ਸਰਕਾਰ ਤੋਂ ਵਾਅਦੇ ਪੂਰੇ ਕਰਵਾਉਣ ਲਈ ਪੰਜਾਬ ਕਿਸਾਨ ਸੰਗਠਨ ਵੱਲੋਂ ਡੀ.ਸੀ. ਦਫਤਰ ਮੂਹਰੇ ਧਰਨਾ
Friday, Aug 04, 2017 - 02:57 PM (IST)
ਸੰਗਰੂਰ(ਬੇਦੀ) - ਚੋਣਾਂ ਦੌਰਾਨ ਕਾਂਗਰਸ ਸਰਕਾਰ ਵੱਲੋਂ ਕੀਤੇ ਵਾਅਦਿਆਂ ਨੂੰ ਪੂਰਾ ਕਰਵਾਉਣ ਲਈ ਚਾਰ ਕਿਸਾਨ ਜਥੇਬੰਦੀਆਂ ਦੇ ਬਣਾਏ ਪੰਜਾਬ ਕਿਸਾਨ ਸੰਗਠਨ ਵੱਲੋਂ ਅੱਜ ਡੀ.ਸੀ. ਦਫਤਰ ਅੱਗੇ ਰੋਸ ਧਰਨਾ ਲਾ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਧਰਨੇ ਦੀ ਅਗਵਾਈ ਕਰਦਿਆਂ ਜ਼ਿਲਾ ਸਰਪ੍ਰਸਤ ਸੁਰਜੀਤ ਸਿੰਘ ਫਤਿਹਗੜ ਭਾਦਸੋਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀ ਸਖਤ ਆਲੋਚਨਾ ਕਰਦਿਆਂ ਕਿਹਾ ਕਿ ਜੇਕਰ ਕਿਸਾਨਾਂ ਨਾਲ ਕੀਤੇ ਵਾਅਦੇ ਤੁਰੰਤ ਪੂਰੇ ਨਾ ਕੀਤੇ ਗਏ ਤਾਂ ਅੱਜ ਦਾ ਇਹ ਸੰਕੇਤਕ ਧਰਨਾ ਇਕ ਵਿਸ਼ਾਲ ਸੰਘਰਸ਼ ਦਾ ਰੂਪ ਧਾਰਨ ਕਰ ਲਵੇਗਾ ਅਤੇ 9 ਅਗਸਤ ਤੋਂ 15 ਅਗਸਤ ਤੱਕ ਜੇਲ ਭਰੋ ਅੰਦੋਲਨ ਤਹਿਤ ਹਜ਼ਾਰਾਂ ਦੀ ਗਿਣਤੀ 'ਚ ਗ੍ਰਿਫਤਾਰੀਆਂ ਦੇ ਕੇ ਸਰਕਾਰ ਦੇ ਨੱਕ 'ਚ ਦਮ ਕਰ ਦਿੱਤਾ ਜਾਵੇਗਾ।
ਜ਼ਿਲਾ ਪ੍ਰਧਾਨ ਬਿਕਰਮਜੀਤ ਸਿੰਘ ਲੌਂਗੋਵਾਲ ਨੇ ਕਿਸਾਨਾਂ ਨੂੰ ਹਰ ਕੁਰਬਾਨੀ ਦੇਣ ਲਈ ਤਿਆਰ ਰਹਿਣ ਦੀ ਅਪੀਲ ਕੀਤੀ। ਉਨਾਂ ਮੰਗ ਕੀਤੀ ਕਿ ਡਾ. ਸਵਾਮੀਨਾਥਨ ਕਮੇਟੀ ਦੀ ਰਿਪੋਰਟ ਅਨੁਸਾਰ ਲਾਗਤ ਖਰਚਾ 50 ਪ੍ਰਤੀਸ਼ਤ ਮੁਨਾਫ ਨਾਲ ਕਿਸਾਨੀ ਜਿਨਸਾਂ ਦਾ ਭਾਅ ਤਹਿ ਕੀਤਾ ਜਾਵੇ ਅਤੇ ਸਾਰੀਆਂ ਫਸਲਾਂ ਦੀ ਸਰਕਾਰੀ ਖਰੀਦ ਯਕੀਨੀ ਬਣਾਈ ਜਾਵੇ, ਕਿਸਾਨਾਂ ਸਿਰ ਚੜਿਆ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ, ਖੇਤੀ ਲਗਤ ਵਸਤਾਂ ਨੂੰ ਜੀ. ਐਸ. ਟੀ. ਤੋਂ ਬਾਹਰ ਰੱਖਿਆ ਜਾਵੇ, ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਤੋਂ ਰੋਕਣ ਵਾਲੀ ਗਰੀਨ ਟ੍ਰਿਬਿਊਨਲ ਦੇ ਫੈਸਲੇ 'ਤੇ ਰੋਕ ਲਾਈ ਜਾਵੇ ਜਾਂ ਫਿਰ ਕਿਸਾਨਾਂ ਨੂੰ ਰਹਿੰਦ ਖੂੰਹਦ ਖਤਮ ਕਰਨ ਲਈ ਪੂਰਾ ਮੁਆਵਜ਼ਾ ਦਿੱਤਾ ਜਾਵੇ। ਲਾਵਾਰਿਸ ਪਸ਼ੂਆਂ ਅਤੇ ਕੁੱਤਿਆ ਦਾ ਪ੍ਰਬੰਧ ਤੇ ਸਾਂਭ ਸੰਭਾਲ ਆਪਣੇ ਪੱਧਰ 'ਤੇ ਕਰੇ।
ਇਸ ਦੌਰਾਨ ਇਕ ਮੰਗ ਪੱਤਰ ਡੀ. ਸੀ. ਰਾਹੀਂ ਪ੍ਰਧਾਨਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਭੇਜਣ ਲਈ ਸੌਂਪਿਆ ਗਿਆ।
ਇਸ ਮੌਕੇ 'ਤੇ ਜ਼ਿਲਾ ਜਨਰਲ ਸਕੱਤਰ ਗੁਰਬਖਸ਼ੀਸ਼ ਸਿੰਘ ਬਾਲਦ ਕਲਾਂ, ਬਲਜੀਤ ਜੌਲੀਆਂ, ਰਣਜੀਤ ਸਿੰਘ ਜੌਲੀਆਂ, ਜਸਵੀਰ ਸਿੰਘ ਨੰਦਗੜ, ਕਸ਼ਮੀਰ ਸਿੰਘ, ਭਗਵਾਨ ਸਿੰਘ, ਕਰਨੈਲ ਸਿੰਘ, ਰਣ ਸਿੰਘ ਚੱਠਾ, ਗੁਰਲਾਲ ਸਿੰਘ, ਬਾਰਾ ਸਿੰਘ, ਰਾਮ ਸਿੰਘ ਸ਼ਾਦਹਰੀ, ਭੀਮ ਸਿੰਘ ਕਡਿਆਲ ਆਦਿ ਮੌਜੂਦ ਸਨ।
