ਪੰਜਾਬ ਸਰਕਾਰ ਲਈ ਪੈਦਾ ਹੋਵੇਗਾ ਸੰਕਟ

Tuesday, Aug 01, 2017 - 01:34 AM (IST)

ਵਿਜੀਲੈਂਸ ਵੱਲੋਂ ਤਹਿਸੀਲਾਂ ਦੇ ਕੰਮ 'ਚ ਬੇਲੋੜੀ ਦਖ਼ਲਅੰਦਾਜ਼ੀ ਤੋਂ ਖਫਾ ਮਾਲ ਅਧਿਕਾਰੀ 
ਪਟਿਆਲਾ(ਜੋਸਨ)-ਸਰਕਾਰ ਦੀ ਰੀੜ੍ਹ ਦੀ ਹੱਡੀ ਵਜੋਂ ਜਾਣੇ ਜਾਂਦੇ ਪੰਜਾਬ ਦੇ ਤਹਿਸੀਲਦਾਰ ਅਤੇ ਨਾਇਬ-ਤਹਿਸੀਲਦਾਰ ਡੀ. ਸੀ. ਬਠਿੰਡਾ ਦੇ ਗਲਤ ਰਵੱਈਏ ਅਤੇ ਵਿਜੀਲੈਂਸ ਵੱਲੋਂ ਤਹਿਸੀਲਾਂ ਦੇ ਕੰਮ ਵਿਚ ਕੀਤੀ ਜਾ ਰਹੀ ਦਖਲਅੰਦਾਜ਼ੀ ਕਾਰਨ ਸਮੂਹਿਕ ਛੁੱਟੀ 'ਤੇ ਜਾ ਸਕਦੇ ਹਨ। ਇਸ ਨਾਲ ਪੰਜਾਬ ਸਰਕਾਰ ਲਈ ਵੱਡਾ ਸੰਕਟ ਪੈਦਾ ਹੋ ਸਕਦਾ ਹੈ। ਅੱਜ ਇਥੇ ਪੰਜਾਬ ਰੈਵੀਨਿਊ ਆਫ਼ੀਸਰਜ਼ ਐਸੋਸੀਏਸਨ ਦੇ ਪੰਜਾਬ ਪ੍ਰਧਾਨ ਗੁਰਦੇਵ ਸਿੰਘ ਧੰਮ ਦੀ ਅਗਵਾਈ ਹੇਠ ਹੰਗਾਮੀ ਮੀਟਿੰਗ ਕਰ ਕੇ ਬਠਿੰਡਾ ਦੇ ਡੀ. ਸੀ. ਦੀ ਖਿਚਾਈ ਕਰਦੇ ਹੋਏ ਕਿਹਾ ਹੈ ਕਿ ਜੇਕਰ ਡੀ. ਸੀ. ਨੇ ਸਮੂਹ ਮਾਲ ਅਧਿਕਾਰੀਆਂ ਨੂੰ ਸੰਤੁਸ਼ਟ ਨਾ ਕੀਤਾ ਤਾਂ ਪੰਜਾਬ ਰੈਵੀਨਿਊ ਆਫ਼ੀਸਰਜ਼ ਐਸੋਸੀਏਸ਼ਨ ਤਿੱਖਾ ਸੰਘਰਸ਼ ਉਲੀਕੇਗੀ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਪ੍ਰਧਾਨ ਧੰਮ ਤੋਂ ਇਲਾਵਾ ਕੰਵਰ ਨਰਿੰਦਰ ਸਿੰਘ ਐਡਵਾਈਜ਼ਰ, ਪਰਮਜੀਤ ਜਿੰਦਲ ਜਨਰਲ ਸਕੱਤਰ, ਨਵਦੀਪ ਸਿੰਘ ਸੀਨੀਅਰ ਵਾਈਸ ਪ੍ਰਧਾਨ, ਜੋਗਿੰਦਰ ਸਿੰਘ ਅਤੇ ਜਸਪਾਲ ਸਿੰਘ ਬਰਾੜ ਵਾਈਸ ਪ੍ਰਧਾਨ ਆਦਿ ਹਾਜ਼ਰ ਸਨ। ਪੰਜਾਬ ਪ੍ਰਧਾਨ ਗੁਰਦੇਵ ਸਿੰਘ ਧੰਮ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਬਠਿੰਡਾ ਦਾ ਵਤੀਰਾ ਮਾਲ ਅਧਿਕਾਰੀਆਂ ਪ੍ਰਤੀ ਬਹੁਤ ਮਾੜਾ ਹੈ। ਇਸ ਸਬੰਧੀ ਬਠਿੰਡਾ ਜ਼ਿਲੇ ਦੇ ਸਮੂਹ ਮਾਲ ਅਧਿਕਾਰੀਆਂ ਵੱਲੋਂ ਡੀ. ਸੀ. ਦਾ ਵਤੀਰਾ ਠੀਕ ਨਾ ਹੋਣ ਦੀ ਸੂਰਤ ਵਿਚ 2 ਅਗਸਤ ਤੋਂ ਸਮੂਹਿਕ ਛੁੱਟੀ 'ਤੇ ਜਾਣ ਦਾ ਅਲਟੀਮੇਟਮ ਦਿੱਤਾ ਗਿਆ ਹੈ। ਪੰਜਾਬ ਰੈਵੀਨਿਊ ਆਫ਼ੀਸਰਜ਼ ਐਸੋਸੀਏਸਨ ਇਸ ਮਤੇ ਦੀ ਪੋੜ੍ਹਤਾ ਕਰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਜੇਕਰ ਡੀ. ਸੀ. ਬਠਿੰਡਾ ਵੱਲੋਂ ਮਾਲ ਅਧਿਕਾਰੀਆਂ ਨੂੰ ਸੰਤੁਸ਼ਟ ਨਾ ਕੀਤਾ ਗਿਆ, ਉਨ੍ਹਾਂ ਪ੍ਰਤੀ ਵਤੀਰਾ ਠੀਕ ਨਾ ਕੀਤਾ ਗਿਆ ਤਾਂ ਪੂਰੇ ਪੰਜਾਬ ਦੇ ਮਾਲ ਅਧਿਕਾਰੀ ਅੰਦੋਲਨ ਵਿਚ ਸ਼ਾਮਿਲ ਹੁੰਦੇ ਹੋਏ ਸਮੂਹਿਕ ਛੁੱਟੀ 'ਤੇ ਜਾਣਗੇ। ਇਸ ਮੌਕੇ ਉਪਰੋਕਤ ਸਮੱਸਿਆਵਾਂ ਦੇ ਹੱਲ ਲਈ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜੋ ਮੁੱਖ ਮੰਤਰੀ ਪਾਸੋਂ ਸਮਾਂ ਲੈ ਕੇ ਅਧਿਕਾਰੀਆਂ ਨੂੰ ਆ ਰਹੀਆਂ ਸਮੱਸਿਆਵਾਂ ਉਨ੍ਹਾਂ ਦੇ ਧਿਆਨ ਵਿਚ ਲਿਆਵੇਗੀ। 


Related News