ਥਾਈਲੈਂਡ ''ਚ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦੇਣ ਵਾਲੇ ਬਿੱਲ ਨੂੰ ਮਿਲੀ ਮਨਜ਼ੂਰੀ

06/18/2024 4:38:51 PM

ਬੈਂਕਾਕ (ਏਜੰਸੀ)- ਥਾਈਲੈਂਡ ਦੀ ਨੈਸ਼ਨਲ ਅਸੈਂਬਲੀ (ਸੰਸਦ) ਦੇ ਉੱਚ ਸਦਨ 'ਸੀਨੇਟ' ਨੇ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦੇਣ ਵਾਲੇ ਇਕ ਬਿੱਲ ਨੂੰ ਮੰਗਲਵਾਰ ਨੂੰ ਭਾਰੀ ਬਹੁਮਤ ਨਾਲ ਮਨਜ਼ੂਰੀ ਪ੍ਰਦਾਨ ਕੀਤੀ। ਇਸ ਦੇ ਨਾਲ ਹੀ ਥਾਈਲੈਂਡ ਦੱਖਣ-ਪੂਰਬੀ ਏਸ਼ੀਆ 'ਚ ਅਜਿਹਾ ਕਾਨੂੰਨ ਲਾਗੂ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਸੀਨੇਟ 'ਚ ਬਿੱਲ 'ਤੇ ਹੋਈ ਵੋਟਿੰਗ ਦੌਰਾਨ 152 ਮੈਂਬਰ ਮੌਜੂਦ ਸਨ, ਜਿਨ੍ਹਾਂ 'ਚੋਂ 130 ਮੈਂਬਰਾਂ ਨੇ ਬਿੱਲ ਦੇ ਪੱਖ 'ਚ ਵੋਟਿੰਗ ਕੀਤੀ, ਜਦੋਂ ਕਿ ਚਾਰ ਮੈਂਬਰਾਂ ਨੇ ਇਸ ਖ਼ਿਲਾਫ਼ ਵੋਟਿੰਗ ਕੀਤੀ। ਸੀਨੇਟ ਦੇ 18 ਮੈਂਬਰਾਂ ਨੇ ਵੋਟਿੰਗ ਦੀ ਪ੍ਰਕਿਰਿਆ 'ਚ ਹਿੱਸਾ ਨਹੀਂ ਲਿਆ। ਹੁਣ ਇਸ ਬਿੱਲ ਨੂੰ ਥਾਈਲੈਂਡ ਦੇ ਰਾਜਾ ਮਹਾ ਵਜਿਰਾਲੋਂਗਕੋਰਨ ਦੀ ਰਸਮੀ ਮਨਜ਼ੂਰੀ ਮਿਲਣ ਦੀ ਲੋੜ ਹੈ, ਜਿਸ ਤੋਂ ਬਾਅਦ ਇਸ ਨੂੰ ਸਰਕਾਰੀ ਰਾਜਪੱਤਰ 'ਚ ਪ੍ਰਕਾਸ਼ਿਤ ਕੀਤਾ ਜਾਵੇਗਾ।

ਸਰਕਾਰੀ ਰਾਜਪੱਤਰ 120 ਦਿਨਾਂ ਦੇ ਅੰਦਰ ਇਕ ਤਾਰੀਖ਼ ਤੈਅ ਕਰੇਗਾ, ਜਦੋਂ ਬਿੱਲ ਕਾਨੂੰਨੀ ਵਜੋਂ ਲਾਗੂ ਹੋ ਜਾਵੇਗਾ। ਤਾਈਵਾਨ ਅਤੇ ਨੇਪਾਲ ਤੋਂ ਬਾਅਦ ਥਾਈਲੈਂਡ ਸਮਲਿੰਗੀ ਵਿਆਹ ਨੂੰ ਮਨਜ਼ੂਰੀ ਦੇਣ ਵਾਲਾ ਏਸ਼ੀਆ ਦਾ ਤੀਜਾ ਦੇਸ਼ ਬਣ ਜਾਵੇਗਾ। ਵਿਆਹ ਸਮਾਨਤਾ ਬਿੱਲ, ਕਿਸੇ ਵੀ ਲਿੰਗ ਦੇ ਵਿਆਹੁਤਾ ਸਾਥੀਆਂ ਨੂੰ ਪੂਰੀ ਕਾਨੂੰਨੀ, ਵਿੱਤੀ ਅਤੇ ਮੈਡੀਕਲ ਅਧਿਕਾਰ ਪ੍ਰਦਾਨ ਕਰਦਾ ਹੈ। ਇਸ ਬਿੱਲ ਨੂੰ ਅਪ੍ਰੈਲ 'ਚ ਪਿਛਲੇ ਸੰਸਦੀ ਸੈਸ਼ਨ ਦੇ ਸਮਾਪਨ ਤੋਂ ਠੀਕ ਪਹਿਲੇ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਨੇ ਪਾਸ ਕਰ ਦਿੱਤਾ ਸੀ। ਇਹ ਬਿੱਲ ਕਾਨੂੰਨ 'ਚ ਸੋਧ ਕਰ ਕੇ 'ਪੁਰਸ਼ ਅਤੇ ਔਰਤ' ਅਤੇ 'ਪਤੀ ਤੇ ਪਤਨੀ' ਸ਼ਬਦਾਂ ਨੂੰ ਬਦਲ ਕੇ 'ਵਿਅਕਤੀ' ਅਤੇ 'ਵਿਆਹ ਸਾਥੀ' ਕਰ ਦੇਵੇਗਾ। ਥਾਈਲੈਂਡ ਦੇ ਸਮਾਜ 'ਚ ਜ਼ਿਆਦਾਤਰ ਰੂੜੀਵਾਦੀ ਮੁੱਲ ਹਨ ਅਤੇ (ਐੱਲ.ਜੀ.ਬੀ.ਟੀ.ਕਿਊ.) ਸਮਲਿੰਗੀ ਭਾਈਚਾਰੇ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰੋਜ਼ਾਨਾ ਜ਼ਿੰਦਗੀ 'ਚ ਭੇਦਭਾਵ ਦਾ ਸਾਹਮਣਾ ਕਰਨਾ ਪੈਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News