ਕੋਰੋਨਾ ਵਾਇਰਸ ਦਾ ਖੌਫ : ਪੰਜਾਬ ਸਿਵਲ ਸਕੱਤਰੇਤ ''ਚ ਬਾਇਓਮੈਟ੍ਰਿਕ ਹਾਜ਼ਰੀ ''ਤੇ ਲੱਗੀ ਰੋਕ
Thursday, Mar 05, 2020 - 07:13 PM (IST)
ਪਟਿਆਲਾ/ਚੰਡੀਗੜ੍ਹ (ਪਰਮੀਤ)— ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਤੋਂ ਬਚਣ ਨੂੰ ਲੈ ਕੇ ਅਹਿਮ ਐਲਾਨ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ ਸਿਵਲ ਸਕੱਤਰੇਤ 'ਚ ਬਾਇਓਮੈਟ੍ਰਿਕ ਹਾਜ਼ਰੀ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਹੁਣ ਪੰਜਾਬ ਸਕੱਤਰੇਤ 'ਚ ਬਾਇਓਮੈਟ੍ਰਿਕ ਹਾਜ਼ਰੀ ਨਹੀਂ ਲੱਗੇਗੀ ਅਤੇ ਸਿਰਫ ਰਜਿਸਟਰ 'ਤੇ ਹੀ ਮੁਲਾਜ਼ਮਾਂ ਦੀ ਹਾਜ਼ਰੀ ਲਗਾਈ ਜਾਵੇਗੀ। ਸਰਕਾਰ ਵੱਲੋਂ ਜਾਰੀ ਕੀਤੇ ਗਏ ਇਹ ਹੁਕਮ ਹੁਣ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ।
ਦੱਸਣਯੋਗ ਹੈ ਕਿ ਚੀਨ 'ਚ ਫੈਲੇ ਕੋਰੋਨਾ ਵਾਇਰਸ ਨੇ ਹੁਣ ਭਾਰਤ 'ਚ ਵੀ ਦਸਤਕ ਦੇ ਦਿੱਤੀ ਹੈ। ਹੁਣ ਤੱਕ ਭਾਰਤ 'ਚ ਕੋਰੋਨਾ ਵਾਇਰਸ ਦੇ 28 ਕੇਸ ਸਾਹਮਣੇ ਆਏ ਹਨ। ਇਨ੍ਹਾਂ 'ਚੋਂ 12 ਭਾਰਤੀ ਅਤੇ 16 ਵਿਦੇਸ਼ੀ ਸ਼ਾਮਲ ਹਨ। 12 ਭਾਰਤੀਆਂ 'ਚੋਂ 3 ਮਰੀਜ਼ਾਂ ਨੂੰ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ। ਬਾਕੀ ਦੇ 9 ਮਰੀਜ਼ਾਂ ਨੂੰ ਦਿੱਲੀ, ਤੇਲੰਗਾਨਾ ਅਤੇ ਜੈਪੁਰ 'ਚ 1-1 ਮਰੀਜ਼ ਸ਼ਾਮਲ ਹੈ। ਉੱਥੇ ਹੀ ਆਗਰਾ 'ਚ ਇਕ ਹੀ ਪਰਿਵਾਰ ਦੇ 6 ਮਰੀਜ਼ ਮਿਲੇ ਹਨ, ਜਿਨ੍ਹਾਂ ਦਾ ਦਿੱਲੀ 'ਚ ਇਲਾਜ ਚੱਲ ਰਿਹਾ ਹੈ। ਦਿੱਲੀ ਏਅਰਪੋਰਟ 'ਤੇ ਵਿਦੇਸ਼ਾਂ ਤੋਂ ਆਏ ਖਾਸ ਤੌਰ 'ਤੇ ਇਟਲੀ ਅਤੇ ਚੀਨ ਤੋਂ ਆਏ ਲੋਕਾਂ ਦੀ ਖਾਸ ਸਕਰੀਨਿੰਗ ਕੀਤੀ ਜਾ ਰਹੀ ਹੈ। ਸਾਵਧਾਨੀ ਵਰਤਦੇ ਹੋਏ ਨੋਇਡਾ ਦੇ ਦੋ ਸਕੂਲ ਵੀ ਬੰਦ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਦੱਖਣੀ ਦਿੱਲੀ ਅਤੇ ਗੁੜਗਾਓਂ ਦੇ ਵੀ ਦੋ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਦਿੱਲੀ 'ਚ 3.5 ਲੱਖ ਮਾਸਕਾਂ ਦੀ ਵਿਵਸਥਾ ਕੀਤੀ ਜਾ ਰਹੀ ਹੈ। ਕਰੀਬ 77 ਦੇਸ਼ ਇਸ ਜਾਨਲੇਵਾ ਵਾਇਰਸ ਦੀ ਲਪੇਟ 'ਚ ਆ ਚੁੱਕੇ ਹਨ। ਇਥੇ ਤੁਹਾਨੂੰ ਦੱਸ ਦੇਈਏ ਕਿ ਚੀਨ 'ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦਾ ਅੰਕੜਾ 3000 ਤੋਂ ਪਾਰ ਹੋ ਗਿਆ ਹੈ ਜਦਕਿ ਬੁੱਧਵਾਰ ਤੱਕ 80,409 ਨਵੇਂ ਮਾਮਲਿਆਂ ਦੀ ਪੁਸ਼ਟੀ ਹੋ ਗਈ ਹੈ।
ਇਹ ਵੀ ਪੜ੍ਹੋ: ਪੰਜਾਬ-ਚੰਡੀਗੜ੍ਹ 'ਚ 'ਕੋਰੋਨਾ ਵਾਇਰਸ' ਕਾਰਨ ਹੜਕੰਪ, 8 ਸ਼ੱਕੀ ਮਰੀਜ਼ ਆਏ ਸਾਹਮਣੇ
ਇਹ ਵਰਤੋਂ ਸਾਵਧਾਨੀਆਂ
ਹੱਥਾਂ ਨੂੰ ਵਾਰ-ਵਾਰ ਸਾਬਣ ਅਤੇ ਪਾਣੀ ਨਾਲ ਧੋਵੋ। ਹੋ ਸਕੇ ਤਾਂ ਹੱਥਾਂ ਨੂੰ ਸਾਫ ਕਰਨ ਲਈ ਸੈਨੇਟਾਈਜ਼ਰ ਦਾ ਇਸਤੇਮਾਲ ਕਰੋ।
ਕਿਸੇ ਨਾਲ ਵੀ ਹੱਥ ਮਿਲਾਉਣ ਤੋਂ ਪਰਹੇਜ਼ ਕਰੋ।
ਖੰਘਦੇ ਹੋਏ ਜਾਂ ਛਿੱਕਦੇ ਹੋਏ ਡਿਸਪੋਜ਼ੇਬਲ ਟਿਸ਼ੂ ਦਾ ਇਸਤੇਮਾਲ ਕਰੋ।
ਇਸਤੇਮਾਲ ਕੀਤੇ ਗਏ ਟਿਸ਼ੂ ਨੂੰ ਸੁੱਟ ਦਿਓ ਅਤੇ ਇਸ ਤੋਂ ਬਾਅਦ ਹੱਥ ਜ਼ਰੂਰ ਧੋਵੋ।
ਟਿਸ਼ੂ ਨਹੀਂ ਹੈ ਤਾਂ ਛਿਕਦੇ ਜਾਂ ਖੰਘਦੇ ਹੋਏ ਬਾਂਹ ਦਾ ਇਸਤੇਮਾਲ ਕਰੋ। ਪਰ ਖੁੱਲ੍ਹੀ ਹਵਾ 'ਚ ਖੰਘਣ ਜਾਂ ਛਿੱਕਣ ਤੋਂ ਪਰਹੇਜ਼ ਕਰੋ।
ਬਿਨਾਂ ਹੱਥ ਧੋਏ ਆਪਣੀਆਂ ਅੱਖਾਂ, ਨੱਕ ਅਤੇ ਮੂੰਹ ਨੂੰ ਨਾ ਲਗਾਓ।
ਬੀਮਾਰ ਲੋਕਾਂ ਦੇ ਸੰਪਰਕ 'ਚ ਆਉਣ ਤੋਂ ਬਚੋ।
ਜਾਨਵਰਾਂ ਦੇ ਸੰਪਰਕ 'ਚ ਆਉਣ ਤੋਂ ਬਚੋ।
ਪਾਲਤੂ ਜਾਨਵਰਾਂ ਦੀ ਸਾਫ-ਸਫਾਈ ਦਾ ਪੂਰਾ ਧਿਆਨ ਰੱਖੋ।
ਮੀਟ, ਅੰਡੇ ਆਦਿ ਖਾਣ ਤੋਂ ਪਹਹੇਜ਼ ਕਰੋ। ਹੋ ਸਕੇ ਤਾਂ ਚੰਗੀ ਤਰ੍ਹਾਂ ਪਕਾ ਕੇ ਖਾਓ।
ਜੇਕਰ ਤੁਹਾਨੂੰ ਖੰਘ, ਬੁਖਾਰ ਅਤੇ ਛਿੱਕਾਂ ਆਦਿ ਦੀ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
ਇਹ ਵੀ ਪੜ੍ਹੋ: ਕੋਰੋਨਾ ਵਾਇਰਸ : ਚੰਡੀਗੜ੍ਹ ਦੇ ਸਿਹਤ ਵਿਭਾਗ ਵਲੋਂ ਐਡਵਾਈਜ਼ਰੀ ਜਾਰੀ, ਦਿੱਤੇ ਖਾਸ ਨਿਰਦੇਸ਼