ਸੁਤੰਤਰਤਾ ਸੈਨਾਨੀ ਪਰਿਵਾਰਾਂ ਨੂੰ ਜਾਰੀ ਰਹੇਗੀ ਬਿਜਲੀ ਸਬਸਿਡੀ

Sunday, Apr 29, 2018 - 10:20 AM (IST)

ਚੰਡੀਗੜ੍ਹ (ਸ਼ਰਮਾ)-ਪੰਜਾਬ ਸਰਕਾਰ ਨੇ ਆਪਣੀ ਗਲਤੀ ਸੁਧਾਰਦਿਆਂ ਪੰਜਾਬ ਸਟੇਟ ਰੈਗੂਲੇਟਰੀ ਕਮਿਸ਼ਨ ਨੂੰ ਸੂਚਿਤ ਕੀਤਾ ਹੈ ਕਿ ਉਹ ਕਿਸਾਨਾਂ, ਐੱਸ. ਸੀ., ਬੀ. ਸੀ. ਤੇ ਗੈਰ-ਐੱਸ. ਸੀ. ਬੀ. ਪੀ. ਐੱਲ. ਪਰਿਵਾਰਾਂ ਦੀ ਤਰਜ਼ 'ਤੇ ਸੁਤੰਤਰਤਾ ਸੈਨਾਨੀ ਪਰਿਵਾਰਾਂ ਨੂੰ ਬੀਤੇ ਸਾਲ ਤੱਕ ਰਿਆਇਤੀ ਦਰਾਂ 'ਤੇ ਪ੍ਰਦਾਨ ਕੀਤੀ ਜਾਂਦੀ ਰਹੀ ਬਿਜਲੀ ਸਪਲਾਈ ਦੀ ਸਹੂਲਤ ਚਾਲੂ ਵਿੱਤੀ ਸਾਲ ਲਈ ਵੀ ਜਾਰੀ ਰੱਖਣਾ ਚਾਹੁੰਦੀ ਹੈ। ਊਰਜਾ ਵਿਭਾਗ ਨੇ ਰੈਗੂਲੇਟਰੀ ਕਮਿਸ਼ਨ ਨੂੰ ਸੂਚਿਤ ਕੀਤਾ ਕਿ ਸੁਤੰਤਰਤਾ ਸੈਨਾਨੀਆਂ ਦੇ ਉਨ੍ਹਾਂ ਪਰਿਵਾਰਾਂ, ਜਿਨ੍ਹਾਂ ਦਾ ਮਨਜ਼ੂਰ ਲੋਡ 1 ਕਿਲੋਵਾਟ ਤੱਕ ਹੈ, ਨੂੰ ਹਰ ਮਹੀਨੇ 300 ਯੂਨਿਟ ਤੱਕ ਬਿਜਲੀ ਮੁਫ਼ਤ ਦਿੱਤੀ ਜਾਵੇਗੀ ਤੇ ਉਸ ਦਾ ਖਰਚ ਸਰਕਾਰ ਪਾਵਰਕਾਮ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਦੇ ਰੂਪ 'ਚ ਚੁੱਕੇਗੀ। 
ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਰੈਗੂਲੇਟਰੀ ਕਮਿਸ਼ਨ ਨੇ ਇਸ ਵਰਗ ਲਈ ਸਬਸਿਡੀ ਦੀ ਰਾਸ਼ੀ 0.83 ਕਰੋੜ ਮਿੱਥਦਿਆਂ ਸਰਕਾਰ ਵਲੋਂ ਇਸ ਸਾਲ ਪਾਵਰਕਾਮ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਦੀ ਰਾਸ਼ੀ ਨੂੰ 13718.02 ਕਰੋੜ ਤੋਂ ਵਧਾ ਕੇ 13718.85 ਕਰੋੜ ਰੁਪਏ ਦੇ ਰੂਪ 'ਚ ਸੋਧ ਕਰਦਿਆਂ ਸਰਕਾਰ ਨੂੰ ਨਿਰਦੇਸ਼ ਦਿੱਤੇ ਕਿ ਸਬਸਿਡੀ ਦੀ ਇਸ ਰਾਸ਼ੀ ਦਾ ਭੁਗਤਾਨ ਅਪ੍ਰੈਲ ਤੋਂ ਦਸੰਬਰ ਤੱਕ ਮਹੀਨਾਵਾਰ 1143.24 ਕਰੋੜ ਦੀ ਅਡਵਾਂਸ ਕਿਸ਼ਤ ਦੇ ਰੂਪ ਵਿਚ ਪਾਵਰਕਾਮ ਨੂੰ ਕਰੇ। 
ਜ਼ਿਕਰਯੋਗ ਹੈ ਕਿ ਬੀਤੀ 18 ਅਪ੍ਰੈਲ ਨੂੰ ਰੈਗੂਲੇਟਰੀ ਕਮਿਸ਼ਨ ਨੂੰ ਵੱਖ-ਵੱਖ ਵਰਗਾਂ ਲਈ ਪ੍ਰਦਾਨ ਕੀਤੀ ਜਾਣ ਵਾਲੀ ਬਿਜਲੀ ਸਬਸਿਡੀ ਦੇ ਸਹਿਮਤੀ ਪੱਤਰ 'ਚ ਸੁਤੰਤਰਤਾ ਸੈਨਾਨੀ ਪਰਿਵਾਰਾਂ ਨੂੰ ਸ਼ਾਮਲ ਨਹੀਂ ਕੀਤਾ ਸੀ ਪਰ ਸਰਕਾਰ ਨੇ ਹੁਣ ਗਲਤੀ ਨੂੰ ਸੁਧਾਰ ਕੇ ਇਸ ਸਬੰਧੀ ਰੈਗੂਲੇਟਰੀ ਕਮਿਸ਼ਨ ਨੂੰ ਆਪਣੀ ਸਹਿਮਤੀ ਪ੍ਰਦਾਨ ਕੀਤੀ ਹੈ।


Related News