ਅਹਿਮ ਖ਼ਬਰ : ਵਿਜੀਲੈਂਸ ਬਿਊਰੋ ਖ਼ਿਲਾਫ਼ ਪੰਜਾਬ ਦੇ ਐਕਸਾਈਜ਼ ਵਿਭਾਗ ਦੇ ਸਮੂਹ ਮੁਲਾਜ਼ਮ ਅੱਜ ਤੋਂ ਹੜਤਾਲ ’ਤੇ
Monday, Nov 07, 2022 - 09:51 AM (IST)

ਚੰਡੀਗੜ੍ਹ/ਅੰਮ੍ਰਿਤਸਰ (ਰਮਨਜੀਤ ਸਿੰਘ, ਇੰਦਰਜੀਤ) : ਪੰਜਾਬ ਸਰਕਾਰ ਦੇ ਕਰ ਤੇ ਆਬਕਾਰੀ ਵਿਭਾਗ 'ਚ ਵੱਡੀ ਹਲਚਲ ਮਚ ਗਈ ਹੈ। ਵਿਜੀਲੈਂਸ ਬਿਊਰੋ ਵੱਲੋਂ ਹਾਲ ਹੀ 'ਚ ਦਰਜ ਕੀਤੀਆਂ 2 ਐੱਫ਼. ਆਈ. ਆਰਜ਼ ਖ਼ਿਲਾਫ਼ ਰੋਸ ਦਾ ਪ੍ਰਗਟਾਵਾ ਕਰਦਿਆਂ ਵੱਖ-ਵੱਖ ਅਧਿਕਾਰੀ ਤੇ ਮੁਲਾਜ਼ਮ ਯੂਨੀਅਨਾਂ ਨੇ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਮੁਲਾਜ਼ਮ ਜੱਥੇਬੰਦੀਆਂ ਦਾ ਕਹਿਣਾ ਹੈ ਕਿ ਵਿਜੀਲੈਂਸ ਬਿਊਰੋ ਵੱਲੋਂ ਨਾਜਾਇਜ਼ ਤੌਰ ’ਤੇ ਟੈਕਸ ਵਸੂਲੀ ਨਾਲ ਸਬੰਧਿਤ ਕੰਮ ਪ੍ਰਭਾਵਿਤ ਕੀਤਾ ਜਾ ਰਿਹਾ ਹੈ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਅਜਿਹੇ ਮਾਹੌਲ 'ਚ ਕੋਈ ਵੀ ਅਧਿਕਾਰੀ-ਮੁਲਾਜ਼ਮ ਕੰਮ ਨਹੀਂ ਕਰਨਾ ਚਾਹੁੰਦਾ, ਇਸ ਲਈ ਸੋਮਵਾਰ 7 ਨਵੰਬਰ ਨੂੰ ਟੈਕਸ ਜਾਂਚ ਸਬੰਧੀ ਕੋਈ ਕੰਮ ਨਹੀਂ ਹੋਵੇਗਾ ਅਤੇ ਨਾ ਹੀ ਸੜਕਾਂ ’ਤੇ ਟੈਕਸ ਸਬੰਧੀ ਵਾਹਨਾਂ ਦੀ ਚੈਕਿੰਗ ਹੋਵੇਗੀ। ਜੇਕਰ 8 ਨਵੰਬਰ ਤੱਕ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਸਮੁੱਚੇ ਵਿਭਾਗ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪਰਾਲੀ ਦੀ ਸਾਂਭ-ਸੰਭਾਲ ਤੇ ਕਣਕ ਦੀ ਸਿੱਧੀ ਬਿਜਾਈ ਲਈ ਸਬਸਿਡੀ 'ਤੇ ਮਸ਼ੀਨਾਂ ਖ਼ਰੀਦਣ ਦੀ ਮਿਆਦ 'ਚ ਵਾਧਾ
ਵਿਭਾਗ ਦੀ ਸੀਨੀਅਰ ਆਫ਼ੀਸਰਜ਼ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਭੁਪਿੰਦਰ ਭਾਟੀਆ, ਈ. ਟੀ. ਓ. ਐਸੋਸੀਏਸ਼ਨ ਦੇ ਪ੍ਰਧਾਨ ਬਲਦੀਪ ਕਰਨ ਸਿੰਘ, ਈ. ਟੀ. ਓ. ਐਸੋਸੀਏਸ਼ਨ ਦੀ ਉਪ ਪ੍ਰਧਾਨ ਭਾਵਨਾ ਹਾਂਡਾ, ਇੰਸਪੈਕਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਰਾਏ ਅਤੇ ਮਨਿਸਟਰੀਅਲ ਸਟਾਫ਼ ਦੇ ਮੁਖੀ ਖੁਸ਼ਕਰਨਜੀਤ ਸਿੰਘ ਤੇ ਹੋਰ ਅਹੁਦੇਦਾਰਾਂ ਨੇ ਇਕ ਬੈਠਕ ਕਰਕੇ ਇਹ ਫ਼ੈਸਲਾ ਲਿਆ।
ਨੋਟ : ਇਸ ਖ਼ਬਰ ਸੰਬਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ