ਪੰਜਾਬ ਸਰਕਾਰ 550ਵੇਂ ਪ੍ਰਕਾਸ਼ ਪੁਰਬ ''ਤੇ 550 ਸਿੱਖ ਸ਼ਖਸੀਅਤਾਂ ਦਾ ਕਰੇਗੀ ਸਨਮਾਨ

Wednesday, Sep 25, 2019 - 02:25 PM (IST)

ਪੰਜਾਬ ਸਰਕਾਰ 550ਵੇਂ ਪ੍ਰਕਾਸ਼ ਪੁਰਬ ''ਤੇ 550 ਸਿੱਖ ਸ਼ਖਸੀਅਤਾਂ ਦਾ ਕਰੇਗੀ ਸਨਮਾਨ

ਚੰਡੀਗੜ੍ਹ (ਅਸ਼ਵਨੀ) : ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਜਸ਼ਨਾਂ ਮੌਕੇ 550 ਨਾਨਕ ਨਾਮ ਲੇਵਾ ਉੱਘੀਆਂ ਸ਼ਖਸੀਅਤਾਂ ਦਾ ਸਨਮਾਨ ਕੀਤਾ ਜਾਵੇਗਾ। ਇਸ ਸਬੰਧੀ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨਾਲ ਇਕ ਮੀਟਿੰਗ ਕੀਤੀ। ਚੰਨੀ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਜਸ਼ਨਾਂ ਮੌਕੇ 550 ਉੱਘੀਆਂ ਨਾਨਕ ਨਾਮ ਲੇਵਾ ਹਸਤੀਆਂ ਨੂੰ ਸਨਮਾਨਿਤ ਕਰਨ ਦਾ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ।

ਇਸ ਸੂਚੀ 'ਚ ਉਹ ਸ਼ਖਸੀਅਤਾਂ ਸ਼ਾਮਲ ਹੋ ਸਕਣਗੀਆਂ, ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ 'ਚ ਪੂਰਾ ਭਰੋਸਾ ਹੈ ਅਤੇ ਜਿਨ੍ਹਾਂ ਨੇ ਇਨ੍ਹਾਂ ਸਿੱਖਿਆਵਾਂ ਨੂੰ ਅਪਣਾ ਕੇ ਆਪਣੇ ਜੀਵਨ ਦੇ ਵੱਖ-ਵੱਖ ਪੜਾਵਾਂ ਨੂੰ ਸਰ ਕੀਤਾ ਜਾਂ ਜਿਨ੍ਹਾਂ ਨੇ ਸਮਾਜ ਲਈ ਕੋਈ ਵਡਮੁੱਲਾ ਯੋਗਦਾਨ ਦਿੱਤਾ ਜਾਂ ਪਹਿਲੀ ਪਾਤਸ਼ਾਹੀ ਦੀਆਂ ਸਿੱਖਿਆਵਾਂ ਨੂੰ ਚਾਨਣ ਮੁਨਾਰਾ ਮੰਨਦਿਆਂ ਆਪਣੇ ਚੁਣੇ ਹੋਏ ਕਿੱਤੇ ਜਾਂ ਖੇਤਰ 'ਚ ਮੱਲਾਂ ਮਾਰੀਆਂ। ਸੈਰ-ਸਪਾਟਾ ਮੰਤਰੀ ਨੇ ਦੱਸਿਆ ਕਿ ਅਜਿਹੀਆਂ ਹਸਤੀਆਂ ਭਾਰਤ ਜਾਂ ਵਿਦੇਸ਼ਾਂ ਤੋਂ ਵੀ ਹੋ ਸਕਦੀਆਂ ਹਨ ਅਤੇ ਇਨ੍ਹਾਂ ਸਤਿਕਾਰਯੋਗ ਹਸਤੀਆਂ ਨੂੰ ਲੱਭਣ ਦਾ ਸਿਲਸਿਲਾ ਪੂਰੀ ਦੁਨੀਆ 'ਚ ਚਲਾਇਆ ਜਾਵੇਗਾ। ਚੰਨੀ ਨੇ ਦੱਸਿਆ ਕਿ ਅਜਿਹੀਆਂ ਹਸਤੀਆਂ ਨੂੰ ਸਨਮਾਨਿਤ ਕਰਨ ਲਈ ਆਈ. ਕੇ. ਜੀ. ਪੀ. ਟੀ. ਯੂ. ਕਪੂਰਥਲਾ 'ਚ 10 ਨਵੰਬਰ ਨੂੰ ਇਕ ਵਿਸ਼ਾਲ ਸਮਾਗਮ ਆਯੋਜਿਤ ਕੀਤਾ ਜਾਵੇਗਾ, ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਹਸਤੀਆਂ ਦਾ ਸਨਮਾਨ ਕਰਨਗੇ।


author

Babita

Content Editor

Related News