ਮੋਦੀ ਸਰਕਾਰ ਵਲੋਂ ਫ਼ਸਲਾਂ ਦੀ MSP 'ਚ ਬੰਪਰ ਵਾਧੇ ਮਗਰੋਂ ਵੀ ਪੰਜਾਬ ਦੇ ਕਿਸਾਨ ਨਾਖ਼ੁਸ਼, ਜਾਣੋ ਕਿਉਂ

Thursday, Jun 08, 2023 - 02:04 PM (IST)

ਚੰਡੀਗੜ੍ਹ - ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ਹੇਠ ਕੈਬਨਿਟ ਕਮੇਟੀ ਦੀ ਹੋਈ ਮੀਟਿੰਗ ਵਿੱਚ ਸਾਉਣੀ ਦੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਵਾਧਾ ਕੀਤਾ ਅਤੇ ਨਾਲ ਹੀ ਕਿਸਾਨਾਂ ਦੀ ਆਮਦਨ ਵਧਾਉਣ ਦਾ ਵੀ ਦਾਅਵਾ ਕੀਤਾ ਹੈ। ਸਰਕਾਰ ਨੇ ਝੋਨੇ ਦੇ ਗ੍ਰੇਡ ‘ਏ’ ਦਾ ਘੱਟੋ-ਘੱਟ ਸਮਰਥਨ ਮੁੱਲ 2060 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 2203 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਪਿਛਲੇ ਸਾਲ ਮੱਕੀ ਦਾ ਭਾਅ 1962 ਰੁਪਏ ਪ੍ਰਤੀ ਕੁਇੰਟਲ ਸੀ, ਜਿਸ ਨੂੰ ਹੁਣ ਵਧਾ ਕੇ 2090 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ : ਵੱਡੀ ਰਾਹਤ: RBI ਨੇ ਰੈਪੋ ਦਰ ਨੂੰ 6.5% 'ਤੇ ਰੱਖਿਆ ਬਰਕਰਾਰ, ਕਰਜ਼ਿਆਂ ਦੀਆਂ ਕਿਸ਼ਤਾਂ 'ਚ ਨਹੀਂ ਕੀਤਾ ਕੋਈ ਵਾਧਾ

ਦੱਸ ਦੇਈਏ ਕਿ ਪੰਜਾਬ ਦੇ ਕਿਸਾਨਾਂ ਦਾ ਤਰਕ ਇਸ ਦੇ ਉਲਟ ਹੈ ਅਤੇ ਉਹਨਾਂ ਨੇ ਇਸ ਦਾ ਵਿਰੋਧ ਕੀਤਾ ਹੈ। ਪੰਜਾਬ ਦੇ ਕਈ ਕਿਸਾਨਾਂ ਨੇ ਕਿਹਾ ਕਿ ਸਰਕਾਰ ਜ਼ਿਆਦਾਤਰ ਫ਼ਸਲਾਂ ਦੇ ਰੇਟ ਹੀ ਤੈਅ ਕਰਦੀ ਹੈ ਪਰ ਉਹਨਾਂ ਨੂੰ ਖਰੀਦਦੀ ਨਹੀਂ।ਮੂੰਗ, ਕਪਾਹ ਅਤੇ ਸੂਰਜਮੁਖੀ ਦੀਆਂ ਫ਼ਸਲਾਂ ਦੀ ਵੀ ਕੋਈ ਖਰੀਦਦਾਰੀ ਨਹੀਂ ਕਰਦਾ। ਪੰਜਾਬ ਸਰਕਾਰ ਨੇ ਪਿਛਲੇ ਸਾਲ ਮੂੰਗੀ ਦੀ ਦਾਲ 'ਤੇ ਐੱਮ.ਐੱਸ.ਪੀ. ਦਿੱਤੀ ਸੀ, ਜਿਸ ਦੇ ਬਾਵਜੂਦ ਬਹੁਤ ਸਾਰੀਆਂ ਥਾਵਾਂ ਅਜਿਹੀਆਂ ਹਨ, ਜਿਥੇ ਮੂੰਗੀ 5000 ਰੁਪਏ ਤੱਕ ਵਿਕ ਰਹੀ ਹੈ। ਇਸ ਤੋਂ ਇਲਾਵਾ ਕਪਾਹ 'ਚ ਗੁਲਾਬੀ ਸੁੰਡੀ, ਨਕਲੀ ਬੀਜ ਅਤੇ ਨਕਲੀ ਕੀਟਨਾਸ਼ਕ ਦਵਾਈਆਂ ਦੇ ਕਾਰਨ ਕਿਸਾਨਾਂ ਨੂੰ ਲੱਖਾਂ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ।

ਕਿਸਾਨਾਂ ਅਨੁਸਾਰ ਪੰਜਾਬ ਵਿੱਚ ਝੋਨੇ ਦੀ ਬਿਜਾਈ ਕਰਨ ਲਈ 30 ਲੱਖ ਹੈਕਟੇਅਰ ਰਕਬਾ ਰੱਖਣ ਦਾ ਟੀਚਾ ਹੈ ਪਰ ਝੋਨੇ ਦੀ ਫ਼ਸਲ ਦੇ ਕਾਰਨ ਪਾਣੀ ਦੀ ਸਮੱਸਿਆ ਬਹੁਤ ਵਧ ਗਈ ਹੈ। ਖੇਤੀਬਾੜੀ ਵਿਭਾਗ ਨੇ ਇਸ ਵਾਰ 50 ਹਜ਼ਾਰ ਹੈਕਟੇਅਰ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨ ਦਾ ਟੀਚਾ ਰੱਖ ਦਿੱਤਾ ਹੈ। ਦੂਜੇ ਪਾਸੇ ਪੰਜਾਬ ਵਿੱਚ ਮੂੰਗੀ ਹੇਠ ਰਕਬਾ 50,000 ਹੈਕਟੇਅਰ ਤੋਂ ਘੱਟ ਕੇ 38,900 ਰਹਿ ਗਿਆ ਹੈ। ਹੁਣ ਕੇਂਦਰ ਸਰਕਾਰ ਨੇ ਮੂੰਗੀ ਦੀ ਦਾਲ ਦਾ ਰੇਟ 8558 ਰੁਪਏ ਤੈਅ ਕੀਤਾ ਹੈ, ਜੋ ਪਿਛਲੇ ਸਾਲ ਦੇ ਰੇਟ ਨਾਲੋਂ 803 ਰੁਪਏ ਵੱਧ ਹੈ।

ਇਹ ਵੀ ਪੜ੍ਹੋ : ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ, ਝੋਨੇ ਸਣੇ ਕਈ ਫ਼ਸਲਾਂ ਦੇ ਘੱਟੋ-ਘੱਟ ਮੁੱਲ 'ਚ ਬੰਪਰ ਵਾਧਾ

ਇਸ ਦੇ ਨਾਲ ਹੀ ਪੰਜਾਬ ਵਿੱਚ ਮੱਕੀ ਦਾ ਰਕਬਾ 1.25 ਲੱਖ ਹੈਕਟੇਅਰ ਹੈ। ਪਿਛਲੇ ਕਈ ਸਾਲਾਂ ਤੋਂ ਬਰਸਾਤ ਹੋਣ ਕਾਰਨ ਮੱਕੀ ਦਾ ਬਹੁਤ ਸਾਰਾ ਨੁਕਸਾਨ ਹੋ ਰਿਹਾ ਹੈ, ਜਿਸ ਕਾਰਨ ਕਿਸਾਨਾਂ ਨੇ ਮੱਕੀ ਦੀ ਬਿਜਾਈ ਕਰਨੀ ਘਟ ਕਰ ਦਿੱਤੀ। ਸਰਕਾਰ ਨੇ ਮੱਕੀ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ 128 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਹੈ, ਜਿਸ ਕਾਰਨ ਹੁਣ ਇਸ ਦਾ ਰੇਟ 2090 ਰੁਪਏ ਹੋ ਜਾਵੇਗਾ। ਪੰਜਾਬ ਦੇ ਬਹੁਤ ਸਾਰੇ ਕਿਸਾਨ ਨਰਮੇ ਦੀ ਫ਼ਸਲ ਦੀ ਬਿਜਾਈ ਕਰਨ ਤੋਂ ਪਿੱਛੇ ਹਟ ਰਹੇ ਹਨ। ਇਸ ਵਾਰ ਪੰਜਾਬ ਵਿੱਚ 1.75 ਲੱਖ ਹੈਕਟੇਅਰ ਰਕਬੇ ਵਿੱਚ ਨਰਮੇ ਦੀ ਬਿਜਾਈ ਹੋਈ ਹੈ ਪਰ ਕੇਂਦਰ ਸਰਕਾਰ ਨੇ ਇਸ ਫ਼ਸਲ ਦਾ ਰੇਟ 640 ਰੁਪਏ ਵਧਾ ਕੇ ਕਿਸਾਨਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਪਹਿਲਾਂ ਕਪਾਹ ਦਾ ਰੇਟ 6380 ਰੁਪਏ ਸੀ, ਜੋ ਹੁਣ 7020 ਰੁਪਏ ਪ੍ਰਤੀ ਕੁਇੰਟਲ ਹੋ ਜਾਵੇਗਾ।

ਇਹ ਵੀ ਪੜ੍ਹੋ : ਗਰਮੀਆਂ ਦੀਆਂ ਛੁੱਟੀਆਂ 'ਚ ਹਵਾਈ ਯਾਤਰੀਆਂ ਨੂੰ ਝਟਕਾ, ਇਸ ਕਾਰਨ ਦੁੱਗਣਾ ਹੋਇਆ ਕਿਰਾਇਆ

ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਸਾਲ 2023-24 ਲਈ ਸਾਉਣੀ ਦੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਵਾਧਾ ਕਰਦੇ ਹੋਏ ‘ਏ’ ਗ੍ਰੇਡ ਝੋਨੇ ਦੀਆਂ ਕੀਮਤਾਂ ਵਿਚ 143 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਹੈ। ਮੂੰਗੀ ਦੀਆਂ ਕੀਮਤਾਂ ਵਿੱਚ 803 ਰੁਪਏ, ਅਰਹਰ ’ਚ 400 ਤੇ ਮਾਂਹ ਵਿੱਚ 350 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ। ਇਸ ਦੇ ਨਾਲ ਹੀ ਮੂੰਗਫਲੀ ਦਾ ਭਾਅ 527 ਰੁਪਏ ਅਤੇ ਮੱਕੀ ਦਾ 128 ਰੁਪਏ ਪ੍ਰਤੀ ਕੁਇੰਟਲ ਵਧਾ ਦਿੱਤਾ ਹੈ। 2022-23 ਵਿੱਚ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ 2040 ਰੁਪਏ ਪ੍ਰਤੀ ਕੁਇੰਟਲ ਸੀ, ਜਿਸ ਨੂੰ ਵਧਾ ਕੇ ਹੁਣ 2183 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ।

ਨੋਟ - ਇਸ ਖ਼ਬਰ ਦੇ ਸਬੰਧ ਵਿੱਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਆਪਣਾ ਜਵਾਬ

 


rajwinder kaur

Content Editor

Related News