ਨਿਰਪੱਖ, ਸੁਤੰਤਰ ਤੇ ਸ਼ਾਂਤੀਪੂਰਨ ਚੋਣਾਂ ਨੇਪਰੇ ਚੜ੍ਹਾਉਣ ਲਈ ਪੰਜਾਬ ਪੂਰੀ ਤਰ੍ਹਾਂ ਤਿਆਰ : ਡਾ. ਰਾਜੂ
Sunday, Feb 20, 2022 - 07:09 AM (IST)
ਚੰਡੀਗੜ੍ਹ (ਪਰਮੀਤ ਸਿੰਘ) : ਪੰਜਾਬ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਮੁੱਖ ਚੋਣ ਅਧਿਕਾਰੀ (ਸੀ. ਈ. ਓ.) ਪੰਜਾਬ ਦੇ ਦਫ਼ਤਰ ਵੱਲੋਂ ਚੋਣਾਂ ਲਈ ਪੁਖ਼ਤਾ ਬੰਦੋਬਸਤ ਕੀਤੇ ਜਾ ਰਹੇ ਹਨ ਤਾਂ ਜੋ ਪੰਜਾਬ ਵਿੱਚ ਪਾਰਦਰਸ਼ੀ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਨੂੰ ਯਕੀਨੀ ਬਣਾਇਆ ਜਾ ਸਕੇ। ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਦੀ ਸਮੁੱਚੀ ਮਸ਼ੀਨਰੀ ਸ਼ਾਂਤਮਈ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ 24 ਘੰਟੇ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸੂਬੇ 'ਚ ਕੁੱਲ 2,14,99,804 ਵੋਟਰ ਹਨ, ਜਿਨ੍ਹਾਂ 'ਚ 1,12,98,081 ਪੁਰਸ਼, 1,02,00,996 ਔਰਤਾਂ ਤੇ 727 ਟਰਾਂਸਜੈਂਡਰ ਹਨ। 117 ਹਲਕਿਆਂ ਵਿੱਚ 1304 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ 'ਚ 1209 ਪੁਰਸ਼, 93 ਔਰਤਾਂ ਅਤੇ 2 ਟਰਾਂਸਜੈਂਡਰ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਕੁੱਲ 1304 ਉਮੀਦਵਾਰਾਂ 'ਚੋਂ 231 ਰਾਸ਼ਟਰੀ ਪਾਰਟੀਆਂ, 250 ਸੂਬਾਈ ਪਾਰਟੀਆਂ, 362 ਗੈਰ ਮਾਨਤਾ ਪ੍ਰਾਪਤ ਪਾਰਟੀਆਂ ਨਾਲ ਸਬੰਧਤ ਹਨ, ਜਦਕਿ 461 ਆਜ਼ਾਦ ਉਮੀਦਵਾਰ ਹਨ। ਚੋਣ ਲੜ ਰਹੇ 315 ਉਮੀਦਵਾਰ ਅਪਰਾਧਿਕ ਪਿਛੋਕੜ ਵਾਲੇ ਹਨ। ਡਾ. ਰਾਜੂ ਨੇ ਦੱਸਿਆ ਕਿ ਪੋਲਿੰਗ ਸਟੇਸ਼ਨਾਂ ਵਾਲੀਆਂ 14,684 ਥਾਵਾਂ 'ਤੇ 24,689 ਪੋਲਿੰਗ ਸਟੇਸ਼ਨ ਅਤੇ 51 ਆਗਜ਼ਿਲਰੀ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ 'ਚੋਂ 2013 ਦੀ ਪਛਾਣ ਗੰਭੀਰ, ਜਦਕਿ 2952 ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਵਜੋਂ ਕੀਤੀ ਗਈ ਹੈ। 1196 ਮਾਡਲ ਪੋਲਿੰਗ ਸਟੇਸ਼ਨ, 196 ਮਹਿਲਾ ਪ੍ਰਬੰਧਤ ਪੋਲਿੰਗ ਸਟੇਸ਼ਨ ਅਤੇ 70 ਦਿਵਿਆਂਗਾਂ ਦੁਆਰਾ ਸੰਚਾਲਿਤ ਪੋਲਿੰਗ ਸਟੇਸ਼ਨ ਹੋਣਗੇ। ਸਾਰੇ ਪੋਲਿੰਗ ਸਟੇਸ਼ਨਾਂ ਦੀ ਵੈੱਬਕਾਸਟਿੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਸਰਕਾਰੀ ਦਫ਼ਤਰਾਂ ਦੇ ਸਮੇਂ 'ਚ ਬਦਲਾਅ, 21 ਫਰਵਰੀ ਤੋਂ ਲਾਗੂ ਹੋਣਗੇ ਹੁਕਮ
ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ ਵਿੱਚ 28,328 ਬੈਲੇਟ ਯੂਨਿਟ ਅਤੇ 24,740 ਈ. ਵੀ. ਐੱਮ.-ਵੀ. ਵੀ. ਪੈਟ ਦੀ ਵਰਤੋਂ ਕੀਤੀ ਜਾ ਰਹੀ ਹੈ। ਕੁੱਲ 6 ਵਿਧਾਨ ਸਭਾ ਹਲਕੇ 52-ਖਰੜ, 59-ਸਾਹਨੇਵਾਲ, 61-ਲੁਧਿਆਣਾ ਦੱਖਣੀ, 67-ਪਾਇਲ, 110-ਪਟਿਆਲਾ ਦਿਹਾਤੀ ਅਤੇ 115-ਪਟਿਆਲਾ ਵਿਖੇ 2-2 ਬੈਲੇਟ ਯੂਨਿਟ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾ. ਰਾਜੂ ਨੇ ਦੱਸਿਆ ਕਿ 3 ਵਿਸ਼ੇਸ਼ ਸਟੇਟ ਆਬਜ਼ਰਵਰਾਂ ਤੋਂ ਇਲਾਵਾ ਭਾਰਤੀ ਚੋਣ ਕਮਿਸ਼ਨ ਨੇ 65 ਜਨਰਲ ਆਬਜ਼ਰਵਰ, 50 ਖਰਚਾ ਆਬਜ਼ਰਵਰ ਅਤੇ 29 ਪੁਲਸ ਆਬਜ਼ਰਵਰ ਨਿਯੁਕਤ ਕੀਤੇ ਹਨ, ਜੋ ਤਿੱਖੀ ਨਜ਼ਰ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਪੋਲਿੰਗ ਪਾਰਟੀਆਂ ਦੀ ਸਹਾਇਤਾ ਲਈ 2083 ਸੈਕਟਰ ਅਫਸਰ ਤਾਇਨਾਤ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਸੂਬੇ ਵਿੱਚ 17 ਵਿਧਾਨ ਸਭਾ ਹਲਕਿਆਂ ਦੀ ਸ਼ਨਾਖਤ ਖਰਚ ਸੰਵੇਦਨਸ਼ੀਲ ਵਜੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ 117 ਡਿਸਪੈਚ ਸੈਂਟਰ ਅਤੇ 117 ਕੁਲੈਕਸ਼ਨ ਸੈਂਟਰ ਹਨ, ਜਦੋਂ ਕਿ ਰਾਜ ਵਿੱਚ 67 ਥਾਵਾਂ `ਤੇ 117 ਈਵੀਐਮ ਸਟਰਾਂਗ ਰੂਮ ਸਥਾਪਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਹਰ ਪੋਲਿੰਗ ਸਟੇਸ਼ਨ 'ਤੇ ਪੀਣ ਵਾਲਾ ਸਾਫ਼ ਪਾਣੀ, ਟੈਂਟ ਅਤੇ ਕੁਰਸੀਆਂ ਸਮੇਤ ਘੱਟੋ-ਘੱਟ ਸੁਵਿਧਾਵਾਂ, ਘੱਟੋ-ਘੱਟ ਇਕ ਵ੍ਹੀਲ ਚੇਅਰ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਹਰੇਕ ਪੋਲਿੰਗ ਸਟੇਸ਼ਨ 'ਤੇ ਦਸਤਾਨੇ, ਸੈਨੀਟਾਈਜ਼ਰ, ਸਾਬਣ ਅਤੇ ਮਾਸਕ ਸਮੇਤ ਕੋਵਿਡ-19 ਸਮੱਗਰੀ ਹੋਵੇਗੀ, ਜਦਕਿ ਰਹਿੰਦ-ਖੂੰਹਦ ਦੇ ਸੁਚੱਜੇ ਨਿਪਟਾਰੇ ਲਈ ਕੂੜਾਦਾਨ ਅਤੇ ਰੰਗਦਾਰ ਬੈਗ ਰੱਖੇ ਜਾਣਗੇ। ਉਨ੍ਹਾਂ ਕਿਹਾ ਕਿ ਸਾਰੇ ਪੋਲਿੰਗ ਸਟਾਫ਼ ਨੂੰ ਖਾਣਾ ਅਤੇ ਰਿਫਰੈਸ਼ਮੈਂਟ ਮੁਹੱਈਆ ਕਰਵਾਈ ਜਾਵੇਗੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ਪੂਰਬੀ 'ਚ ਸਿੱਧੂ ਤੇ ਮਜੀਠੀਆ ਵਿਚਾਲੇ ਹੋਵੇਗਾ ਫਸਵਾਂ ਮੁਕਾਬਲਾ, ਜਾਣੋ 5 ਚੋਣਾਂ ਦਾ ਇਤਿਹਾਸ
ਡਾ. ਰਾਜੂ ਨੇ ਪੋਲਿੰਗ ਸਟੇਸ਼ਨਾਂ 'ਤੇ ਆਉਣ ਵਾਲੇ ਵੋਟਰਾਂ ਨੂੰ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਸਮੇਤ ਕੋਵਿਡ-19 ਪ੍ਰੋਟੋਕੋਲ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਅੱਗੇ ਦੱਸਿਆ ਕਿ 80 ਸਾਲ ਤੋਂ ਵੱਧ ਉਮਰ ਦੇ 4,44,721 ਵਿਅਕਤੀ, 1,38,116 ਦਿਵਿਆਂਗ ਵੋਟਰ ਅਤੇ 162 ਕੋਵਿਡ-19 ਮਰੀਜ਼ਾਂ ਨੂੰ ਪੋਸਟਲ ਬੈਲੇਟ ਸਹੂਲਤ ਲਈ ਫਾਰਮ 12-ਡੀ ਮੁਹੱਈਆ ਕਰਵਾਏ ਗਏ ਹਨ।
ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਇਸ ਵਾਰ 18-19 ਸਾਲ ਉਮਰ ਵਰਗ ਦੇ 3,48,836 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ ਅਤੇ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਪਹਿਲੀ ਵਾਰ ਇਨ੍ਹਾਂ ਨੌਜਵਾਨ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਲੋੜੀਂਦੇ ਕਦਮ ਚੁੱਕ ਰਹੇ ਹਨ। 80 ਸਾਲ ਤੋਂ ਵੱਧ ਉਮਰ ਦੇ 5,09,405 ਵੋਟਰ, 1,09,624 ਸਰਵਿਸ ਵੋਟਰ ਅਤੇ 1,58,341 ਦਿਵਿਆਂਗ ਵੋਟਰ ਹਨ, ਜਦਕਿ 1,608 ਪ੍ਰਵਾਸੀ ਵੋਟਰ ਹਨ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਨੂੰ ਵੈਲਕਮ ਕਿੱਟਾਂ ਜਾਰੀ ਕੀਤੀਆਂ ਗਈਆਂ ਹਨ, ਜਦਕਿ ਲੋਕਾਂ ਨੂੰ ਉਨ੍ਹਾਂ ਦੇ ਵੋਟ ਦੇ ਅਧਿਕਾਰਾਂ ਬਾਰੇ ਜਾਗਰੂਕ ਕਰਨ ਲਈ ਵੋਟਰ ਸੂਚਨਾ ਗਾਈਡਾਂ ਵੀ ਵੰਡੀਆਂ ਗਈਆਂ ਹਨ।
ਡਾ. ਰਾਜੂ ਨੇ ਦੱਸਿਆ ਕਿ ਜੀ. ਪੀ. ਐੱਸ. ਨਾਲ ਲੈਸ 9,966 ਵਾਹਨਾਂ ਦੀ ਵਰਤੋਂ ਚੋਣਾਂ ਸਬੰਧੀ ਡਿਊਟੀਆਂ ਲਈ ਕੀਤੀ ਜਾ ਰਹੀ ਹੈ। ਪੋਲਿੰਗ ਪਾਰਟੀਆਂ ਨੂੰ ਪੋਲਿੰਗ ਸਟੇਸ਼ਨਾਂ 'ਤੇ ਭੇਜਣ ਲਈ 5,000 ਤੋਂ ਵੱਧ ਬੱਸਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਅਮਨ-ਕਾਨੂੰਨ ਬਾਰੇ ਡਾ. ਰਾਜੂ ਨੇ ਕਿਹਾ ਕਿ ਚੋਣਾਂ ਨੂੰ ਸੁਤੰਤਰ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨ ਨੂੰ ਯਕੀਨੀ ਬਣਾਉਣ ਲਈ ਸੂਬੇ ਭਰ ਵਿੱਚ ਤਾਇਨਾਤ ਪੁਲਸ ਪਾਰਟੀਆਂ ਸ਼ਰਾਬ, ਨਸ਼ੀਲੇ ਪਦਾਰਥਾਂ ਅਤੇ ਪੈਸੇ ਦੇ ਲੈਣ-ਦੇਣ ਨੂੰ ਠੱਲ੍ਹ ਪਾਉਣ ਲਈ ਚੌਕਸੀ ਨਾਲ ਤਲਾਸ਼ੀ ਲੈ ਰਹੀਆਂ ਹਨ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਚੋਣਾਂ : ਉਮੀਦਵਾਰ ਹਨ, ਪਰ ਖ਼ੁਦ ਨੂੰ ਨਹੀਂ ਪਾ ਸਕਣਗੇ 'ਵੋਟ'
ਡਾ. ਰਾਜੂ ਨੇ ਕਿਹਾ ਕਿ ਵੋਟਰਾਂ ਨੂੰ ਭਰਮਾਉਣ ਲਈ ਸ਼ਰਾਬ, ਨਸ਼ੀਲੇ ਪਦਾਰਥਾਂ ਅਤੇ ਪੈਸੇ ਦੀ ਵੰਡ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਮੂਹ ਡੀ. ਸੀ., ਸੀ. ਪੀਜ਼ ਅਤੇ ਐੱਸ. ਐੱਸ. ਪੀਜ਼ ਸਖ਼ਤ ਨਿਗਰਾਨੀ ਰੱਖ ਰਹੇ ਹਨ ਅਤੇ ਸੂਚਨਾ ਜਾਂ ਸ਼ਿਕਾਇਤ ਮਿਲਣ 'ਤੇ ਤੁਰੰਤ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ 18 ਫਰਵਰੀ 2022 ਤੱਕ ਵੱਖ-ਵੱਖ ਇਨਫੋਰਸਮੈਂਟ ਟੀਮਾਂ ਨੇ 500.70 ਕਰੋੜ ਰੁਪਏ ਕੀਮਤ ਦਾ ਸਾਮਾਨ ਜ਼ਬਤ ਕੀਤਾ ਹੈ। ਪੰਜਾਬ ਆਬਕਾਰੀ ਵਿਭਾਗ ਦੀਆਂ ਨਿਗਰਾਨ ਟੀਮਾਂ ਨੇ 35.43 ਕਰੋੜ ਰੁਪਏ ਦੀ 58.18 ਲੱਖ ਲੀਟਰ ਸ਼ਰਾਬ ਜ਼ਬਤ ਕੀਤੀ ਹੈ। ਇਸੇ ਤਰ੍ਹਾਂ ਇਨਫੋਰਸਮੈਂਟ ਵਿੰਗਾਂ ਨੇ 368.60 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਹਨ ਅਤੇ 32.52 ਕਰੋੜ ਰੁਪਏ ਦੀ ਬੇਨਾਮੀ ਨਕਦੀ ਵੀ ਜ਼ਬਤ ਕੀਤੀ ਹੈ।
ਡਾ. ਰਾਜੂ ਨੇ ਦੱਸਿਆ ਕਿ ਰਾਜ ਵਿੱਚ 9 ਜਨਵਰੀ, 2022 ਤੋਂ 18 ਫਰਵਰੀ, 2022 ਤੱਕ 3467 ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕੁੱਲ 3467 ਐੱਫ. ਆਈ. ਆਰਜ਼ 'ਚੋਂ 93 ਆਈ. ਪੀ. ਸੀ., 22 ਆਰ. ਪੀ. ਐਕਟ, 203 ਪ੍ਰਾਪਰਟੀ ਡੀਫੇਸਮੈਂਟ, 40 ਕੋਵਿਡ-19 ਨਾਲ ਸਬੰਧਤ, 902 ਐੱਨ. ਡੀ. ਪੀ. ਐੱਸ. ਤਹਿਤ, 2109 ਆਬਕਾਰੀ ਨਾਲ ਸਬੰਧਤ, 80 ਹਥਿਆਰਾਂ ਨਾਲ ਅਤੇ 18 ਹੋਰ ਮਾਮਲੇ ਹਨ। ਉਨ੍ਹਾਂ ਕਿਹਾ ਕਿ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਧੁਨੀ ਪ੍ਰਦੂਸ਼ਣ ਫੈਲਾਉਣ ਵਾਲਿਆਂ ਵਿਰੁੱਧ 17 ਨੋਟਿਸ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ਚੋਣਾਂ : ਵੋਟ ਪਾਉਣ ਲਈ 'ਵੈਕਸੀਨੇਸ਼ਨ ਸਰਟੀਫਿਕੇਟ' ਦੀ ਲੋੜ ਹੈ ਜਾਂ ਨਹੀਂ, ਮੁੱਖ ਚੋਣ ਕਮਿਸ਼ਨਰ ਨੇ ਕੀਤਾ ਸਪੱਸ਼ਟ
ਡਾ. ਰਾਜੂ ਨੇ ਦੱਸਿਆ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਹੁੱਣ ਤੱਕ ਉਨ੍ਹਾਂ ਨੂੰ ਸੀਵਿਜਿਲ ਐਪ 'ਤੇ 19 ਫਰਵਰੀ ਤੱਕ ਕੁੱਲ 16,637 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ 'ਚੋਂ 12,194 ਸ਼ਿਕਾਇਤਾਂ ਦਾ ਨਿਪਟਾਰਾ 100 ਮਿੰਟਾਂ ਤੋਂ ਵੀ ਘੱਟ ਸਮੇਂ ਵਿੱਚ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਟੀਮਾਂ ਨੇ ਔਸਤਨ 45 ਮਿੰਟ 60 ਸਕਿੰਟ ਦੇ ਸਮੇਂ ਅਤੇ 94 ਫੀਸਦੀ ਸ਼ੁੱਧਤਾ ਦਰ ਨਾਲ ਇਨ੍ਹਾਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਹੈ। ਇਸ ਤੋਂ ਇਲਾਵਾ ਡਾ. ਰਾਜੂ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ 619 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨਾਂ 'ਚੋਂ 565 ਦਾ ਨਿਪਟਾਰਾ ਕਰ ਦਿੱਤਾ ਗਿਆ ਹੈ, ਜਦੋਂ ਕਿ 54 ਉੱਤੇ ਕਾਰਵਾਈ ਚੱਲ ਰਹੀ ਹੈ।
ਇਸੇ ਤਰ੍ਹਾਂ ਰਾਸ਼ਟਰੀ ਸ਼ਿਕਾਇਤ ਨਿਵਾਰਨ ਪੋਰਟਲ (ਐੱਨ.ਜੀ.ਆਰ.ਐੱਸ.) ’ਤੇ 507 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਨਾਂ ’ਚੋਂ 467 ਦਾ ਨਿਪਟਾਰਾ ਕਰ ਦਿੱਤਾ ਗਿਆ ਹੈ, ਜਦਕਿ 40 ਪ੍ਰਕਿਰਿਆ ਅਧੀਨ ਹਨ। ਉਨ੍ਹਾਂ ਦੱਸਿਆ ਕਿ ਕਾਲ ਸੈਂਟਰ ਰਾਹੀਂ 2805 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਨ੍ਹਾਂ 'ਚੋਂ 2616 ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ, ਜਦੋਂ ਕਿ ਇਕ ਵਾਜਿਬ ਨਹੀਂ ਸੀ ਅਤੇ 189 ਪ੍ਰਕਿਰਿਆ ਅਧੀਨ ਹਨ। ਇਸੇ ਤਰ੍ਹਾਂ ਹੋਰ ਸਰੋਤਾਂ ਰਾਹੀਂ 2259 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ 'ਚੋਂ 2238 ਦਾ ਨਿਪਟਾਰਾ ਕਰ ਦਿੱਤਾ ਗਿਆ ਹੈ, ਜਦਕਿ 21 ਪ੍ਰਕਿਰਿਆ ਅਧੀਨ ਹਨ।