ਪੰਜਾਬ ਸਰਕਾਰ ਦੀ ਐਕਸਾਈਜ਼ ਨੀਤੀ ਨੂੰ ਲੈ ਕੇ ਠੇਕੇਦਾਰ ਹੋਏ ‘ਲੋਹਾ-ਲਾਖਾ’

03/11/2023 1:44:50 PM

ਮੋਗਾ (ਗੋਪੀ ਰਾਊਕੇ) : ਪਿਛਲੇ ਕਾਫੀ ਦਿਨਾਂ ਤੋਂ ਸੂਬੇ ਭਰ ਦੇ ਸ਼ਰਾਬ ਕਾਰੋਬਾਰੀਆਂ ਵੱਲੋਂ ਉਡੀਕੀ ਜਾ ਰਹੀ ਐਕਸਾਈਜ਼ ਨੀਤੀ 2023-24 ਦੌਰਾਨ ਸਰਕਾਰ ਵੱਲੋਂ ਨਵੀਂ ਪਾਲਿਸੀ ਜਾਰੀ ਕਰਨ ਦੀਆਂ ਲਗਾਈਆਂ ਜਾ ਰਹੀਆਂ ਸਭ ਅਟਕਲਾਂ ਨੂੰ ਵਿਰਾਮ ਦਿੰਦੇ ਹੋਏ ਸਰਕਾਰ ਨੇ ਮੁੜ ਨਵੀਂ ਨੀਤੀ ਨੂੰ ਹਰੀ ਝੰਡੀ ਦੇਣ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿਚ ਬਜਟ ਪੇਸ਼ ਕਰਨ ਤੋਂ ਐਨ ਮਗਰੋਂ ਸ਼ਾਮ ਵੇਲੇ ਐਲਾਨੀ ਗਈ ਨੀਤੀ ਵਿਰੁੱਧ ਠੇਕੇਦਾਰ ‘ਲੋਹੇ ਲਾਖੇ’ ਹੋ ਗਏ ਹਨ। ਪੰਜਾਬ ਸਰਕਾਰ ਵੱਲੋਂ ਪਿਛਲੇ ਵਰ੍ਹੇ 1 ਜੂਨ 2022 ਤੋਂ 31 ਮਾਰਚ 2023 ਤੱਕ 9 ਮਹੀਨਿਆਂ ਲਈ ਪਾਲਿਸੀ ਬਣਾਈ ਗਈ, ਜਿਸ ਵਿਰੁੱਧ ਉਦੋਂ ਵੀ ਸ਼ਰਾਬ ਠੇਕੇਦਾਰਾਂ ਦਾ ਵੱਡਾ ਰੋਹ ਦੇਖਣ ਨੂੰ ਮਿਲਿਆ ਪਰ ਵੱਡੇ ਵਿਰੋਧ ਦੇ ਬਾਵਜੂਦ ਵੀ ਪੰਜਾਬ ਸਰਕਾਰ ਨੇ ਆਪਣੇ ਫੈਸਲੇ ਤਹਿਤ ਸ਼ਰਾਬ ਠੇਕੇਦਾਰਾਂ ਨੂੰ ਵੱਡੇ ਗਰੁੱਪਾਂ ਦੀ ਆਖਿਰਕਾਰ ਅਲਾਟਮੈਂਟ ਕਰ ਦਿੱਤੀ ਸੀ। ਜ਼ਿਕਰਯੋਗ ਹੈ ਕਿ ਕਾਂਗਰਸ ਦੀ ਹਕੂਮਤ ਵੇਲੇ ਮੋਗਾ ਜ਼ਿਲ੍ਹੇ ਵਿਚ 13 ਗਰੁੱਪ ਹੁੰਦੇ ਸਨ ਪਰ ‘ਆਪ’ ਸਰਕਾਰ ਆਉਣ ਮਗਰੋਂ 5 ਗਰੁੱਪ ਬਣਾਏ ਗਏ ਸਨ। 

ਸੂਤਰ ਦੱਸਦੇ ਹਨ ਕਿ ਐਤਕੀਂ ਸ਼ਰਾਬ ਕਾਰੋਬਾਰੀਆਂ ਨੂੰ ਇਹ ਵੱਡੀ ਆਸ ਸੀ ਕਿ ਪੰਜਾਬ ਸਰਕਾਰ ਪੁਰਾਣੇ ਗਰੁੱਪਾਂ ਵਿਚ ਵਾਧਾ ਕਰਨ ਦੀ ਥਾਂ ’ਤੇ ਨਵੀਂ ਪਾਲਸੀ ਬਣਾਉਣ ਨੂੰ ਤਰਜ਼ੀਹ ਦੇਵੇਗੀ ਕਿਉਂਕਿ ਸ਼ਰਾਬ ਕਾਰੋਬਾਰੀ ਵੱਡੇ ਗਰੁੱਪਾਂ ਦੀ ਥਾਂ ’ਤੇ ਨਵੇਂ ਛੋਟੇ ਗਰੁੱਪ ਬਣਾਉਣ ਦੀ ਮੰਗ ਕਰ ਰਹੇ ਸਨ, ਪਰੰਤੂ ਪੰਜਾਬ ਸਰਕਾਰ ਨੇ ਅੱਜ ਪੁਰਾਣੀ ਪਾਲਸੀ ਨੂੰ 10 ਤੋਂ 16 ਫ਼ੀਸਦੀ ਤੱਕ ਵਾਧਾ ਕਰਨ ਦੇ ਆਦੇਸ਼ ਜਾਰੀ ਕਰ ਕੇ ਸ਼ਰਾਬ ਠੇਕੇਦਾਰਾਂ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ ਹੈ।

ਪਿਛਲੇ ਵਰ੍ਹੇ ਸਰਕਾਰ ਵੱਲੋਂ ਮੋਗਾ ਜ਼ਿਲ੍ਹੇ ਵਿਚੋਂ 9 ਮਹੀਨਿਆਂ ਦੌਰਾਨ 160 ਕਰੋੜ ਦਾ ਮਾਲੀਆ ਇਕੱਠਾ ਕਰਨ ਦਾ ਟੀਚਾ ਮਿੱਥਿਆ ਗਿਆ ਸੀ। ਇਸੇ ਦੌਰਾਨ ਹੀ ਇਕ ਸ਼ਰਾਬ ਕਾਰੋਬਾਰੀ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਪੰਜਾਬ ਵਿਚ ਸਮੇਂ ਦੀਆਂ ਸਰਕਾਰਾਂ ਦੀਆਂ ਕਾਰੋਬਾਰੀਆਂ ਪ੍ਰਤੀ ਮਾੜੀਆਂ ਨੀਤੀਆਂ ਕਰਕੇ ਹੀ ਸੂਬੇ ਵਿਚੋਂ ਸ਼ਰਾਬ ਕਾਰੋਬਾਰੀ ਆਪੋ-ਆਪਣੇ ਕਾਰੋਬਾਰ ਛੱਡ ਕੇ ਹੋਰਨਾਂ ਸੂਬਿਆਂ ਵਿਚ ਭੱਜ ਰਹੇ ਹਨ। ਉਨ੍ਹਾਂ ਕਿਹਾ ਕਿ ਨਵੀਂ ਨੀਤੀ ਨਾਲ ਇਕੱਲੇ ਸ਼ਰਾਬ ਕਾਰੋਬਾਰੀ ਨਹੀਂ ਸਗੋਂ ਇਸ ਕਾਰੋਬਾਰ ਨਾਲ ਜੁੜੇ ਉਨ੍ਹਾਂ ਲੋਕਾਂ ਲਈ ਸਿਰਦਰਦੀ ਬਣ ਗਈ ਹੈ, ਜਿਨ੍ਹਾਂ ਲੋਕਾਂ ਦਾ ਕਾਰੋਬਾਰ ਇਸ ਕਿੱਤੇ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਵੱਲੋਂ ਉਪਜੀ ਸਰਕਾਰ ਹੈ ਅਤੇ ਇਸ ਨੂੰ ਇਸ ਤਰ੍ਹਾਂ ਦੀ ਨੀਤੀ ਦੀ ਥਾਂ ’ਤੇ ਠੇਕੇਦਾਰਾਂ ਦੀਆਂ ਭਾਵਨਾਵਾਂ ਸਮਝ ਕੇ ਨੀਤੀ ਬਣਾਉਣੀ ਚਾਹੀਦੀ ਹੈ। ਦੂਜੇ ਪਾਸੇ ਪੰਜਾਬ ਭਰ ਦੇ ਸ਼ਰਾਬ ਠੇਕੇਦਾਰਾਂ ਵੱਲੋਂ ਇਸ ਨੀਤੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ।

ਮੋਗਾ -1 ਲਈ 10 ਅਤੇ ਨਿਹਾਲ ਸਿੰਘ ਵਾਲਾ ਗਰੁੱਪ ਲਈ 16 ਫ਼ੀਸਦੀ ਰੀਨਿਊ ’ਚ ਕੀਤਾ ਵਾਧਾ

ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਨੀਤੀ ਤਹਿਤ ਮੋਗਾ ਦੇ ਠੇਕੇਦਾਰਾਂ ਨੂੰ 10ਫੀਸਦੀ, ਮੋਗਾ-2, ਧਰਮਕੋਟ ਅਤੇ ਬਾਘਾ ਪੁਰਾਣਾ ਲਈ 12 ਫ਼ੀਸਦੀ ਅਤੇ ਨਿਹਾਲ ਸਿੰਘ ਗਰੁੱਪ ਨੂੰ ਰੀਨਿਊ ਕਰਵਾਉਣ ਲਈ ਠੇਕੇਦਾਰਾਂ ਨੂੰ 16 ਫ਼ੀਸਦੀ ਵਾਧਾ ਫ਼ੀਸ ਭਰਨੀ ਹੋਵੇਗੀ। ਪਤਾ ਲੱਗਾ ਹੈ ਕਿ ਸ਼ਰਾਬ ਠੇਕੇਦਾਰਾਂ ਨੂੰ ਕਰੋੜਾਂ ਰੁਪਏ ਹੋਰ ਭਰ ਕੇ ਆਪਣੇ ਠੇਕੇ ਰੀਨਿਊ ਕਰਵਾਉਣੇ ਪੈਣਗੇ।

 


Gurminder Singh

Content Editor

Related News