ਕੈਪਟਨ ਦੀ ''ਮਹਿਲਾ ਦਿਵਸ'' ''ਤੇ ਖਾਸ ਪਹਿਲ, ਰਾਤ ਨੂੰ ਔਰਤਾਂ ਲਈ ਸੜਕਾਂ ਹੋਣਗੀਆਂ ''ਰਾਖਵੀਆਂ''
Wednesday, Mar 04, 2020 - 01:17 PM (IST)
ਚੰਡੀਗੜ੍ਹ : ਸਮਾਜ 'ਚ ਔਰਤਾਂ ਨੂੰ ਵਧੇਰੇ ਸਮਰੱਥ ਵਧਾਉਣ ਦੀ ਕੋਸ਼ਿਸ਼ ਕਰਦਿਆਂ ਪੰਜਾਬ ਸਰਕਾਰ ਨੇ ਦੇਸ਼ 'ਚ ਪਹਿਲੀ ਵਾਰ ਕੌਮਾਂਤਰੀ ਮਹਿਲਾ ਦਿਵਸ ਨੂੰ ਵਿਲੱਖਣ ਤਰੀਕੇ ਨਾਲ ਮਨਾਉਣ ਦਾ ਫੈਸਲਾ ਕੀਤਾ ਹੈ। ਹਨ੍ਹੇਰਾ ਹੋਣ ਪਿੱਛੋਂ ਔਰਤਾਂ ਤੇ ਬੱਚਿਆਂ ਦੇ ਘਰਾਂ 'ਚ ਹੀ ਰਹਿਣ ਵਰਗੀਆਂ ਰੂੜੀਵਾਦੀ ਰਵਾਇਤਾਂ ਨੂੰ ਚੁਣੌਤੀ ਦਿੰਦਿਆਂ ਸਰਕਾਰ 7 ਅਤੇ 8 ਮਾਰਚ ਦੀ ਦਰਮਿਆਨੀ ਰਾਤ ਨੂੰ ਹਰੇਕ ਜ਼ਿਲ੍ਹੇ 'ਚ ਮੁੱਖ ਸੜਕ ਦਾ ਇਕ ਹਿੱਸਾ ਸ਼ਾਮੀਂ 7 ਤੋਂ ਰਾਤੀਂ 1 ਵਜੇ ਤੱਕ ਔਰਤਾਂ ਤੇ ਲੜਕੀਆਂ ਦੀਆਂ ਵੱਖ-ਵੱਖ ਗਤੀਵਿਧੀਆਂ ਲਈ ਰਾਖਵਾਂ ਰੱਖੇਗੀ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੇ ਦੱਸਿਆ ਕਿ ਸੂਬਾ ਸਰਕਾਰ ਸੜਕਾਂ ਤੇ ਗਲੀਆਂ ਨੂੰ ਔਰਤਾਂ ਤੇ ਲੜਕੀਆਂ ਲਈ ਸੁਰੱਖਿਅਤ ਬਣਾਉਣ ਅਤੇ ਆਰਥਿਕ ਗਤੀਵਿਧੀਆਂ 'ਚ ਉਨ੍ਹਾਂ ਦੀ ਸ਼ਮੂਲੀਅਤ ਵਧਾਉਣ ਦੀ ਇੱਛੁਕ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਸਿਰਫ਼ ਇਸ ਕਾਰਨ ਹੀ ਰੋਜ਼ਗਾਰ ਤੋਂ ਨਹੀਂ ਰੋਕਿਆ ਜਾਣਾ ਚਾਹੀਦਾ ਕਿ ਉਹ ਹਨ੍ਹੇਰਾ ਹੋਣ ਮਗਰੋਂ ਸਫ਼ਰ ਨਹੀਂ ਕਰ ਸਕਦੀਆਂ। ਇਸ ਲਈ ਵਿਭਾਗ ਨੇ ਕੌਮਾਂਤਰੀ ਮਹਿਲਾ ਦਿਵਸ ਨੂੰ ਜਨਤਕ ਥਾਵਾਂ 'ਤੇ ਔਰਤਾਂ ਦੀ ਦਾਅਵੇਦਾਰੀ ਜਤਾਉਣ ਦੀ ਕੋਸ਼ਿਸ਼ ਦੇ ਨਵੇਂ ਤਰੀਕੇ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਇਸ ਦਿਨ ਸ਼ਾਮੀਂ 7 ਤੋਂ 1 ਵਜੇ ਤੱਕ ਸਾਰੇ ਜ਼ਿਲ੍ਹਾ ਹੈੱਡ ਕੁਆਰਟਰਾਂ ਅਤੇ ਵੱਡੇ ਸ਼ਹਿਰਾਂ 'ਚ ਕਿਸੇ ਇਕ ਮੁੱਖ ਸੜਕ ਦਾ 6 ਕਿਲੋਮੀਟਰ ਹਿੱਸਾ ਔਰਤਾਂ ਤੇ ਲੜਕੀਆਂ ਲਈ ਰਾਖਵਾਂ ਹੋਵੇਗਾ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਸੜਕ 'ਤੇ ਦੌੜ, ਪੈਦਲ ਚਾਲ, ਸਾਇਕਲਿੰਗ, ਉਦੇਸ਼ ਪੂਰਤੀ ਲਈ ਨ੍ਰਿਤ, ਮਨੁੱਖੀ ਲੜੀ, ਦਸਤਖ਼ਤ ਮੁਹਿੰਮ ਚਲਾ ਕੇ ਅਜਿਹਾ ਸਮਾਜ ਸਿਰਜਣ ਦੀ ਲੋੜ 'ਤੇ ਜ਼ੋਰ ਦਿੱਤਾ ਜਾਵੇਗਾ, ਜਿਸ 'ਚ ਕਿਸੇ ਲੜਕੀ ਜਾਂ ਔਰਤ ਨੂੰ ਕਿਸੇ ਵੀ ਤਰ੍ਹਾਂ ਦੇ ਸ਼ੋਸ਼ਣ ਜਾਂ ਹਮਲੇ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਇਲਾਵਾ ਪੂਰੀ ਤਰ੍ਹਾਂ ਸ਼ਿੰਗਾਰੀਆਂ ਇਨ੍ਹਾਂ ਸੜਕਾਂ 'ਤੇ ਮਹਿਲਾ ਉੱਦਮੀਆਂ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਨ ਤੋਂ ਇਲਾਵਾ ਫੂਡ ਸਟਾਲ ਵੀ ਲਾਏ ਜਾਣਗੇ।
ਅਰੁਣਾ ਚੌਧਰੀ ਨੇ ਕਿਹਾ ਕਿ ਜੇਕਰ ਹਨੇਰਾ ਹੋਣ ਮਗਰੋਂ ਕੰਮ, ਮਨੋਰੰਜਨ ਜਾਂ ਕਿਸੇ ਹੋਰ ਮੰਤਵ ਲਈ ਕੁੱਝ ਔਰਤਾਂ ਗਲੀਆਂ ਜਾਂ ਸੜਕਾਂ 'ਤੇ ਨਿਕਲਦੀਆਂ ਹਨ ਤਾਂ ਇਸ ਨਾਲ ਹੋਰ ਔਰਤਾਂ ਨੂੰ ਵੀ ਜਨਤਕ ਥਾਵਾਂ 'ਤੇ ਬਿਨਾਂ ਕਿਸੇ ਡਰ ਤੋਂ ਖੁੱਲ੍ਹ ਕੇ ਵਿਚਰਨ ਲਈ ਉਤਸ਼ਾਹਤ ਕੀਤਾ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਜੇ ਅਜਿਹੀਆਂ ਗਤੀਵਿਧੀਆਂ ਬਾਕਾਇਦਾ ਆਧਾਰ 'ਤੇ ਕਰਵਾਈਆਂ ਜਾਣ ਤਾਂ ਇਸ ਨਾਲ ਔਰਤਾਂ ਲਈ ਸੁਰੱਖਿਅਤ ਮਾਹੌਲ ਸਿਰਜਣ 'ਚ ਮਦਦ ਮਿਲੇਗੀ।
ਕੈਬਨਿਟ ਮੰਤਰੀ ਨੇ ਅੱਗੇ ਦੱਸਿਆ ਕਿ ਸਾਰੇ ਡਿਪਟੀ ਕਮਿਸ਼ਨਰਾਂ, ਐਸ. ਐਸ. ਪੀਜ਼, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰਾਂ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰਾਂ ਅਤੇ ਸਿਹਤ, ਸਿੱਖਿਆ, ਸ਼ਹਿਰੀ ਵਿਕਾਸ ਤੇ ਸਥਾਨਕ ਸਰਕਾਰਾਂ ਬਾਰੇ ਮਹਿਕਮਿਆਂ ਦੇ ਸਾਰੇ ਜ਼ਿਲ੍ਹਾ ਮੁਖੀਆਂ ਨੂੰ ਇਨ੍ਹਾਂ ਪ੍ਰੋਗਰਾਮਾਂ ਵਿੱਚ ਔਰਤਾਂ ਤੇ ਲੜਕੀਆਂ ਦੀ ਭਰਵੀਂ ਗਿਣਤੀ 'ਚ ਸ਼ਮੂਲੀਅਤ ਯਕੀਨੀ ਬਣਾਉਣ ਲਈ ਆਖਿਆ ਗਿਆ ਹੈ। ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਹ ਸਿੱਖਿਆ ਸੰਸਥਾਵਾਂ, ਪ੍ਰਾਈਵੇਟ ਅਦਾਰਿਆਂ ਦੀਆਂ ਮੁਲਾਜ਼ਮਾਂ, ਕਾਲ ਸੈਂਟਰਾਂ ਦੇ ਸਟਾਫ਼, ਡਾਕਟਰਾਂ, ਇੰਜਨੀਅਰਾਂ, ਅਧਿਆਪਕਾਂ ਤੇ ਸਮਾਜ ਲਈ ਹੋਰ ਆਦਰਸ਼ ਹਸਤੀਆਂ ਦੀ ਇਨ੍ਹਾਂ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਯਕੀਨੀ ਬਣਾਉਣ। ਉਨ੍ਹਾਂ ਆਪਣੇ ਵਿਭਾਗ ਦੇ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਇਸ ਪੂਰੇ ਪ੍ਰੋਗਰਾਮ ਦਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਉਤੇ ਸਿੱਧਾ ਪ੍ਰਸਾਰਨ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰੋਗਰਾਮਾਂ 'ਚ ਸਬੰਧਤ ਮੰਤਰੀਆਂ, ਵਿਧਾਇਕਾਂ ਤੇ ਪ੍ਰਮੁੱਖ ਹਸਤੀਆਂ ਵੀ ਸ਼ਾਮਲ ਹੋਣਗੀਆਂ।