ਮਾਛੀਵਾੜਾ ਦੇ ਆੜ੍ਹਤੀਆਂ ਦਾ ਸਰਕਾਰ ਨੂੰ ਕੋਰਾ ਜਵਾਬ
Monday, Sep 16, 2019 - 02:39 PM (IST)

ਮਾਛੀਵਾੜਾ ਸਾਹਿਬ (ਟੱਕਰ) : ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਫਸਲਾਂ ਦੀ ਸਿੱਧੀ ਅਦਾਇਗੀ ਕਰਨ ਦੇ ਮੱਦੇਨਜ਼ਰ ਆੜ੍ਹਤੀਆਂ ਤੋਂ ਉਨ੍ਹਾਂ ਨਾਲ ਸਬੰਧਿਤ ਕਿਸਾਨਾਂ ਦੇ ਬੈਂਕ ਖਾਤਿਆਂ ਦੀ ਸਾਰੀ ਜਾਣਕਾਰੀ ਦੇਣ ਲਈ ਕਿਹਾ ਗਿਆ ਹੈ, ਜਿਸ 'ਤੇ ਮਾਛੀਵਾੜਾ ਦੇ ਸਮੂਹ ਆੜ੍ਹਤੀਆਂ ਵਲੋਂ ਮੀਟਿੰਗ ਕਰ ਸਰਕਾਰ ਨੂੰ ਕੋਰਾ ਜਵਾਬ ਦਿੱਤਾ ਹੈ ਕਿ ਉਹ ਕਿਸਾਨਾਂ ਦੀ ਇਹ ਸਾਰੀ ਜਾਣਕਾਰੀ ਦੇਣ ਤੋਂ ਪੂਰੀ ਤਰ੍ਹਾਂ ਅਸਮਰੱਥ ਹਨ।
ਆੜ੍ਹਤੀਆਂ ਦੀ ਮੀਟਿੰਗ ਉਪਰੰਤ ਐਸੋਸ਼ੀਏਸ਼ਨ ਆਗੂ ਤੇਜਿੰਦਰ ਸਿੰਘ ਕੂੰਨਰ ਤੇ ਹਰਜਿੰਦਰ ਸਿੰਘ ਖੇੜਾ ਨੇ ਕਿਹਾ ਕਿ ਮਾਛੀਵਾੜਾ ਮੰਡੀ ਵਿਚ ਜੋ ਵੀ ਕਿਸਾਨ ਆਪਣੀ ਫਸਲ ਵੇਚ ਕੇ ਜਾਂਦੇ ਹਨ ਉਹ ਉਨ੍ਹਾਂ ਨੂੰ ਅਦਾਇਗੀ ਚੈਕਾਂ ਰਾਹੀਂ ਕਰ ਦਿੰਦੇ ਹਨ, ਉਨ੍ਹਾਂ ਕੋਲ ਕੇਵਲ ਕਿਸਾਨਾਂ ਦੇ ਨਾਮ ਮੌਜ਼ੂਦ ਹਨ ਪਰ ਉਨ੍ਹਾਂ ਦੇ ਬੈਂਕ ਖਾਤੇ, ਅਧਾਰ ਕਾਰਡ ਅਤੇ ਜੋ ਵੀ ਹੋਰ ਜਾਣਕਾਰੀ ਸਰਕਾਰ ਨੇ ਮੰਗੀ ਹੈ ਉਹ ਮੌਜ਼ੂਦ ਨਹੀਂ ਇਸ ਲਈ ਉਹ ਸਰਕਾਰ ਨੂੰ ਕਿਵੇਂ ਸਾਰੀ ਜਾਣਕਾਰੀ ਮੁਹੱਈਆ ਕਰਵਾਉਣ। ਆੜ੍ਹਤੀਆਂ ਨੇ ਕਿਹਾ ਕਿ ਆਰ.ਬੀ.ਆਈ ਦੀਆਂ ਹਦਾਇਤਾਂ ਹਨ ਕਿ ਕੋਈ ਵੀ ਵਿਅਕਤੀ ਆਪਣੇ ਬੈਂਕ ਦਾ ਖਾਤਾ ਨੰਬਰ, ਅਧਾਰ ਕਾਰਡ, ਆਈ.ਐਫ.ਐਸ.ਈ ਕੋਡ ਜਾਂ ਹੋਰ ਜਾਣਕਾਰੀ ਕਿਸੇ ਨਾਲ ਨਾ ਸਾਂਝੀ ਕਰੇ ਕਿਉਂਕਿ ਇਸ ਨਾਲ ਧੋਖਾਧੜੀ ਹੋ ਸਕਦੀ ਹੈ। ਇਸ ਲਈ ਜਿਆਦਾਤਰ ਕਿਸਾਨ ਆਪਣੀ ਬੈਂਕ ਦੀ ਸਾਰੀ ਜਾਣਕਾਰੀ ਦੇਣ ਤੋਂ ਇੰਨਕਾਰ ਕਰ ਰਹੇ ਹਨ।
ਆੜ੍ਹਤੀ ਆਗੂ ਤੇਜਿੰਦਰ ਸਿੰਘ ਕੂੰਨਰ ਤੇ ਹਰਜਿੰਦਰ ਸਿੰਘ ਖੇੜਾ ਨੇ ਕਿਹਾ ਕਿ ਉਹ ਕੇਵਲ ਐਨੀ ਜਾਣਕਾਰੀ ਦੇ ਸਕਦੇ ਹਨ ਕਿ ਕਿਨ੍ਹਾਂ ਕਿਸਾਨਾਂ ਨੂੰ ਉਹ ਫਸਲ ਦੀ ਅਦਾਇਗੀ ਕਰਦੇ ਹਨ ਉਨ੍ਹਾਂ ਦੇ ਨਾਮ ਅਤੇ ਜੋ ਚੈਕ ਰਾਹੀਂ ਅਦਾਇਗੀ ਕੀਤੀ ਹੈ ਉਸਦਾ ਨੰਬਰ ਦੇ ਸਕਦੇ ਹਨ। ਇਸ ਤੋਂ ਇਲਾਵਾ ਕਿਸਾਨਾਂ ਕੋਲ ਉਨ੍ਹਾਂ ਦੀ ਹੋਰ ਕੋਈ ਵੀ ਜਾਣਕਾਰੀ ਨਹੀਂ ਹੈ। ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਰੁਪਿੰਦਰ ਸਿੰਘ ਬੈਨੀਪਾਲ, ਅਰਵਿੰਦਰਪਾਲ ਸਿੰਘ ਵਿੱਕੀ, ਸੁਖਵਿੰਦਰ ਸਿੰਘ ਗਿੱਲ, ਪਰਮਿੰਦਰ ਸਿੰਘ ਗੁਲਿਆਣੀ, ਕਪਿਲ ਆਨੰਦ, ਮੇਹਰ ਸਿੰਘ ਗੋਗੀਆ, ਕਰਨੈਲ ਸਿੰਘ ਢਿੱਲੋਂ, ਤੇਜਿੰਦਰਪਾਲ ਸਿੰਘ ਰਹੀਮਾਬਾਦ, ਹੈਪੀ ਬਾਂਸਲ, ਸੁਰਿੰਦਰ ਅਗਰਵਾਲ, ਬਿੰਦਰ ਸਿੰਘ, ਅਮਿਤ ਭਾਟੀਆ, ਨਿਤਿਨ ਜੈਨ, ਰਾਜੀਵ ਕੌਸ਼ਲ, ਪ੍ਰਿੰਸ ਮਿੱਠੇਵਾਲ, ਕ੍ਰਿਸ਼ਨ ਲਾਲ ਕਾਲੜਾ, ਤੇਜਿੰਦਰਪਾਲ ਸਿੰਘ ਡੀ.ਸੀ, ਮਨੋਜ ਬਾਂਸਲ, ਅਨਿਲ ਕੁਮਾਰ, ਜਤਿਨ ਚੌਰਾਇਆ, ਬਲਵੀਰ ਸਿੰਘ (ਸਾਰੇ ਆੜ੍ਹਤੀ) ਵੀ ਮੌਜੂਦ ਸਨ।
ਮਹਾਰਾਣੀ ਪ੍ਰਨੀਤ ਕੌਰ ਨਾਲ ਠੱਗੀ ਹੋ ਸਕਦੀ ਹੈ ਤਾਂ ਕਿਸਾਨ ਨਾਲ ਕਿਉਂ ਨਹੀਂ?
ਆੜ੍ਹਤੀਆਂ ਦੀ ਮੀਟਿੰਗ 'ਚ ਕੁੱਝ ਵਿਅਕਤੀਆਂ ਨੇ ਇਹ ਤਰਕ ਦਿੱਤਾ ਕਿ ਜਦੋਂ ਬੈਂਕ ਖਾਤਿਆਂ ਦੀ ਜਾਣਕਾਰੀ ਲੀਕ ਹੋਣ ਨਾਲ ਪੰਜਾਬ ਦੇ ਮੁੱਖ ਮੰਤਰੀ ਦੀ ਪਤਨੀ ਤੇ ਮੌਜ਼ੂਦਾ ਐਮ.ਪੀ ਮਹਾਰਾਣੀ ਪ੍ਰਨੀਤ ਕੌਰ ਨਾਲ ਠੱਗੀ ਹੋ ਸਕਦੀ ਹੈ ਤਾਂ ਕਿਸਾਨਾਂ ਨਾਲ ਕਿਉਂ ਨਹੀਂ। ਉਨ੍ਹਾਂ ਕਿਹਾ ਕਿ ਅੱਜਕੱਲ੍ਹ ਪੰਜਾਬ ਵਿਚ ਸਾਈਬਰ ਕ੍ਰਾਈਮ ਦਾ ਗਿਰੋਹ ਐਨਾ ਸਰਗਰਮ ਹੈ ਕਿ ਲੋਕਾਂ ਦੇ ਬੈਂਕ ਖਾਤਿਆਂ 'ਚੋਂ ਲੱਖਾਂ ਰੁਪਏ ਦੀ ਠੱਗੀ ਮਾਰ ਜਾਂਦਾ ਹੈ। ਇਸ ਲਈ ਜੇਕਰ ਕਿਸਾਨਾਂ ਦੇ ਬੈਂਕ ਖਾਤਿਆਂ ਤੇ ਅਧਾਰ ਕਾਰਡ ਦੀ ਸਾਰੀ ਜਾਣਕਾਰੀ ਲੀਕ ਹੋ ਗਈ ਤਾਂ ਕਿਸਾਨਾਂ ਨਾਲ ਵੀ ਠੱਗੀ ਵੱਜ ਸਕਦੀ ਹੈ ਇਸ ਲਈ ਕਿਸਾਨ ਹੁਣ ਆਪਣੇ ਖਾਤਿਆਂ ਦੀ ਜਾਣਕਾਰੀ ਠੱਗੀ ਹੋਣ ਤੋਂ ਡਰਦਿਆਂ ਕਿਸੇ ਨਾਲ ਸਾਂਝੀ ਨਹੀਂ ਕਰ ਰਹੇ ਜਿਸ ਕਾਰਨ ਆੜ੍ਹਤੀ ਇਹ ਸਾਰੀ ਖਾਤਿਆਂ ਦੀ ਜਾਣਕਾਰੀ ਸਰਕਾਰ ਨੂੰ ਕਿਵੇਂ ਮੁਹੱਈਆ ਕਰਵਾਉਣ।