ਜੰਗਲਾਤ ਵਿਭਾਗ ਵਲੋਂ ਸੂਬੇ ''ਚ ਹਰਿਆਲੀ ਵਧਾਉਣ ਲਈ ਵਿਸ਼ੇਸ਼ ਮੁਹਿੰਮ ਤਿਆਰ
Monday, Jun 18, 2018 - 01:47 AM (IST)

ਚੰਡੀਗੜ੍ਹ (ਕਮਲ) - ਪੰਜਾਬ ਦੇ ਜੰਗਲਾਤ ਵਿਭਾਗ ਦੇ ਮੰਤਰੀ ਸਾਧੂ ਸਿੰਘ ਧਰਮਸੌਤ ਵੱਲੋਂ ਜਦੋਂ ਤੋਂ ਜੰਗਲਾਤ ਵਿਭਾਗ ਦੀ ਵਾਗਡੋਰ ਸੰਭਾਲੀ ਗਈ ਹੈ, ਉਦੋਂ ਤੋਂ ਇਸ ਵਿਭਾਗ ਦੀ ਜਿਥੇ ਹਜ਼ਾਰਾਂ ਏਕੜ ਜ਼ਮੀਨ ਲੋਕਾਂ ਦੇ ਕਬਜ਼ੇ ਹੇਠਾਂ ਛੁਡਵਾਈ ਗਈ ਹੈ, ਉਥੇ ਹੀ ਵਾਤਵਰਣ ਨੂੰ ਸ਼ੁੱਧ ਬਣਾਉਣ ਲਈ ਕਰੋੜਾਂ ਬੂਟੇ ਲਾਉਣ ਦੇ ਨਾਲ-ਨਾਲ ਕਈ ਪ੍ਰਕਾਰ ਦੇ ਹੋਰ ਉਪਰਾਲੇ ਕਰਕੇ ਇਕ ਨਵੀਂ ਮਿਸਾਲ ਕਾਇਮ ਕੀਤੀ ਗਈ ਹੈ। ਹੁਣ ਸੂਬੇ ਭਰ 'ਚ ਵੱਧ ਤੋਂ ਵੱਧ ਰੁੱਖ ਲਾਉਣ ਅਤੇ ਹਰਿਆਲੀ ਵਧਾਉਣ ਲਈ ਵਿਭਾਗ ਵਲੋਂ ਵਿਸ਼ੇਸ਼ ਮੁਹਿੰਮ ਉਲੀਕੀ ਗਈ ਹੈ।
ਇਸ ਸਬੰਧੀ ਗੱਲਬਾਤ ਕਰਦੇ ਹੋਏ ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੁਪਨਮਈ ਪ੍ਰਾਜੈਕਟ 'ਤੰਦਰੁਸਤ ਪੰਜਾਬ' ਮਿਸ਼ਨ ਤਹਿਤ ਵਿਭਾਗ ਵਲੋਂ 'ਘਰ-ਘਰ ਹਰਿਆਲੀ' ਸਕੀਮ ਨਾਂ ਦੀ ਵਿਸ਼ੇਸ਼ ਮੁਹਿੰਮ ਤਿਆਰ ਕੀਤੀ ਗਈ ਹੈ, ਜਿਸ ਤਹਿਤ ਸੂਬੇ ਭਰ 'ਚ ਹਰਿਆਲੀ ਵਧਾਉਣ ਲਈ ਮੁਫ਼ਤ ਬੂਟੇ ਵੰਡੇ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦਾ ਮਕਸਦ ਸੂਬੇ ਤੇ ਦੇਸ਼ ਦੇ ਵਾਤਾਵਰਣ ਦੀ ਸ਼ੁੱਧਤਾ ਵਧਾਉਣਾ ਅਤੇ ਸੂਬੇ ਦੇ ਨਾਗਰਿਕਾਂ ਨੂੰ ਸ਼ੁੱਧ ਹਵਾ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਤਿਆਰ ਕੀਤੀ ਗਈ ਇਸ ਵਿਸ਼ੇਸ਼ ਮੁਹਿੰਮ ਤਹਿਤ ਸੂਬੇ ਦੇ ਹਰ ਨਾਗਰਿਕ ਨੂੰ 3 ਅਤੇ ਹਰ ਘਰ ਨੂੰ 10 ਤੋਂ 15 ਵੱਖ-ਵੱਖ ਕਿਸਮਾਂ ਦੇ ਬੂਟੇ ਮੁਫ਼ਤ ਮੁਹੱਈਆ ਕਰਵਾਏ ਜਾਣਗੇ। ਚਾਲੂ ਸਾਲ 2018-2019 ਦੌਰਾਨ ਸੂਬੇ ਦੇ ਨਾਗਰਿਕਾਂ ਨੂੰ 20 ਤੋਂ 25 ਲੱਖ ਬੂਟੇ ਮੁਫ਼ਤ ਵੰਡੇ ਜਾਣਗੇ ਜਦਕਿ ਇਸ ਮੁਹਿੰਮ ਤਹਿਤ 4 ਤੋਂ 5 ਲੱਖ ਘਰ ਕਵਰ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਦੌਰਾਨ ਲੋਕਾਂ ਨੂੰ ਟਾਹਲੀ, ਨਿੰਮ, ਅਰਜੁਨ, ਹਰੜ, ਬੇਹੜਾ, ਆਂਵਲਾ, ਜਾਮੁਨ ਆਦਿ ਮੈਡੀਸਨਲ ਤੇ ਫਲਦਾਰ ਬੂਟੇ ਸਪਲਾਈ ਕੀਤੇ ਜਾਣਗੇ।