ਸਰਕਾਰ ਤੋਂ ਫੰਡ ਨਾ ਆਉਣ ਕਾਰਨ ਵਿੱਤੀ ਪ੍ਰੇਸ਼ਾਨੀ ''ਚ 3 ਲੱਖ ਵਿਦਿਆਰਥੀ ਅਤੇ 1000 ਤੋਂ ਵੱਧ ਕਾਲਜ

01/14/2018 4:29:30 AM

ਲੁਧਿਆਣਾ(ਵਿੱਕੀ)-ਪੰਜਾਬ ਅਣਏਡਿਡ ਕਾਲਜ ਐਸੋਸੀਏਸ਼ਨ (ਪੁੱਕਾ) ਨੇ ਪੰਜਾਬ ਸਰਕਾਰ ਤੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ (ਪੀ. ਐੱਮ. ਐੱਸ.) ਦੇ ਪੈਂਡਿੰਗ ਆਡਿਟ ਨੂੰ ਜਲਦੀ ਪੂਰਾ ਕਰਨ ਦੀ ਗੁਹਾਰ ਲਾਈ ਹੈ ਅਤੇ ਜਿਨ੍ਹਾਂ ਕਾਲਜਾਂ ਦੀ ਆਡਿਟ ਪੂਰੀ ਹੋ ਚੁੱਕੀ ਹੈ, ਉਨ੍ਹਾਂ ਦੇ ਫੰਡ ਰਿਲੀਜ਼ ਕਰਨ ਦੀ ਮੰਗ ਕੀਤੀ ਹੈ। ਪੁੱਕਾ ਅਹੁਦੇਦਾਰਾਂ ਦੀ ਹਾਲ ਹੀ ਵਿਚ ਹੋਈ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ ਕਿ ਪੁੱਕਾ ਦਾ ਇਕ ਵਫਦ ਫੰਡ ਨੂੰ ਜਲਦੀ ਰਿਲੀਜ਼ ਲਈ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਨੂੰ ਮਿਲੇਗਾ। ਸਰਦਾਰ ਗੁਰਪ੍ਰੀਤ ਸਿੰਘ, ਜਨਰਲ ਸੈਕਟਰੀ, ਸੀ. ਏ. ਰੇਣੂ ਅਰੋੜਾ, ਜੁਆਇੰਟ ਸੈਕਟਰੀ-2, ਮਾਨਵ ਧਵਨ, ਟ੍ਰਾਈਸਿਟੀ ਕੋਆਰਡੀਨੇਟਰ, ਚੈਰੀ ਗੋਇਲ, ਮਾਲਵਾ-1 ਕੋਆਰਡੀਨੇਟਰ, ਮੋਂਟੀ ਗਰਗ, ਮਾਲਵਾ-2 ਕੋਆਰਡੀਨੇਟਰ ਰਾਜੇਸ਼ ਗਰਗ, ਐੱਮ. ਆਰ. ਐੱਮ. ਪੀ. ਟੀ. ਯੂ., ਬਠਿੰਡਾ ਕੋਆਰਡੀਨੇਟਰ, ਡਾ. ਅਕਾਸ਼ਦੀਪ ਸਿੰਘ, ਮਾਝਾ ਕੋਆਰਡੀਨੇਟਰ ਅਤੇ ਸੰਜੀਵ ਅਰੋੜਾ, ਦੋਆਬਾ ਕੋਆਰਡੀਨੇਟਰ, ਡਾ. ਗੁਰਿੰਦਰਜੀਤ ਜਵਾਂਡਾ, ਹੈੱਡ ਸਕਾਲਰਸ਼ਿਪ ਡਿਪਾਰਟਮੈਂਟ ਵੀ ਇਸ ਮੀਟਿੰਗ ਵਿਚ ਮੌਜੂਦ ਸਨ। ਜੁਆਇੰਟ ਸੈਕਟਰੀ ਗੁਰਕੀਰਤ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਉਨ੍ਹਾਂ ਦਾਖਲਿਆਂ ਨੂੰ ਨਕਲੀ ਨਹੀਂ ਮੰਨਣਾ ਚਾਹੀਦਾ ਜੋ ਆਪਣੀ ਪੜ੍ਹਾਈ ਵਿਚਕਾਰ ਹੀ ਛੱਡ ਦਿੰਦੇ ਹਨ ਕਿਉਂਕਿ ਪੂਰੇ ਦੇਸ਼ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀ ਕਈ ਕਾਰਨਾਂ ਤੋਂ ਆਪਣੀ ਪੜ੍ਹਾਈ ਵਿਚਕਾਰ ਹੀ ਛੱਡ ਦਿੰਦੇ ਹਨ। ਗੁਰਫਤਿਹ ਨੇ ਅੱਗੇ ਕਿਹਾ ਕਿ ''ਸਰਕਾਰ ਨੂੰ ਵਿਦਿਆਰਥੀ ਦੀ ਉਸ ਸਮੈਸਟਰ ਦੀ ਰਾਸ਼ੀ ਦਾ ਮੁਲਾਂਕਣ ਕਰਨਾ ਚਾਹੀਦਾ ਹੈ, ਜਿੰਨਾ ਸਮੈਸਟਰ ਵਿਦਿਆਰਥੀ ਨੇ ਕਾਲਜ ਵਿਚ ਪੜ੍ਹਾਈ ਕੀਤੀ ਹੈ।'' ਫਾਈਨਾਂਸ ਸੈਕਟਰੀ, ਸੀ. ਏ. ਮਨਮੋਹਨ ਗਰਗ ਨੇ ਕਿਹਾ ਕਿ 1200 ਕਰੋੜ ਰੁਪਏ ਦਾ ਫੰਡ ਰਿਲੀਜ਼ ਨਾ ਹੋਣ ਕਾਰਨ 100 ਤੋਂ ਵੱਧ ਚੰਗੇ ਕਾਲਜਾਂ ਨੂੰ ਬੈਂਕਾਂ ਨੇ ਗੈਰ ਪ੍ਰਫਾਰਮੈਂਸ ਏਸੈਸਟ (ਐੱਨ.ਪੀ.ਏ.) ਐਲਾਨ ਦਿੱਤਾ ਅਤੇ ਇਨ੍ਹਾਂ ਕਾਲਜਾਂ ਦੇ ਕਬਜੇ ਅਤੇ ਨਿਲਾਮੀ ਦੀ ਕਾਰਵਾਈ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ। ਅਸ਼ੋਕ ਗੋਇਲ ਨੇ ਕਿਹਾ ਕਿ ਸਕਾਲਰਸ਼ਿਪ ਦੀ ਰਾਸ਼ੀ ਦਾ ਭਗਤਾਨ ਨਾ ਹੋਣ ਕਾਰਨ ਕੁਝ ਅਣਏਡਿਡ ਕਾਲਜਾਂ ਦੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਮੈਂਬਰਾਂ ਦੀ ਪਿਛਲੇ 4-5 ਮਹੀਨੇ ਦੀ ਸੈਲਰੀ ਬਕਾਇਆ ਹੈ।
ਕੀ ਕਹਿੰਦੇ ਹਨ ਅੰਸ਼ੂ ਕਟਾਰੀਆ
ਪੁੱਕਾ ਦੇ ਪ੍ਰੈਜ਼ੀਡੈਂਟ, ਡਾ. ਅੰਸ਼ ਕਟਾਰੀਆ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ 1200 ਕਰੋੜ ਰੁਪਏ ਵਿਚੋਂ ਜਾਰੀ ਕੀਤਾ ਗਿਆ 115 ਕਰੋੜ ਇਕ ਘੱਟ ਰਾਸ਼ੀ ਹੈ। ਇਸ ਲਈ ਕੇਂਦਰ ਸਰਕਾਰ ਨੂੰ 115 ਕਰੋੜ ਤੋਂ ਵੱਧ ਰਾਸ਼ੀ ਜੋੜਨੀ ਚਾਹੀਦੀ ਹੈ ਤਾਂ ਕਿ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਕਾਲਜਾਂ ਨੂੰ ਚੰਗੀ ਰਕਮ ਜਾਰੀ ਕੀਤੀ ਜਾ ਸਕੇ। ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਅਮਿਤ ਸ਼ਰਮਾ ਨੇ ਕਿਹਾ ਕਿ 2016-17 ਦਾ ਕਰੀਬ 30 ਕਰੋੜ ਰੁਪਏ ਅਤੇ ਸਾਲ 2017-18  ਦਾ 60 ਕਰੋੜ ਰੁਪਏ ਦੀ ਰਾਜ ਜ਼ਿੰਮੇਵਾਰੀ ਨੂੰ ਮਿਲਾ ਕੇ ਕੁਲ 205 ਕਰੋੜ ਰੁਪਏ ਸਰਕਾਰ ਵੱਲ ਬਕਾਇਆ ਹੈ। ਗੁਰਫਤਿਹ ਸਿੰਘ ਗਿੱਲ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿਚ 1200 ਕਰੋੜ ਦਾ ਭੁਗਤਾਨ ਨਾ ਹੋਣ ਕਾਰਨ 3 ਲੱਖ ਤੋਂ ਵੱਧ ਐੱਸ. ਸੀ. ਵਿਦਿਆਰਥੀ, ਮਾਤਾ-ਪਿਤਾ, ਅਧਿਆਪਕ, ਹੋਰ ਹਿਤਧਾਰਕ ਅਤੇ ਪੰਜਾਬ ਦੇ ਅਣਏਡਿਡ ਕਾਲਜ ਵਿੱਤੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ।


Related News