ਪੰਜਾਬ ਸਰਕਾਰ ਨੇ ਜਾਇਦਾਦਾਂ ਦੀ ਈ-ਨੀਲਾਮੀ ਤੋਂ ਕਮਾਏ 54.51 ਕਰੋੜ

Friday, Sep 13, 2019 - 09:27 AM (IST)

ਚੰਡੀਗੜ੍ਹ : ਪੰਜਾਬ ਸਰਕਾਰ ਨੇ ਪੁੱਡਾ ਅਤੇ ਹੋਰ ਵਿਸ਼ੇਸ਼ ਵਿਕਾਸ ਅਥਾਰਟੀਆਂ ਜਿਵੇਂ ਗਮਾਡਾ, ਪੀ. ਡੀ. ਏ., ਜੇ. ਡੀ. ਏ., ਗਲਾਡਾ, ਏ. ਡੀ. ਏ. ਅਤੇ ਬੀ. ਡੀ. ਏ. ਨੇ ਆਈ. ਟੀ. ਨੇ ਉਦਯੋਗਿਕ ਪਲਾਟਾਂ ਅਤੇ ਵਪਾਰਕ ਜਾਇਦਾਦਾਂ ਦੀ ਨੀਲਾਮੀ ਤੋਂ 54.51 ਕਰੋੜ ਰੁਪਏ ਕਮਾਏ ਹਨ। ਜਿਨ੍ਹਾਂ ਜਾਇਦਾਦਾਂ ਦੀ ਨੀਲਾਮੀ ਕੀਤੀ ਗਈ, ਉਨ੍ਹਾਂ ਵਿੱਚ ਸੂਬੇ ਭਰ ਵਿੱਚ ਸਥਿਤ ਮਲਟੀਯੂਜ਼ ਸਾਈਟ, ਐਸ. ਸੀ. ਓਜ਼., ਐਸ. ਸੀ. ਐਫਜ਼., ਬੂਥ, ਦੁਕਾਨਾਂ, ਦੋ ਮੰਜ਼ਿਲਾ ਦੁਕਾਨਾਂ ਅਤੇ ਰਿਹਾਇਸ਼ੀ ਪਲਾਟ ਸ਼ਾਮਲ ਹਨ। ਇਹ ਈ-ਨੀਲਾਮੀ 1 ਸਤੰਬਰ, 2019 ਤੋਂ ਸ਼ੁਰੂ ਹੋਈ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਬੁਲਾਰੇ ਨੇ ਦੱਸਿਆ ਕਿ ਗਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਵਲੋਂ ਆਈ. ਟੀ. ਸਿਟੀ ਵਿਖੇ ਸਥਿਤ ਆਈ. ਟੀ. ਉਦਯੋਗਿਕ ਪਲਾਟਾਂ ਦੇ ਨਾਲ-ਨਾਲ ਐਸ. ਏ. ਐਸ. ਨਗਰ ਦੇ ਵੱਖ-ਵੱਖ ਸੈਕਟਰਾਂ 'ਚ ਸਥਿਤ ਐਸ. ਸੀ. ਓਜ਼. ਅਤੇ ਰਿਹਾਇਸ਼ੀ ਪਲਾਟਾਂ ਦੀ ਸਫਲਤਾਪੂਰਵਕ ਨੀਲਾਮੀ ਕੀਤੀ ਗਈ। ਇਨ੍ਹਾਂ ਜਾਇਦਾਦਾਂ ਦੀ ਨੀਲਾਮੀ ਤੋਂ ਗਮਾਡਾ ਨੂੰ 24.89 ਕਰੋੜ ਰੁਪਏ ਦੀ ਕਮਾਈ ਹੋਈ। ਉਨ੍ਹਾਂ ਅੱਗੇ ਦੱਸਿਆ ਕਿ ਪੁੱਡਾ ਨੇ ਵੱਖ-ਵੱਖ ਥਾਵਾਂ 'ਤੇ ਖਾਲੀ ਪਈਆਂ ਸਰਕਾਰੀ ਜ਼ਮੀਨਾਂ ਦੀ ਨੀਲਾਮੀ ਤੋਂ 20.31 ਕਰੋੜ ਰੁਪਏ ਕਮਾਏ।
ਬੁਲਾਰੇ ਅਨੁਸਾਰ ਆਪਣੇ ਅਧਿਕਾਰ ਖੇਤਰ 'ਚ ਆਉਂਦੀਆਂ ਜਾਇਦਾਦਾਂ ਦੀ ਨੀਲਾਮੀ ਤੋਂ ਪਟਿਆਲਾ ਵਿਕਾਸ ਅਥਾਰਟੀ (ਪੀ. ਡੀ. ਏ.) ਨੇ 2.60 ਕਰੋੜ ਰੁਪਏ, ਗਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਨੇ 3.90 ਕਰੋੜ ਰੁਪਏ, ਬਠਿੰਡਾ ਵਿਕਾਸ ਅਥਾਰਟੀ (ਬੀ.ਡੀ.ਏ.) ਨੇ 1.43 ਕਰੋੜ ਰੁਪਏ, ਅੰਮ੍ਰਿਤਸਰ ਵਿਕਾਸ ਅਥਾਰਟੀ (ਏ. ਡੀ. ਏ.) ਨੇ 85.50 ਲੱਖ ਰੁਪਏ ਅਤੇ ਜਲੰਧਰ ਵਿਕਾਸ ਅਥਾਰਟੀ (ਜੇ. ਡੀ. ਏ.) ਨੇ 53.38 ਲੱਖ ਰੁਪਏ ਦੀ ਕਮਾਈ ਕੀਤੀ।


Babita

Content Editor

Related News