ਪੰਜਾਬ ਸਰਕਾਰ ਨੇ ਢਾਈ ਸਾਲਾਂ ''ਚ ਕਰਾਈ ਬੱਲੇ-ਬੱਲੇ, 86 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ...

Monday, Dec 23, 2024 - 04:07 PM (IST)

ਪੰਜਾਬ ਸਰਕਾਰ ਨੇ ਢਾਈ ਸਾਲਾਂ ''ਚ ਕਰਾਈ ਬੱਲੇ-ਬੱਲੇ, 86 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ...

ਚੰਡੀਗੜ੍ਹ : ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕੌਮੀ ਅਤੇ ਕੌਮਾਂਤਰੀ ਉਦਯੋਗਪਤੀਆਂ ਨੂੰ ਪੰਜਾਬ ਵਿਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਨਅਤ ਪੱਖੀ ਨੀਤੀਆਂ ਸਦਕਾ ਦੁਨੀਆਂ ਭਰ ਦੇ ਉਦਯੋਗਪਤੀ ਇੱਥੇ ਨਿਵੇਸ਼ ਕਰਨ ਵਿਚ ਰੁਚੀ ਦਿਖਾ ਰਹੇ ਹਨ। ਉਨ੍ਹਾਂ ਕਿਹਾ ਕਿ ਮਾਰਚ 2022 ਤੋਂ ਲੈ ਕੇ ਹੁਣ ਤੱਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ 86,541 ਕਰੋੜ ਰੁਪਏ ਦਾ ਨਿਵੇਸ਼ ਪ੍ਰਾਪਤ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ 2022 ਤੋਂ ਹੁਣ ਤੱਕ 5,300 ਤੋਂ ਜ਼ਿਆਦਾ ਨਿਵੇਸ਼ ਪ੍ਰਸਤਾਵ ਪ੍ਰਾਪਤ ਹੋਏ ਹਨ, ਜਿਨ੍ਹਾਂ ਵਿਚੋਂ 86,541 ਕਰੋੜ ਰੁਪਏ ਦਾ ਨਿਵੇਸ਼ ਹੋ ਚੁੱਕਾ ਹੈ, ਜਿਸ ਨਾਲ ਤਕਰੀਬਨ 3,92,540 ਵਿਅਕਤੀਆਂ ਨੂੰ ਰੁਜ਼ਗਾਰ ਮਿਲੇਗਾ। 

ਇਹ ਵੀ ਪੜ੍ਹੋ : ਬਿਜਲੀ ਦੇ ਮੀਟਰਾਂ ਨੂੰ ਲੈ ਕੇ ਵੱਡੀ ਖ਼ਬਰ, ਪੰਜਾਬ ਪਾਵਰਕਾਮ ਦਾ ਨਵਾਂ ਫ਼ੈਸਲਾ

ਉਨ੍ਹਾਂ ਦੱਸਿਆ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਪ੍ਰਾਪਤ ਹੋਏ ਕੁਝ ਪ੍ਰਮੁੱਖ ਪ੍ਰੋਜੈਕਟਾਂ ਵਿਚੋਂ ਟਾਟਾ ਸਟੀਲ ਲਿਮਟਿਡ ਨੇ (2600 ਕਰੋੜ ਰੁਪਏ), ਸਨਾਥਨ ਪੋਲੀਕੋਟ ਪ੍ਰਾਈਵੇਟ ਲਿਮਟਿਡ (1600 ਕਰੋੜ ਰੁਪਏ), ਅੰਬੂਜਾ ਸੀਮੈਂਟਸ ਲਿਮਿਟਡ (1400 ਕਰੋੜ ਰੁਪਏ), ਰੁਚਿਰਾ ਪੇਪਰਜ਼ ਲਿਮਟਿਡ (1137 ਕਰੋੜ ਰੁਪਏ), ਟੋਪਨ ਸਪੈਸ਼ਲਿਟੀ ਫਿਲਮਜ਼ ਲਿਮਿਟਡ (787 ਕਰੋੜ ਰੁਪਏ), ਨੇਸਲੇ ਇੰਡੀਆ ਲਿਮਟਿਡ (583 ਕਰੋੜ ਰੁਪਏ), ਹੈਪੀ ਫੋਰਜਿੰਗਜ਼ ਲਿਮਟਿਡ (438 ਕਰੋੜ ਰੁਪਏ), ਫਰੂਡੇਨਬਰਗ ਗਰੁੱਪ (339 ਕਰੋੜ ਰੁਪਏ), ਓਏਕੇਮੇਟਕੋਰਪ ਲਿਮਿਟਡ (309 ਕਰੋੜ ਰੁਪਏ) ਅਤੇ ਕਾਰਗਿਲ ਇੰਡੀਆ ਪ੍ਰਾਈਵੇਟ ਲਿਮਟਿਡ (160 ਕਰੋੜ ਰੁਪਏ) ਦਾ ਨਿਵੇਸ਼ ਕੀਤਾ ਹੈ।  

ਇਹ ਵੀ ਪੜ੍ਹੋ : ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ, ਪੰਜਾਬ ਦੇ ਸਕੂਲਾਂ ਵਿਚ ਭਲਕੇ ਤੋਂ ਛੁੱਟੀਆਂ

ਉਨ੍ਹਾਂ ਸੱਦਾ ਦਿੱਤਾ ਕਿ ਹੋਰ ਕਾਰੋਬਾਰੀ ਵੀ ਆਪਣੀਆਂ ਸਨਅਤਾਂ ਪੰਜਾਬ ਵਿਚ ਸ਼ੁਰੂ ਕਰਨ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਹਰ ਪੱਖੋਂ ਉਦਯੋਗਪਤੀਆਂ ਦਾ ਸਾਥ ਦੇਵੇਗੀ। ਉਨ੍ਹਾਂ ਕਿਹਾ ਕਿ ਨਿਵੇਸ਼ ਲਈ ਪੰਜਾਬ ਦਾ ਮਾਹੌਲ ਸਾਜਗਾਰ, ਢੁਕਵਾਂ ਅਤੇ ਸ਼ਾਂਤੀਪੂਰਵਕ ਹੈ ਅਤੇ ਉਦਯੋਗਾਂ ਦੀ ਉੱਨਤੀ ਤੇ ਪ੍ਰਫੁੱਲਤਾ ਲਈ ਪੰਜਾਬ ਸਰਕਾਰ ਪੂਰੀ ਸੰਜੀਦਗੀ ਅਤੇ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀਆਂ ਨੀਤੀਆਂ ਵੀ ਉਦਯੋਗ ਪੱਖੀ ਹਨ ਅਤੇ ਛੋਟੇ ਤੇ ਦਰਮਿਆਨੇ ਉਦਯੋਗਪਤੀ ਆਪਣਾ ਕਾਰੋਬਾਰ ਅੱਜ ਹੀ ਇਕ ਹਲਫ਼ੀਆ ਬਿਆਨ ਦੇ ਕੇ ਸ਼ੁਰੂ ਕਰ ਸਕਦੇ ਹਨ ਅਤੇ ਜ਼ਰੂਰੀ ਦਸਤਾਵੇਜ਼ੀ ਪ੍ਰਕਿਰਿਆ 3 ਸਾਲਾਂ ਦੇ ਅੰਦਰ ਅੰਦਰ ਪੂਰੀ ਕੀਤੀ ਜਾ ਸਕਦੀ ਹੈ। ਸੌਂਦ ਨੇ ਦੱਸਿਆ ਕਿ ਸੂਬੇ ਦਾ "ਇਨਵੈਸਟ ਪੰਜਾਬ" ਪੋਰਟਲ ਆਪਣੀ ਕਾਰਗੁਜ਼ਾਰੀ ਸਦਕਾ 28 ਰਾਜਾਂ ਵਿਚੋਂ ਪਹਿਲਾ ਸਥਾਨ ਰੱਖਦਾ ਹੈ ਅਤੇ ਇਸ ਉੱਤੇ 58 ਹਜ਼ਾਰ ਦੇ ਕਰੀਬ ਛੋਟੇ ਅਤੇ ਦਰਮਿਆਨੇ ਨਵੇਂ ਉਦਯੋਗਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ, ਜੋ ਕਿ ਆਪਣੇ ਆਪ ਵਿਚ ਇਕ ਰਿਕਾਰਡ ਹੈ। 

ਇਹ ਵੀ ਪੜ੍ਹੋ : ਸੰਯੁਕਤ ਕਿਸਾਨ ਮੋਰਚੇ ਨੇ ਨਵੇਂ ਖੇਤੀਬਾੜੀ ਖਰੜੇ ਦਾ ਖ਼ਿਲਾਫ਼ ਕੀਤਾ ਵੱਡਾ ਐਲਾਨ

ਸੌਂਦ ਨੇ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੇ ਉਦਯੋਗ ਮੰਤਰੀ ਵੱਜੋਂ ਅਹੁਦਾ ਸੰਭਾਲਿਆ ਹੈ, ਬਹੁਤ ਸਾਰੇ  ਕਾਰੋਬਾਰੀਆਂ, ਐਸੋਸੀਏਸ਼ਨਾਂ, ਉਦਯੋਗਿਕ ਚੈਂਬਰਾ ਅਤੇ ਸਨਅਤੀ ਸਮੂਹ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰਿਆਂ ਤੋਂ ਮਿਲੇ ਮਸ਼ਵਰੇ ਅਤੇ ਸੁਝਾਅ ਨੂੰ ਨਵੀਆਂ ਨੀਤੀਆਂ ਅਤੇ ਯੋਜਨਾਵਾਂ ਬਣਾਉਣ ਸਮੇਂ ਧਿਆਨ ਵਿਚ ਰੱਖਿਆ ਜਾਵੇਗਾ। ਉਨ੍ਹਾਂ ਉਮੀਦ ਪ੍ਰਗਟਾਈ ਕਿ ਉਦਯੋਗ ਪੱਖੀ ਨੀਤੀਆਂ ਸਦਕਾ ਪੰਜਾਬ ਦਾ ਸਨਅਤੀ ਖੇਤਰ ਜਲਦ ਹੀ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇਗਾ ਅਤੇ ਹੋਰ ਜ਼ਿਆਦਾ ਨਵਾਂ ਨਿਵੇਸ਼ ਪੰਜਾਬ ਵਿਚ ਆਵੇਗਾ। 

ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ ਖ਼ਤਰੇ ਦੀ ਘੰਟੀ, ਸਾਵਧਾਨ ਰਹਿਣ ਲੋਕ

 


author

Gurminder Singh

Content Editor

Related News