮਜ਼ਦੂਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ ਪੰਚਾਇਤੀ ਜ਼ਮੀਨ ਵਿਚ ਚੋਰੀ ਤੇ ਨਾਜਾਇਜ਼ ਜੇ. ਸੀ. ਬੀ. ਮਸ਼ੀਨਾਂ ਰਾਹੀਂ ਰੇਤ ਦੀ ਮਾਈਨਿੰਗ ਕੀਤੀ ਜਾ ਰਹੀ ਹੈ। ਇਨ੍ਹਾਂ ਮਸ਼ੀਨਾਂ 'ਤੇ ਹਾਈ ਕੋਰਟ ਵੱਲੋਂ ਰੋਕ ਵੀ ਲੱਗੀ ਹੋਈ ਹੈ ਅਤੇ ਕਈ ਥਾਵਾਂ 'ਤੇ ਠੇਕੇਦਾਰ ਵੱਲੋਂ ਕੁਝ ਅਧਿਕਾਰੀਆਂ ਨਾਲ ਮਿਲੀਭੁਗਤ ਕਰ ਕੇ ਇਸ ਨੂੰ 25-30 ਫੁੱਟ ਹੇਠਾਂ ਤੱਕ ਪੁੱਟਿਆ ਜਾ ਰਿਹਾ ਹੈ। ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਤੇ ਪ੍ਰਸ਼ਾਸਨ ਜਿਥੇ ਕੁੰਭਕਰਨੀ ਦੀ ਨੀਂਦ ਸੁੱਤਾ ਪਿਆ ਹੈ, ਉਥੇ ਹੀ ਇਸ ਨਾਲ ਸਰਕਾਰ ਨੂੰ ਲੱਖਾਂ ਦਾ ਚੂਨਾ ਲੱਗ ਰਿਹਾ ਹੈ। ਉਕਤ ਲੋਕਾਂ ਨੇ ਦੱਸਿਆ ਕਿ ਠੇਕੇਦਾਰ ਵੱਲੋਂ ਸਿੰਗਲ ਟਾਇਰਾਂ ਵਾਲੀ ਟਰਾਲੀ ਭਰਨ ਦੀ ਬਜਾਏ ਟਰਾਲੇ, ਘੋੜੇ, ਡਬਲ ਟਾਇਰਾਂ ਵਾਲੀਆਂ ਟਰਾਲੀਆਂ ਭਰੀਆਂ ਜਾ ਰਹੀਆਂ ਹਨ। ਇਸ ਕਰਕੇ ਉਨ੍ਹਾਂ ਮੌਕੇ 'ਤੇ ਪਹੁੰਚ ਕੇ ਪੰਚਾਇਤੀ ਜ਼ਮੀਨ 'ਚ ਜੇ. ਸੀ. ਬੀ. ਮਸ਼ੀਨ ਤੇ ਰੇਤ ਨਾਲ ਭਰਿਆ ਘੋੜਾ ਟਰਾਲਾ ਕਾਬੂ ਕਰ ਲਿਆ ਅਤੇ ਮੌਕੇ 'ਤੇ ਹੀ ਪੁਲਸ ਚੌਕੀ ਘੁਬਾਇਆ ਦੇ ਇੰਚਾਰਜ ਬਲਕਾਰ ਸਿੰਘ ਨੇ ਪੁਲਸ ਪਾਰਟੀ ਸਮੇਤ ਪਹੁੰਚ ਕੇ ਉਨ੍ਹਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਪੰਚਾਇਤੀ ਜ਼ਮੀਨ ਵਾਲੇ ਖੱਡੇ 'ਤੇ ਚੱਲ ਰਹੇ ਇਸ ਵਰਤਾਰੇ ਨੂੰ ਜਲਦ ਤੋਂ ਜਲਦ ਬੰਦ ਕੀਤਾ ਜਾਵੇ ਅਤੇ ਦਿੱਤੇ ਗਏ ਠੇਕੇ ਵਾਲੀ ਜਗ੍ਹਾ 'ਤੇ ਸਹੀ ਢੰਗ ਨਾਲ ਲੇਬਰ ਤੋਂ ਹੀ ਰੇਤ ਦਾ ਕੰਮ ਕਰਵਾਇਆ ਜਾਵੇ। ਇਸ ਸਬੰਧੀ ਅੱਜ ਲੇਬਰ ਨੇ ਕੰਮ ਠੱਪ ਕਰ ਕੇ ਲਿੰਕ ਰੋਡ 'ਤੇ ਧਰਨਾ ਦਿੱਤਾ ਹੈ।
ਕੀ ਕਹਿਣਾ ਹੈ ਪਿੰਡ ਦੇ ਸਰਪੰਚ ਦਾ
ਜਦ ਪੱਤਰਕਾਰਾਂ ਨੇ ਪਿੰਡ ਲਮੌਚੜ ਕਲਾਂ ਦੇ ਮੌਜ਼ੂਦਾ ਸਰਪੰਚ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਆਪਣਾ ਪੱਖ ਪੂਰਦੇ ਹੋਏ ਕਿਹਾ ਕਿ ਅਸੀਂ ਕਿਸੇ ਜ਼ਿੰਮੀਂਦਾਰ ਨੂੰ ਜ਼ਮੀਨ ਠੇਕੇ 'ਤੇ ਦਿੱਤੀ ਹੋਈ ਹੈ। ਇਹ ਰੇਤਾ ਪੰਚਾਇਤ ਦੀ ਜ਼ਮੀਨ 'ਚੋਂ ਨਹੀਂ ਚੁੱਕ ਰਹੇ ਹਨ।


Related News