ਵਿਦਿਆਰਥੀਆਂ ਲਈ ਵੱਡੀ ਅਪਡੇਟ, 10ਵੀਂ ਦੇ ਸਰਟੀਫਿਕੇਟ ਲਈ ਪੂਰੀ ਕਰਨੀ ਪਵੇਗੀ ਨਵੀਂ ਸ਼ਰਤ

Wednesday, Jul 15, 2026 - 03:53 PM (IST)

ਵਿਦਿਆਰਥੀਆਂ ਲਈ ਵੱਡੀ ਅਪਡੇਟ, 10ਵੀਂ ਦੇ ਸਰਟੀਫਿਕੇਟ ਲਈ ਪੂਰੀ ਕਰਨੀ ਪਵੇਗੀ ਨਵੀਂ ਸ਼ਰਤ

ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਨੇ ਰਾਸ਼ਟਰੀ ਸਿੱਖਿਆ ਨੀਤੀ (ਐੱਨ. ਈ. ਪੀ.) 2020 ਦੇ ਅਨੁਕੂਲ ਨਵੀਂ ਭਾਸ਼ਾ ਨੀਤੀ ਲਾਗੂ ਕਰਦੇ ਸਕੂਲਾਂ ਨੂੰ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ’ਚ ਸੀ. ਬੀ. ਐੱਸ. ਈ. ਬੋਰਡ ਨੇ ਸਾਫ਼ ਕੀਤਾ ਹੈ ਕਿ ਵਿੱਦਿਅਕ ਸੈਸ਼ਨ 2027-28 ਤੋਂ ਜਮਾਤ 10ਵੀਂ ’ਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਤੀਜੀ ਭਾਸ਼ਾ (ਆਰ3) ਦੀ ਬੋਰਡ ਪ੍ਰੀਖਿਆ ਨਹੀਂ ਹੋਵੇਗੀ ਪਰ ਵਿਦਿਆਰਥੀਆਂ ਲਈ ਸਕੂਲ ਪੱਧਰ ’ਤੇ ਹੋਣ ਵਾਲੇ ਅਸੈਸਮੈਂਟ (ਸਕੂਲ ’ਚ ਹੋਣ ਵਾਲਾ ਇੰਟਰਨਲ ਅਸੈਸਮੈਂਟ) ’ਚ ਪਾਸ ਹੋਣਾ ਲਾਜ਼ਮੀ ਹੋਵੇਗਾ। ਜੇਕਰ ਵਿਦਿਆਰਥੀ ਇਸ ਅਸੈਸਮੈਂਟ ’ਚ ਪਾਸ ਨਹੀਂ ਹੁੰਦੇ ਹਨ ਤਾਂ ਉਨ੍ਹਾਂ ਨੂੰ ਜਮਾਤ 10ਵੀਂ ਦਾ ਪਾਸ ਸਰਟੀਫਿਕੇਟ ਜਾਰੀ ਨਹੀਂ ਕੀਤਾ ਜਾਵੇਗਾ। ਨਵੀਂ ਵਿਵਸਥਾ ਤਹਿਤ ਹੁਣ ਜਮਾਤ 9ਵੀਂ ਤੋਂ ਵਿਦਿਆਰਥੀਆਂ ਲਈ ਤਿੰਨ ਭਾਸ਼ਾਵਾਂ ਦਾ ਅਧਿਐਨ ਲਾਜ਼ਮੀ ਹੋਵੇਗਾ, ਜਿਨ੍ਹਾਂ ’ਚ ਘੱਟੋ-ਘੱਟ ਦੋ ਭਾਰਤੀ ਭਾਸ਼ਾਵਾਂ ਸ਼ਾਮਲ ਹੋਣਗੀਆਂ।

ਇਹ ਵੀ ਪੜ੍ਹੋ : ਪੰਜਾਬ ਦੇ 14 ਪਿੰਡਾਂ ਦੀਆਂ ਜ਼ਮੀਨਾਂ ਦਾ ਰਿਕਾਰਡ ਗਾਇਬ! ਰੁਕ ਗਿਆ ਇਹ ਵੱਡਾ ਪ੍ਰਾਜੈਕਟ

ਜੋ 9ਵੀਂ ’ਚ ਫੇਲ੍ਹ ਹੋਣਗੇ, ਉਨ੍ਹਾਂ ਨੂੰ 10ਵੀਂ ’ਚ ਇਸ ਨੂੰ ਪਾਸ ਕਰਨਾ ਹੋਵੇਗਾ

ਬੋਰਡ ਨੇ ਕਿਹਾ ਕਿ ਵਿਦਿਆਰਥੀਆਂ ਨੂੰ 10ਵੀਂ ਜਮਾਤ ’ਚ ਸਕੂਲ-ਬੇਸਡ ਆਰ3 ਅਸੈਸਮੈਂਟ ਪਾਸ ਕਰਨਾ ਹੋਵੇਗਾ। ਜੋ ਵਿਦਿਆਰਥੀ ਇੰਟਰਨਲ ਅਸੈਸਮੈਂਟ ’ਚ ਫੇਲ੍ਹ ਹੋ ਜਾਂਦੇ ਹਨ, ਉਨ੍ਹਾਂ ਨੂੰ ਬੋਰਡ ਦੇ ਫਾਈਨਲ ਨਤੀਜੇ ਦੇ ਐਲਾਨ ਤੋਂ ਪਹਿਲਾਂ ਆਪਣੇ ਸਕੂਲਾਂ ’ਚ ਦੁਬਾਰਾ ਅਸੈਸਮੈਂਟ ’ਚੋਂ ਲੰਘਣਾ ਹੋਵੇਗਾ। ਸੀ. ਬੀ. ਐੱਸ. ਈ. ਨੇ ਫਿਰ ਤੋਂ ਕਿਹਾ ਕਿ ਜੋ ਵਿਦਿਆਰਥੀ ਕਲਾਸ 9 ’ਚ ਸਕੂਲ-ਬੇਸਡ ਆਰ3 ਅਸੈਸਮੈਂਟ ’ਚ ਫੇਲ੍ਹ ਹੋ ਜਾਂਦੇ ਹਨ, ਨੂੰ ਰੋਕਿਆ ਨਹੀਂ ਜਾਵੇਗਾ। ਉਨ੍ਹਾਂ ਨੂੰ 2027-28 ਐਕਡਮਿਕ ਸਾਲ ’ਚ 10ਵੀਂ ਜਮਾਤ ’ਚ ਪ੍ਰਮੋਟ ਕੀਤਾ ਜਾਵੇਗਾ ਪਰ 10ਵੀਂ ਜਮਾਤ ’ਚ ਪੜ੍ਹਦੇ ਸਮੇਂ ਉਨ੍ਹਾਂ ਨੂੰ ਕਲਾਸ 9ਵੀਂ ਦਾ ਪੈਂਡਿੰਗ ਆਰ3 ਅਸੈਸਮੈਂਟ ਪਾਸ ਕਰਨਾ ਹੋਵੇਗਾ। ਇਹ ਸਪੱਸ਼ਟੀਕਰਨ ਸੀ. ਬੀ. ਐੱਸ. ਈ. ਦੇ 29 ਜੂਨ ਦੇ ਉਸ ਸਰਕੂਲਰ ਦੇ ਕੁੱਝ ਦਿਨਾਂ ਬਾਅਦ ਆਇਆ ਹੈ, ਜਿਸ ’ਚ ਨੈਸ਼ਨਲ ਐਜੂਕੇਸ਼ਨ ਪਾਲਿਸੀ (ਐੱਨ. ਈ. ਪੀ.) ਤਹਿਤ ਤਿੰਨ-ਭਾਸ਼ਾ ਫਾਰਮੂਲਾ ਲਾਗੂ ਕੀਤਾ ਗਿਆ ਸੀ। ਬਦਲੀ ਹੋਈ ਸਕੀਮ ਤਹਿਤ ਕਲਾਸ 6ਵੀਂ ਅਤੇ ਉਸ ਤੋਂ ਉੱਪਰ ਦੇ ਵਿਦਿਆਰਥੀਆਂ ਨੂੰ ਤਿੰਨ ਭਾਸ਼ਾਵਾਂ ਪੜ੍ਹਨੀਆਂ ਪੈਣਗੀਆਂ, ਜਿਨ੍ਹਾਂ ’ਚੋਂ ਦੋ ਭਾਰਤ ਦੀਆਂ ਮੂਲ ਭਾਸ਼ਾਵਾਂ ਹੋਣੀਆਂ ਚਾਹੀਦੀਆਂ ਹਨ। ਜੋ ਵਿਦਿਆਰਥੀ ਅਜੇ ਕਲਾਸ 7ਵੀਂ, 8ਵੀਂ ਅਤੇ 9ਵੀਂ ’ਚ ਹਨ ਅਤੇ ਜਿਨ੍ਹਾਂ ਨੇ ਪਹਿਲਾਂ ਹੀ ਇੰਗਲਿਸ਼ ਦੇ ਨਾਲ ਇੱਕ ਵਾਧੂ ਵਿਦੇਸ਼ੀ ਭਾਸ਼ਾ ਚੁਣੀ ਸੀ, ਨੂੰ ਉਸ ਨੂੰ ਜਾਰੀ ਰੱਖਣ ਦੀ ਇਜਾਜ਼ਤ ਹੋਵੇਗੀ ਪਰ ਉਨ੍ਹਾਂ ਨੂੰ ਭਾਰਤ ਦੀ ਮੂਲ ਤੀਜੀ ਭਾਸ਼ਾ ਵੀ ਪੜ੍ਹਨੀ ਪਵੇਗੀ। ਹੁਣ ਤੱਕ ਵਿਦਿਆਰਥੀ ਕਲਾਸ 8ਵੀਂ ਤੋਂ ਬਾਅਦ ਤੀਜੀ ਭਾਸ਼ਾ ਛੱਡ ਦਿੰਦੇ ਸਨ। ਬੋਰਡ ਨੇ ਸਾਰੇ ਸਬੰਧਿਤ ਸਕੂਲਾਂ ਨੂੰ ਨਵੀਂ ਗਾਈਡਲਾਈਨ ਦੀ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। 29 ਜੂਨ ਤੇ 10 ਜੁਲਾਈ ਦੇ ਸਰਕੂਲਰ ਇਸ ਨੂੰ 2026-27 ਐਕਡਮਿਕ ਯੀਅਰ ਤੋਂ ਕਲਾਸ 9ਵੀਂ ’ਚ ਤੇ 2027-28 ਤੋਂ 10ਵੀਂ ਜਮਾਤ ’ਚ ਲਾਜ਼ਮੀ ਬਣਾਉਂਦੇ ਹਨ। ਬਦਲੇ ਹੋਏ ਨਿਯਮ 2026-27 ’ਚ ਮੌਜੂਦਾ 10ਵੀਂ ਜਮਾਤ ਦੇ ਬੈਚ ’ਤੇ ਲਾਗੂ ਨਹੀਂ ਹੋਣਗੇ। ਉਨ੍ਹਾਂ ਨੂੰ ਤੀਜੀ ਭਾਸ਼ਾ ਪੜ੍ਹਨਾ ਲਾਜ਼ਮੀ ਨਹੀਂ ਰਹੇਗਾ।

ਇਹ ਵੀ ਪੜ੍ਹੋ : ਭੂਪੇਸ਼ ਬਘੇਲ ਹਾਈਕਮਾਨ ਅੱਗੇ ਰੱਖਣਗੇ ਪੰਜਾਬ ਦੌਰੇ ਦੀ ਪੂਰੀ ਰਿਪੋਰਟ, ਪ੍ਰਤਾਪ ਸਿੰਘ ਬਾਜਵਾ ਪੁੱਜੇ ਦਿੱਲੀ

47.3 ਫ਼ੀਸਦੀ ਸਕੂਲ ਪਹਿਲਾਂ ਤੋਂ ਹੀ ਦੋ ਜਾਂ ਉਸ ਤੋਂ ਵੱਧ ਭਾਰਤੀ ਭਾਸ਼ਾਵਾਂ ਪੜ੍ਹਾ ਰਹੇ

ਇਸ ਦੌਰਾਨ ਸੋਮਵਾਰ ਨੂੰ ਸੁਪਰੀਮ ਕੋਰਟ ਦੇ ਸਾਹਮਣੇ ਪਾਲਿਸੀ ਦਾ ਬਚਾਅ ਕਰਦੇ ਸੀ.ਬੀ.ਐੱਸ.ਈ. ਨੇ ਕਿਹਾ ਕਿ ਉਸ ਦੇ 28,848 ਐਫ਼ੀਲੀਏਟਿਡ ਸਕੂਲਾਂ ’ਚੋਂ 47.3 ਫ਼ੀਸਦੀ ਸਕੂਲ ਪਹਿਲਾਂ ਤੋਂ ਹੀ ਕਲਾਸ 9ਵੀਂ ਦੇ ਵਿਦਿਆਰਥੀਆਂ ਨੂੰ ਦੋ ਜਾਂ ਉਸ ਤੋਂ ਵੱਧ ਭਾਰਤੀ ਭਾਸ਼ਾਵਾਂ ਪੜ੍ਹਾਉਂਦੇ ਹਨ ਅਤੇ ਇਸ ਲਈ ਬਿਨਾਂ ਕਿਸੇ ਵਾਧੂ ਅਧਿਆਪਕ ਦੇ ਤਿੰਨ-ਭਾਸ਼ਾ ਦੀ ਲੋੜ ਦਾ ਪੂਰੀ ਤਰ੍ਹਾਂ ਪਾਲਣ ਕਰਦੇ ਹਨ। ਇਹ ਵੀ ਦੱਸਿਆ ਗਿਆ ਕਿ ਸੀ.ਬੀ.ਐੱਸ.ਈ. ਨਾਲ ਜੁੜੇ 99.19 ਫ਼ੀਸਦੀ ਸਕੂਲਾਂ ’ਚ ਘੱਟੋ-ਘੱਟ ਇੱਕ ਭਾਰਤੀ ਭਾਸ਼ਾ ਦਾ ਅਧਿਆਪਕ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
 


author

Babita

Content Editor

Related News