ਇਜਲਾਸ ਨੂੰ ਲੈ ਕੇ ਤਕਰਾਰ ਮਗਰੋਂ ਇੱਕੋ ਮੰਚ 'ਤੇ ਦਿਖੇ CM ਮਾਨ ਤੇ ਰਾਜਪਾਲ
Wednesday, Sep 28, 2022 - 02:59 PM (IST)
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਇਜਲਾਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਚਕਾਰ ਹੋਈ ਤਕਰਾਰ ਮਗਰੋਂ ਦੋਵੇਂ ਇੱਕੋ ਮੰਚ 'ਤੇ ਇਕੱਠੇ ਦਿਖਾਈ ਦਿੱਤੇ। ਦਰਅਸਲ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਦੇ ਨਾਮਕਰਣ 'ਤੇ ਆਯੋਜਿਤ ਸਮਾਰੋਹ 'ਚ ਦੋਹਾਂ ਨੂੰ ਇਕੱਠੇ ਦੇਖਿਆ ਗਿਆ। ਇਸ ਦੌਰਾਨ ਮੰਚ 'ਤੇ ਸਭ ਆਗੂਆਂ ਦੀ ਕੁਰਸੀਆਂ ਇਕੱਠੀਆਂ ਲਾਈਆਂ ਗਈਆਂ।
ਇੱਥੇ ਹੀ ਭਗਵੰਤ ਮਾਨ ਤੇ ਰਾਜਪਾਲ ਦੀ ਕੁਰਸੀ ਵੀ ਲਾਈ ਗਈ ਸੀ ਪਰ ਇਸ ਕੁਰਸੀ 'ਚ ਕਾਫੀ ਦੂਰੀ ਦੇਖਣ ਨੂੰ ਮਿਲੀ। ਦੱਸਣਯੋਗ ਹੈ ਕਿ ਰਾਜਪਾਲ ਵੱਲੋਂ 22 ਸਤੰਬਰ ਨੂੰ ਪੰਜਾਬ ਸਰਕਾਰ ਵਲੋਂ ਵਿਧਾਨ ਸਭਾ ਇਜਲਾਸ ਸੱਦੇ ਜਾਣ ਦੀ ਮਨਜ਼ੂਰੀ ਦੇ ਦਿੱਤੀ ਸੀ ਪਰ ਬਾਅਦ 'ਚ ਇਸ ਤੋਂ ਇਨਕਾਰ ਕਰ ਦਿੱਤਾ ਗਿਆ। ਫਿਰ 27 ਸਤੰਬਰ ਨੂੰ ਪੰਜਾਬ ਸਰਕਾਰ ਵੱਲੋਂ ਸੱਦੇ ਗਏ ਇਜਲਾਸ ਦੇ ਕੰਮਕਾਜ ਦਾ ਬਿਓਰਾ ਰਾਜਪਾਲ ਨੇ ਮੰਗ ਲਿਆ।
ਇਸ 'ਤੇ ਮੁੱਖ ਮੰਤਰੀ ਮਾਨ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਸੀ। ਇਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਬਹੁਤ ਜ਼ਿਆਦਾ ਹੋ ਗਿਆ ਹੈ। ਇਸ ਤੋਂ ਬਾਅਦ ਰਾਜਪਾਲ ਨੇ ਮੁੱਖ ਮੰਤਰੀ ਨੂੰ ਧਮਾਕੇਦਾਰੀ ਚਿੱਠੀ ਲਿਖੀ ਸੀ ਅਤੇ ਕਿਹਾ ਸੀ ਕਿ ਤੁਸੀਂ ਮੇਰੇ ਤੋਂ ਬਹੁਤ ਜ਼ਿਆਦਾ ਨਾਰਾਜ਼ ਲੱਗਦੇ ਹੋ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ