''ਪੰਜਾਬ ਸਰਕਾਰ ਲੋਕਾਂ ਨੂੰ ਸਿਹਤ ਤੇ ਸਿੱਖਿਆ ਸੁਵਿਧਾਵਾਂ ਦੇਣ ਲਈ ਵਚਨਬੱਧ''

08/15/2019 5:59:46 PM

ਬਰਨਾਲਾ (ਬੇਦੀ)- ਖੁਰਾਕ ਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਪੰਜਾਬ ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਅੱਜ ਸਿਵਲ ਹਸਪਤਾਲ ਬਰਨਾਲਾ ਅੰਦਰ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਦੀ ਸਹਾਇਤਾ ਲਈ ਬਣਾਏ ਸਖੀ: ਵਨ ਸਟਾਪ ਸੈਂਟਰ ਦੀ 46 ਲੱਖ 49 ਹਜ਼ਾਰ ਰੁਪਏ ਦੀ ਲਾਗਤ ਨਾਲ ਬਣੀ ਨਵੀਂ ਇਮਾਰਤ ਨੂੰ ਪੰਜਾਬ ਵਾਸੀਆਂ ਨੂੰ ਸਮਰਪਿਤ ਕੀਤਾ। ਇਸ ਇਮਾਰਤ ਵਿੱਚ ਗਰਾਊਂਡ ਫਲੌਰ ਦਾ ਏਰੀਆ 1500 ਵਰਗ ਫੁੱਟ ਹੈ ਤੇ ਪਹਿਲੀ ਮੰਜ਼ਿਲ ਦਾ ਏਰੀਆ 700 ਵਰਗ ਫੁੱਟ ਹੈ ਅਤੇ ਕੁੱਲ ਏਰੀਆ 2200 ਵਰਗ ਫੁੱਟ ਹੈ। ਇਸ ਤੋਂ ਬਾਅਦ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਪਿੰਡ ਸੇਖਾ ਵਿਖੇ ਬਣਾਏ ਗਏ ਸਮਾਰਟ ਸਕੂਲ ਦਾ ਵੀ ਉਦਘਾਟਨ ਕੀਤਾ। ਇਸ ਮੌਕੇ ਉਹਨਾਂ ਆਪਣੇ ਅਖਤਿਆਰੀ ਫੰਡ ਵਿੱਚੋ 5 ਲੱਖ ਰੁਪਏ ਸਕੂਲ ਨੂੰ ਅਤੇ 5 ਲੱਖ ਰੁਪਏ ਪਿੰਡ ਦੀ ਪੰਚਾਇਤ ਨੂੰ ਦੇਣ ਦਾ ਐਲਾਨ ਕੀਤਾ।

ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਬਿਹਤਰ ਸਿੱਖਿਆ ਤੇ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਇਸ ਲਈ ਲਗਾਤਾਰ ਢੁੱਕਵੇਂ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਸਰਬੱਤ ਸਿਹਤ ਬੀਮਾ ਯੋਜਨਾ ਲਾਗੂ ਕਰਨ ਦਾ ਫੈਸਲਾ ਲਿਆ ਗਿਆ ਹੈ ਜਿਸ ਨਾਲ ਪੰਜਾਬ ਦੇ 43 ਲੱਖ ਤੋਂ ਵੀ ਵੱਧ ਪਰਿਵਾਰਾਂ ਨੂੰ 5 ਲੱਖ ਰੁਪਏ ਦੇ ਮੁਫ਼ਤ ਇਲਾਜ ਦਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸਿੱਖਿਆ ਦੇ ਖੇਤਰ 'ਚ ਲਾਗੂ ਕੀਤੇ ਗਏ ਫੈਸਲਿਆਂ ਸਦਕਾ ਸਕੂਲੀ ਸਿੱਖਿਆ 'ਚ ਵੱਡੇ ਪੱਧਰ 'ਤੇ ਗੁਣਾਤਮਕ ਸੁਧਾਰ ਹੋਇਆ ਹੈ।
ਖੁਰਾਕ ਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਦੱਸਿਆ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆ 'ਚ ਖੋਲ੍ਹੇ ਜਾ ਰਹੇ ਇਸ ਸੈਂਟਰ ਅੰਦਰ ਇੱਕੋ ਛੱਤ ਹੇਠ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਨੂੰ ਤੁਰੰਤ ਮੈਡੀਕਲ, ਕਾਨੂੰਨੀ ਤੇ ਮਨੋਵਿਗਿਆਨਕ ਸਲਾਹ ਸਬੰਧੀ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਿਣਸੀ ਹਮਲੇ, ਘਰੇਲੂ ਹਿੰਸਾ, ਤਸਕਰੀ ਨਾਲ ਸਬੰਧਤ ਜੁਰਮ, ਜਾਂ ਤੇਜ਼ਾਬੀ ਹਮਲੇ ਵਰਗੀ ਕਿਸੇ ਵੀ ਸਮੱਸਿਆ ਦਾ ਸਾਹਮਣਾ ਕਰ ਰਹੀ ਪੀੜਤ ਮਹਿਲਾ ਨੂੰ ਸਖੀ ਕੇਂਦਰ ਵਿਖੇ ਵਿਸ਼ੇਸ਼ ਸੇਵਾਵਾਂ ਦਿੱਤੀਆਂ ਜਾਣਗੀਆਂ।

ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਸਖੀ ਸੈਂਟਰ ਵਿਖੇ ਪੀੜਤ ਮਹਿਲਾ ਭਾਵੇਂ ਉਹ ਕਿਸੇ ਵੀ ਜਾਤੀ, ਵਰਗ, ਧਰਮ, ਖੇਤਰ ਜਾਂ ਵਿਆਹੁਤਾ ਸਥਿਤੀ ਦੀ ਹੋਵੇ ਨੂੰ ਮਦਦ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਹਿੰਸਾ ਤੋਂ ਪ੍ਰਭਾਵਤ ਮਹਿਲਾ ਆਪਣੇ ਬੱਚੇ (ਹਰ ਉਮਰ ਦੀ ਲੜਕੀ ਅਤੇ 8 ਸਾਲ ਤੱਕ ਦਾ ਲੜਕਾ) ਦੇ ਨਾਲ ਕੇਂਦਰ ਵਿਖੇ 5 ਦਿਨਾਂ ਤੱਕ ਰਹਿ ਸਕਦੀ ਹੈ। ਇਸ ਮੌਕੇ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਸਮੀਰੀ ਵਿਦਿਆਰਥੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਇਹਨਾਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਦੀਆਂ ਹਦਾਇਤਾ ਕੀਤੀਆ। ਇਸ ਮੌਕੇ ਸ. ਕੇਵਲ ਸਿੰਘ ਢਿੱਲੋ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਜ਼ਿਲੇ ਵਿੱਚ ਵਿਕਾਸ ਦੇ ਕੰਮਾਂ ਵਿੱਚ ਕੋਈ ਵੀ ਕਮੀ ਨਹੀ ਆਉਣ ਦਿੱਤੀ ਜਾਵੇਗੀ। ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਵੱਜੋ ਬਣਾਉਣਾ ਇੱਕ ਬਹੁਤ ਹੀ ਸਲਾਘਾਯੋਗ ਉੱਦਮ ਹੈ। ਇਸ ਨਾਲ ਇੱਕ ਗਰੀਬ ਘਰ ਦਾ ਵਿਦਿਆਰਥੀ ਵੀ ਪ੍ਰਾਈਵੇਟ ਸਕੂਲਾਂ ਵਾਂਗ ਵਧੀਆ ਅਤੇ ਆਧੁਨਿਕ ਸਿੱਖਿਆ ਪ੍ਰਾਪਤ ਕਰ ਸਕੇਗਾ।

ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਲੋੜ ਪੈਣ 'ਤੇ ਹਿੰਸਾ ਤੋਂ ਪ੍ਰਭਾਵਿਤ ਮਹਿਲਾ ਨੂੰ ਅਦਾਲਤ ਵਿੱਚ ਕੇਸ ਲੜਨ ਲਈ ਵਕੀਲ ਮੁਹੱਈਆ ਕਰਵਾਇਆ ਜਾਵੇਗਾ ਅਤੇ ਕੇਂਦਰ ਵਿਖੇ ਪੀੜਤ ਮਹਿਲਾ ਨੁੰ ਅਸਥਾਈ ਪਨਾਹ ਦੀ ਸਹੂਲਤ ਵੀ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਲੰਬੇ ਮਿਆਦ ਦੀ ਸ਼ਰਨ ਲਈ ਸਰਕਾਰ/ਐਨ.ਜੀ./ਸੰਸਥਾ ਵੱਲੋਂ ਚਲਾਏ ਜਾ ਰਹੇ ਕੇਂਦਰਾਂ ਵਿੱਚ ਸ਼ਰਨ ਮੁਹੱਈਆ ਕਰਵਾਈ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਐਸ.ਪੀ. ਸ੍ਰੀ ਹਰਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਰੂਹੀ ਦੁੱਗ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਪਰਵੀਨ ਕੁਮਾਰ, ਜ਼ਿਲਾ ਸਿੱਖਿਆ ਅਫ਼ਸਰ ਸ੍ਰੀ ਗੁਰਪ੍ਰੀਤ ਸਿੰਘ ਤੂਰ, ਸਿਵਲ ਸਰਜਨ ਡਾ. ਜੁਗਲ ਕਿਸ਼ੋਰ, ਜ਼ਿਲਾ ਪ੍ਰੋਗਰਾਮ ਅਫ਼ਸਰ ਸ੍ਰੀ ਕੁਲਵਿੰਦਰ ਸਿੰਘ ਅਤੇ ਸਬੰਧਤ ਅਧਿਕਾਰੀ ਹਾਜ਼ਰ ਸਨ। 


Sunny Mehra

Content Editor

Related News